ਸਾਹਿਬਜਾਦਾ ਅਜੀਤ ਸਿੰਘ ਨਗਰ ਸਥਿਤ ਪੀ.ਸੀ.ਏ ਸਟੇਡੀਅਮ ਦੇ ਸਾਹਮਣੇ ਫੇਜ਼ -9 ਵਿਖੇ 41 ਕਰੋੜ ਰੁਪਏ ਦੀ ਲਾਗਤ ਨਾਲ ਤਕਰੀਬਨ 12 ਏਕੜ ਵਿੱਚ ਬਣਾਇਆ ਜਾ ਰਿਹਾ ਵਿਸ਼ਵ ਪੱਧਰੀ ਹਾਕੀ ਸਟੇਡੀਅਮ ਅਤਿ ਅਧੁਨਿਕ ਸਹੂਲਤਾਂ ਨਾਲ ਲੈਸ ਹੇਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਲੋਕ ਨਿਰਮਾਣ ਵਿਭਾਗ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਾਕੀ ਸਟੇਡੀਅਮ ਦਾ ਕੰਮ ਅੰਤਿਮ ਪੜਾਅ ਤੇ ਹੈ ਅਤੇ ਇਹ ਜਲਦੀ ਹੀ ਮੁਕੰਮਲ ਹੋ ਜਾਵੇਗਾ। ਜਿਸ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ। ਇਹ ਹਾਕੀ ਸਟੇਡੀਅਮ ਆਪਣੀ ਨਵੇਕਲੀ ਕਿਸਮ ਦਾ ਅਤਿ ਅਧੁਨਿਕ ਹਾਕੀ ਸਟੇਡੀਅਮ ਹੋਵੇਗਾ। ਲੋਕ ਨਿਰਮਾਣ ਵਿਭਾਗ ਦੇ ਬੁਲਾਰੇ ਨੇ ਅੱਗੋ ਦੱਸਿਆ ਕਿ ਇਸ ਵਿਸ਼ਵ ਪੱਧਰੀ ਹਾਕੀ ਸਟੇਡੀਅਮ ਵਿੱਚ 15 ਹਜ਼ਾਰ ਦਰਸ਼ਕਾਂ ਦੇ ਬੈਠਣ ਦਾ ਇੰਤਜਾਮ ਕੀਤਾ ਗਿਆ ਹੈ। ਦਰਸ਼ਕਾਂ ਦੇ ਬੈਠਣ ਲਈ ਅਤਿ ਅਧੁਨਿਕ ਕਿਸਮ ਦੀਆਂ ਅਰਾਮ ਦਾਇਕ ਕੁਰਸੀਆਂ ਲਗਾਉਣ ਦਾ ਕੰਮ ਮੁਕੰਮਲ ਹੋ ਚੁਕਾ ਹੈ।
ਇਸ ਤੋਂ ਇਲਾਵਾ ਇਸ ਸਟੇਡੀਅਮ ਵਿੱਚ 200 ਵੀ.ਵੀ.ਆਈ.ਪੀਜ਼ ਲਈ ਵੀ ਰਾਖਵੀਆਂ ਸੀਟਾਂ ਦੀ ਵਿਵਸਥਾ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸਟੇਡੀਅਮ ਦੇ ਉੱਤਰੀ ਹਿੱਸੇ ਵਿੱਚ ਖਡਾਰੀਆਂ ਵਾਸਤੇ ਚੇਜਿੰਗ ਰੂਮ, ਡਾਕਟਰੀ ਸਹਾਇਤਾ ਲਈ ਫਾਸਟਏਡ ਰੂਮ ਅਤੇ ਡੋਪ ਟੈਸਟਿੰਗ ਲੈਬਾਰਟਰੀ ਦੀ ਵਿਵਸਥਾ ਕੀਤੀ ਗਈ ਹੈ। ਸਟੇਡੀਅਮ ਦੇ ਪੂਰਬੀ ਹਿੱਸੇ ਵਿੱਚ ਰੈਸਟੋਰੈਂਟ, ਜਿੰਮ, ਕੈਨਟੀਨ ਅਤੇ ਪੱਛਮੀ ਹਿੱਸੇ ਵਿੱਚ ਦਫ਼ਤਰ ਤੇ ਵੀ.ਵੀ.ਆਈ ਪੀ ਗੈਲਰੀ ਅਤੇ ਦੱਖਣੀ ਹਿੱਸੇ ਵਿੱਚ ਬਿਜਲੀ ਅਤੇ ਹੋਰ ਸੇਵਾਵਾਂ ਮੁਹੱਇਆ ਕਰਵਾਉਣ ਦੀ ਵਿਵਸ਼ਥਾ ਕੀਤੀ ਗਈ ਹੈ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 41 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਇਸ ਵਿਸ਼ਵ ਪੱਧਰੀ ਹਾਕੀ ਸਟੇਡੀਅਮ ਤੇ 35 ਕਰੋੜ ਰੁਪਏ ਲੋਕ ਨਿਰਮਾਣ ਵਿਭਾਗ ਵੱਲੋ ਅਤੇ 6 ਕਰੋੜ ਰੁਪਏ ਖੇਡ ਵਿਭਾਗ ਪੰਜਾਬ ਅਤੇ ਮੰਡੀ ਬੋਰਡ ਪੰਜਾਬ ਵੱਲੋਂ ਖਰਚ ਕੀਤੇ ਜਾ ਰਹੇ ਹਨ। ਬੁਲਾਰੇ ਨੇ ਅੱਗੋ ਦੱਸਿਆ ਕਿ ਇਸ ਅਤਿ ਅਧੁਨਿਕ ਕਿਸਮ ਦੇ ਸਟੇਡੀਅਮ ਵਿੱਚ ਲੰਡਨ ਦੇ ਹਾਕੀ ਸਟੇਡੀਅਮ ਦੀ ਤਰਜ਼ ਤੇ ਅਸਟਰੋਟਰਫ ਬਿਛਾਇਆ ਜਾਵੇਗਾ। ਜਿਸ ਦੀਆਂ ਤਿਆਰੀਆਂ ਚਲ ਰਹੀਆਂ ਹਨ। ਸਟੇਡੀਅਮ ਵਿੱਚ ਰਾਤ ਨੂੰ ਖੇਡਣ ਲਈ ਫਲੱਡ ਲਾਈਟਾਂ ਲਗਾਉਣ ਦਾ ਕੰਮ ਵੀ ਮੁਕੰਮਲ ਹੋ ਚੁੱਕਾ ਹੈ।