ਪਸ਼ੂਧਨ ਦਾ ਪੰਜਾਬ ਦੀ ਆਰਥਿਕਤਾ ਵਿੱਚ ਬਹੁਤ ਵੱਡਾ ਯੋਗਦਾਨ ਹੈ ਪੰਜਾਬ ਸਰਕਾਰ ਵੱਲੋਂ ਹਰ ਸਾਲ ਪਸ਼ੂਧਨ ਚੈਪੀਅਨਸ਼ਿਪ ਕਰਾਉਣ ਨਾਲ ਪਸ਼ੂ ਪਾਲਕਾਂ ਦੇ ਨਾਲ-ਨਾਲ ਲੋਕਾਂ ਵਿੱਚ ਵੀ ਪਸ਼ੂ ਪਾਲਣ ਦੇ ਕਿੱਤੇ ਲਈ ਉਤਸਾਹ ਪੈਦਾ ਹੋਇਆ ਹੈ ਅਤੇ ਇਸ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਚੇਅਰਪਰਸ਼ਨ ਜ਼ਿਲ੍ਹਾ ਯੋਜਨਾ ਕਮੇਟੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਨੇੜਲੇ ਪਿੰਡ ਚੱਪੜਚਿੱੜੀ ਵਿਖੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲੇ-2014 ਦਾ ਉਦਘਾਟਨ ਕਰਨ ਉਪਰੰਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਬੀਬੀ ਰਾਮੂਵਾਲੀਆ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਜ਼ਿਲ੍ਹਾ ਪੱਧਰੀ ਪਸ਼ੂਧਨ ਮੁਕਾਬਲੇ ਕਰਾਉਣ ਦਾ ਮੁੱਖ ਮੰਤਵ ਪਸ਼ੂ ਪਾਲਕਾਂ ਨੂੰ ਵਿਸ਼ਵ ਪੱਧਰ ਤੇ ਦੁੱਧਾਰੂ ਪਸ਼ੂਆਂ ਦੀ ਨਸ਼ਲ ਸੁਧਾਰ ਸਬੰਧੀ ਨਵੀਆਂ ਤਕਨੀਕਾਂ ਤੋਂ ਪਸ਼ੂ ਪਾਲਕਾਂ ਨੂੰ ਜਾਣੂੰ ਕਰਾਉਣਾ ਅਤੇ ਵਿਗਿਆਨਕ ਢੰਗ ਤਰੀਕਿਆਂ ਨਾਲ ਪਸ਼ੂ ਪਾਲਣ ਦੇ ਧੰਦੇ ਨੂੰ ਅਪਣਾ ਕੇ ਵਧੇਰੇ ਮੁਨਾਫਾ ਕਮਾਉਣ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਪੁੱਜ ਕੇ ਵੱਧ ਤੋਂ ਵੱਧ ਲਾਹਾਂ ਲੈਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਇਹ ਵੀ ਆਖਿਆ ਕਿ ਪੰਜਾਬ ਵਿੱਚ ਹੁਣ ਰਿਵਾਇਤੀ ਫਸਲਾ ਲਾਹੇਵੰਦ ਨਹੀਂ ਰਹੀਆਂ ਅਤੇ ਕਿਸਾਨਾਂ ਨੂੰ ਪਸ਼ੂ ਪਾਲਣ ਦੇ ਨਾਲ-ਨਾਲ ਡੇਅਰੀ ਅਤੇ ਹੋਰ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੀ ਆਰਥਿਕਤਾ ਮਜਬੂਤ ਹੋ ਸਕੇ। ਉਨ੍ਹਾਂ ਇਸ ਮੌਕੇ ਦੱਸਿਆ ਕਿ ਇਸ ਦੋ ਰੋਜ਼ਾ ਪਸ਼ੂਧਨ ਮੁਕਾਬਲਿਆਂ ਦੇ ਜੇਤੂ ਪਸ਼ੂ ਪਾਲਕਾਂ ਨੂੰ 5.50 ਲੱਖ ਰੁਪਏ ਦੇ ਇਨਾਮ ਵੀ ਵੰਡੇ ਜਾਣਗੇ। ਇਸ ਤੋਂ ਪਹਿਲਾ ਉਨ੍ਹਾਂ ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ, ਖੇਤੀਬਾੜੀ ਵਿਭਾਗ ਅਤੇ ਹੋਰਨਾਂ ਵਿਭਾਗਾਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ।
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਨਿਲ ਕੁਮਾਰ ਸ਼ਰਮਾ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਇਸ ਦੋ ਰੋਜ਼ਾ ਪਸ਼ੂਧਨ ਮੁਕਾਬਲਿਆਂ ਵਿੱਚ ਪਸ਼ੂਧਨ ਦੇ ਨਾਲ-ਨਾਲ ਦੁੱਧ ਚੁਆਈ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਦੇ ਪਹਿਲੇ ਦਿਨ ਮਲਕੀਤ ਡੇਅਰੀ ਫਾਰਮ ਗੜਾਗਾਂ ਦੀ ਸਭ ਤੋਂ ਵਧੀਆਂ ਜਰਸੀ ਕਰਾਸ ਗਾਂ ਨੇ ਪਹਿਲਾ ਇਨਾਮ ਹਾਸਲ ਕੀਤਾ ਅਤੇ ਦੂਜੇ ਨੰਬਰ ਤੇ ਕੁਲਦੀਪ ਸਿੰਘ ਪਿੰਡ ਤਗੌਰੀ ਦੀ ਗਾਂ ਰਹੀ ਜਦਕਿ ਤੀਸਰਾ ਸਥਾਨ ਕੁਲਵੰਤ ਸਿੰਘ ਸਿਗਾਰੀਵਾਲਾ ਦੀ ਗਾਂ ਨੇ ਹਾਸ਼ਲ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪੁੱਜੇ ਪਸ਼ੂਆਂ ਲਈ ਪੁਖੱਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਪਸ਼ੂ ਪਾਲਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਜਥੇਦਾਰ ਬਲਜੀਤ ਸਿੰਘ ਕੁੰਭੜਾ, ਚੇਅਰਮੈਨ ਬਲਾਕ ਸੰਮਤੀ ਖਰੜ ਸ੍ਰੀ ਰੇਸ਼ਮ ਸਿੰਘ, ਵਾਇਸ ਚੇਅਰਮੈਨ ਇਨਫੋਟੈਕ ਸ੍ਰੀ ਖੁਸਵੰਤ ਰਾਏ ਗੀਗਾ, ਵਾਇਸ ਚੇਅਰਮੈਨ ਲੇਬਰਫੈੱਡ ਸ੍ਰ: ਪਰਮਿੰਦਰ ਸਿੰਘ ਸੋਹਾਣਾ, ਜ਼ਿਲ੍ਹਾ ਮੰਡੀ ਅਫ਼ਸਰ ਸ੍ਰ: ਬੇਅੰਤ ਸਿੰਘ, ਸਕੱਤਰ ਜ਼ਿਲ੍ਹਾ ਪੀ੍ਰਸ਼ਦ ਸ੍ਰੀ ਰਵਿੰਦਰ ਸਿੰਘ ਸੰਧੂ, ਸੀਨੀਅਰ ਵੈਟਰਨਰੀ ਅਫ਼ਸਰ ਡਾ. ਗੁਰਦੀਪ ਸਿੰਘ, ਡਾ. ਨਿਰਮਲ ਸੈਣੀ, ਸਾਬਕਾ ਸਰਪੰਚ ਚੱਪੜਚਿੜੀ ਸ੍ਰ: ਜੋਰਾ ਸਿੰਘ ਗਿੱਲ ਸਮੇਤ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।