ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੱਟ ਮਹਾਂ ਪੰਜਾਬ ਇਕਾਈ ਦੀ ਮੀਟਿੰਗ ਪੰਜਾਬ ਪ੍ਰਧਾਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਅਗਵਾਈ ਹੇਠ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਹੋਈ। ਇਸ ਮੌਕੇ ਜੱਟ ਮਹਾਂ ਦੇ ਵੱਖ-ਵੱਖ ਅੱਹੁਦੇਦਾਰਾਂ ਨੇ ਆਪਣੇ-ਆਪਣੇ ਵਿਚਾਰ ਰੱਖੇ। ਜੱਟ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਸਾਡੇ ਮਾਣ ਵਾਲੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੱਟਾਂ ਨੂੰ ਆਪਣੀ ਗੱਲ ਰੱਖਣ ਦਾ ਇੱਕ ਪਲੇਟਫਾਰਮ ਦਿੱਤਾ ਹੈ, ਜਿਸ ਦੇ ਜਰੀਏ ਅਸੀਂ ਜੱਟਾਂ ਦੀ ਗੱਲ ਸਰਕਾਰ ਦੇ ਕੰਨ੍ਹਾਂ ਤੱਕ ਪੰਹੁਚਾ ਸਕਦੇ ਹਾਂ। ਸ. ਢਿੱਲੋਂ ਨੇ ਜੱਟ ਰਾਖਵਾਂਕਰਨ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਬਾਦਲ ਸਰਕਾਰ ਸੌੜੀ ਸੋਚ ਰਾਹੀਂ ਜੱਟਾਂ ਦੇ ਹੱਕ ਮਾਰ ਰਹੀ ਹੈ, ਜਦਕਿ ਜੱਟ ਵਸੋਂ ਵਾਲੇ ਦੇਸ਼ ਦੇ 9 ਸੂਬਿਆਂ ਵਿੱਚ ਜੱਟ ਰਾਖਵਾਂਕਰਨ ਲਾਗੂ ਹੈ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਵੀ ਇਸ ਨੂੰ ਸਹੀ ਠਹਿਰਾਇਆ ਹੈ ਪਰ ਸ. ਬਾਦਲ ਆਪਣੀ ਘਟੀਆ ਰਾਜਨੀਤੀ ਤਹਿਤ ਸਿਆਸਤ ਰਾਹੀਂ ਜੱਟਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੇ ਹਨ। ਇੱਕ ਸਵਾਲ ਦੇ ਜਵਾਬ 'ਚ ਸ. ਢਿੱਲੋਂ ਨੇ ਕਿਹਾ ਕਿ ਜੱਟ ਮਹਾਂ ਸਭਾ ਕੋਈ ਰਾਜਨੀਤਿਕ ਜਥੇਬੰਦੀ ਨਹੀਂ, ਜੱਟ ਮਹਾਂ ਸਭਾ ਜੱਟਾਂ ਦੇ ਹਿੱਤਾਂ ਦੀ ਰਾਖੀ ਕਰਨ ਖਾਤਰ ਬਣੀ ਹੈ।
ਇਸ ਮੌਕੇ ਜੱਟ ਮਹਾਂ ਸਭਾ ਲੁਧਿਆਣਾ ਦੇ ਪ੍ਰਧਾਨ ਦਮਨਜੀਤ ਸਿੰਘ ਮੋਹੀ ਨੇ ਸੱਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਲੇਠੀ ਮੀਟਿੰਗ ਲੁਧਿਆਣਾ ਵਿੱਚ ਰੱਖਣ 'ਤੇ ਮੈਂ ਕੌਮੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਧਾਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦਾ ਧੰਨਵਾਦੀ ਹਾਂ। ਸ. ਮੋਹੀ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਜੱਟਾਂ ਅਤੇ ਕਿਸਾਨਾਂ ਦੇ ਹਿੱਤਾਂ ਖਾਤਰ ਬਹੁਤ ਕੰਮ ਕੀਤੇ ਚਾਹੇ ਨੂੰ ਪੰਜਾਬ ਦੇ ਪਾਣੀਆਂ ਦਾ ਮਸਲਾ ਸੀ, 8 ਘੰਟੇ ਲਗਾਤਾਰ ਬਿਜਲੀ ਦਾ ਮਾਮਲਾ ਜਾਂ ਮੰਡੀਆਂ 'ਚ ਫਸਲਾਂ ਦੀ ਸਮੇਂ ਸਿਰ ਅਦਾਇਗੀ ਦਾ, ਇਸ ਲਈ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦਈਏ ਅਤੇ ਜੱਟ ਮਹਾਂ ਸਭਾ ਦੇ ਜਰੀਏ ਜੱਟਾਂ ਨੂੰ ਜੱਟਾਂ ਦੇ ਹੱਕ ਲੈ ਕੇ ਦਈਏ। ਇਸ਼ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਹਿਰੋ, ਤੇਜਪ੍ਰੀਤ ਸਿੰਘ ਪੀਟਰ, ਸੋਨੀ ਗਿੱਲ, ਭੁਪਿੰਦਰ ਸਿੰਘ ਰੰਧਾਵਾ ਅੰਮ੍ਰਿਤਸਰ, ਜਸਵੰਤ ਸਿੰਘ ਚੌਟਾਲਾ ਹੁਸ਼ਿਆਰਪੁਰ, ਨਰਿੰਦਰ ਸਿੰਘ ਕੋਪਾ ਮੁਕਤਸਰ ਸਾਹਿਬ, ਅਮਰੀਕ ਸਿੱਧੂ ਫਿਰੌਜ਼ਪੁਰ, ਸੁਰਜੀਤ ਬਾਬਾ ਫਿਰੌਜ਼ਪੁਰ, ਰਵੀ ਗਰੇਵਾਲ, ਗੁਰਸਿਮਰਨ ਸਿੰਘ ਮੰਡ, ਸਤਿੰਦਰ ਸਿੰਘ ਸੱਠਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅੱਹੁਦੇਦਾਰ ਹਾਜਰ ਸਨ।