ਜਗਤਪੁਰਾ ਨੇੜੇਓ ਲੰਘਦੇ ਮੋਹਾਲੀ ਚੋਅ ਤੇ 3 ਕਰੋੜ 41 ਲੱਖ 44 ਹਜ਼ਾਰ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਉੱਚ ਪੱਧਰੀ ਪੁਲ ਜਿਸ ਦੀ ਲੰਬਾਈ 182.43 ਫੁੱਟ ਅਤੇ ਚੌੜਾਈ 42 ਫੁੱਟ ਹੈ ਦੀ ਉਸਾਰੀ ਦਾ ਨਿਰਮਾਣ ਕਾਰਜ਼ ਤੇਜ਼ੀ ਨਾਲ ਚਲ ਰਿਹਾ ਹੈ ਅਤੇ ਇਹ ਪੁਲ ਆਵਾਜਾਈ ਲਈ 15 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕਰਕੇ ਲੋਕ ਅਰਪਣ ਕਰ ਦਿੱਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਜਗਤਪੁਰਾ ਵਿਖੇ ਬਣਾਏ ਜਾ ਰਹੇ ਪੁਲ ਦੀ ਉਸਾਰੀ ਦੇ ਨਿਰਮਾਣ ਕਾਰਜ਼ਾਂ ਦਾ ਮੌਕੇ ਤੇ ਜਾ ਕੇ ਜਾਇਜ਼ਾ ਲੈਣ ਉਪਰੰਤ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪੁਲ ਦੀ ਉਸਾਰੀ ਮੁਕੰਮਲ ਹੋਣ ਨਾਲ ਜਗਤਪੁਰਾ -ਬਾਕਰਪੁਰ ਸੜਕ ਤੇ ਆਵਾਜਾਈ ਆਮ ਵਾਂਗ ਬਹਾਲ ਹੋ ਜਾਵੇਗੀ ਜਿਸ ਨਾਲ ਨੇੜਲੇ ਕਰੀਬ 30 ਪਿੰਡਾਂ ਨੂੰ ਸਹੂਲਤ ਮਿਲੇਗੀ ਅਤੇ ਮੋਹਾਲੀ ਤੋਂ ਲੋਕ ਜ਼ੀਰਕਪੁਰ, ਡੇਰਾਬੱਸੀ ਆਦਿ ਜਾਣ ਲਈ ਚੰਡੀਗੜ੍ਹ ਦੀ ਬਜਾਏ ਇਸ ਸੜਕ ਰਾਹੀਂ ਆ ਜਾ ਸਕਣਗੇ।
ਚੇਅਰਪਰਸਨ ਨੇ ਦੱਸਿਆ ਕਿ ਮੋਹਾਲੀ ਚੋਅ ਤੇ ਪੁਰਾਣੇ ਪੁਲ ਦੀ ਹਾਲਤ ਖਸਤਾ ਹੋ ਚੁੱਕੀ ਸੀ ਅਤੇ ਜਿਸ ਨੂੰ ਅਸੁਰੱਖਿਅਤ ਵੀ ਐਲਾਨਿਆ ਜਾ ਚੁੱਕਾ ਸੀ । ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਚੋਅ ਤੇ ਸੁਰੱਖਿਅਤ ਪੁਲ ਨਾ ਹੋਣ ਕਾਰਨ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਉਨ੍ਹਾਂ ਨੂੰ ਐਸ.ਏ.ਐਸ.ਨਗਰ ਆਉਣ-ਜਾਣ ਲਈ ਚੰਡੀਗੜ੍ਹ ਰਾਹੀਂ ਜਾਂ ਹੋਰ ਦੂਰ-ਦੁਰਾਡੇ ਦੀਆਂ ਸੜਕਾਂ ਦਾ ਰਾਹ ਅਪਨਾਉਣਾ ਪੈਂਦਾ ਸੀ ਜਿਸ ਕਾਰਨ ਸਮੇਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਭਾਂਵੇ ਚੋਅ ਤੇ ਆਰਜੀ ਪੁਲ ਵੀ ਬਣਾਇਆ ਹੋਇਆ ਹੈ ਪਰੰਤੂ ਅਕਾਲੀ ਭਾਜਪਾ ਸਰਕਾਰ ਵੱਲੋਂ ਲੋਕਾਂ ਦੀ ਆਵਾਜਾਈ ਦੀ ਸਮੱਸਿਆ ਦੇ ਪੱਕੇ ਹੱਲ ਅਤੇ ਛੋਟੇ ਤੇ ਵੱਡੇ ਵਾਹਨਾਂ ਦਾ ਆਵਾਜਾਈ ਲਈ ਉੱਚ ਪੱਧਰੀ ਪੁਲ ਦੀ ਉਸਾਰੀ ਦਾ ਫੈਸਲਾ ਲਿਆ ਗਿਆ। ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਇਸ ਪੁਲ ਦੀ ਉਸਾਰੀ ਦਾ ਕੰਮ ਨਵੀਆਂ ਅਧੁਨਿਕ ਤਕਨੀਕਾਂ ਨਾਲ ਕਰਵਾਇਆ ਜਾ ਰਿਹਾ ਹੈ ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਜ਼ਿਆਦਾ ਪਾਣੀ ਦੇ ਵਹਾਅ ਕਾਰਨ ਇਸ ਪੁਲ ਨੂੰ ਕੋਈ ਨੁਕਸਾਨ ਨਾ ਪੁੱਜੇ ਅਤੇ ਇਸ ਪੁਲ ਤੇ ਆਵਾਜਾਈ ਆਮ ਵਾਂਗ ਰਹੇ । ਇਸ ਮੌਕੇ ਲੋਕ ਨਿਰਮਾਣ ਵਿਭਾਗ ਪੰਜਾਬ ਦੇ ਐਕਸੀਅਨ ਸ੍ਰੀ ਗੁਰਸੇਵਕ ਸਿੰਘ ਸੰਘਾ ਨੇ ਦੱਸਿਆ ਕਿ ਪੁਲ ਦੇ ਨਿਰਮਾਣ ਕਾਰਜ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਪੁਲ ਦੇ ਦੋਵੇਂ ਪਾਸੇ ਪਹੁੰਚ ਰਸਤਿਆਂ ਦਾ ਕੰਮ ਵੀ ਜਲਦੀ ਹੀ ਪੂਰਾ ਹੋ ਜਾਵੇਗਾ।
ਇਸ ਪੁਲ ਦੀ ਉਸਾਰੀ ਦਾ ਕੰਮ ਮਿੱਥੇ ਸਮੇਂ ਚ ਪੂਰਾ ਕਰਨ ਅਤੇ ਨਿਰਮਾਣ ਕਾਰਜ ਮਿਆਰੀ ਹੋਣ ਨੂੰ ਯਕੀਨੀ ਬਣਾਇਆ ਹੋਇਆ ਹੈ ਜਿਸ ਲਈ ਉਸਾਰੀ ਦੌਰਾਨ ਵਰਤੀ ਜਾ ਰਹੀ ਸਮੱਗਰੀ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ। ਇਸ ਮੌਕੇ ਲੋਕ ਨਿਰਮਾਣ ਵਿਭਾਗ ਪੰਜਾਬ ਦੇ ਐਸ.ਡੀ.ਓ ਸ੍ਰੀ ਜਸਵਿੰਦਰ ਸਿੰਘ ਸਿੱਧੂ, ਸ਼ੋਮਣੀ ਅਕਾਲੀ ਦਲ ਦੇ ਜਿਲਾ੍ਹ ਸ਼ਹਿਰੀ ਪ੍ਰਧਾਨ ਸ. ਜੋਗਿੰਦਰ ਸਿੰਘ ਸਲੈਚ, ਕੌਮੀ ਜਥੇਬੰਦਕ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਜਥੇਦਾਰ ਬਲਜੀਤ ਸਿੰਘ ਕੁੰਭੜਾ, ਵਿੱਕੀ ਭਬਾਤ, ਗੁਰਇਕਬਾਲ ਸਿੰਘ ਗੁਰੀ, ਬਲਦੇਵ ਸਿੰਘ ਮੱਲਾ, ਅਵਤਾਰ ਸਿੰਘ ਜਗਤਪੁਰਾ, ਹਰਜਿੰਦਰ ਸਿੰਘ ਸੋਹਲ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ ਸਮੇਤ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ।