ਬੀਤੇ ਸਮੇਂ ਜੰਮੂ ਕਸ਼ਮੀਰ ਵਿੱਚ ਪੈਦਾ ਹੋਏ ਹੜ੍ਹ ਰੂਪੀ ਕੁਦਰਤੀ ਸੰਕਟ ਤੋਂ ਬਾਅਦ ਪੈਦਾ ਹੋਈ ਸਥਿਤੀ ਵਿੱਚੋਂ ਆਮ ਲੋਕਾਂ ਨੂੰ ਕੱਢਣ ਲਈ ਸਾਰੇ ਦੇਸ਼ ਵਾਸੀਆਂ ਨੇ ਭਾਰਤੀ ਫੌਜ ਨਾਲ ਮਿਲ ਕੇ ਵੱਡੀ ਪੱਧਰ 'ਤੇ ਰਾਹਤ ਕਾਰਜ ਚਲਾਏ ਹੋਏ ਹਨ। ਛੇ ਦਹਾਕਿਆਂ ਵਿੱਚ ਸਭ ਤੋਂ ਭਿਆਨਕ ਸਥਿਤੀ ਦਾ ਸਾਹਮਣਾ ਕਰ ਰਹੀ ਕਸ਼ਮੀਰ ਵਾਦੀ ਦੇ ਲੋਕਾਂ ਦੀ ਸਹਾਇਤਾ ਲਈ ਪੂਰਾ ਦੇਸ਼ ਨਿਰਸਵਾਰਥ ਭਾਵਨਾ ਨਾਲ ਬਹੁੜਿਆ ਹੈ ਅਤੇ ਲੋਕਾਂ ਵੱਲੋਂ ਉਥੋਂ ਦੇ ਬਾਸ਼ਿੰਦਿਆਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਸਹਾਇਤਾ ਕੀਤੀ ਹੈ। ਜਿਸ ਤਹਿਤ ਜ਼ਿਲ੍ਹਾ ਲੁਧਿਆਣਾ ਤੋਂ ਵੀ ਵੱਡੀ ਮਾਤਰਾ ਵਿੱਚ ਰਾਹਤ ਸਮੱਗਰੀ ਭੇਜੀ ਗਈ ਸੀ, ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਰਦੀਆਂ ਵਿੱਚ ਕੰਮ ਆਉਣ ਵਾਲੇ ਕੰਬਲ ਅਤੇ ਗਰਮ ਕੱਪੜੇ ਭੇਜੇ ਗਏ ਹਨ। ਇਸ ਸਮੱਗਰੀ ਨੂੰ ਲਿਜਾਣ ਵਾਲੇ ਟਰੱਕ ਨੂੰ ਅੱਜ ਸਥਾਨਕ ਸਰਾਭਾ ਨਗਰ ਸਥਿਤ ਬਾਲ ਭਵਨ ਤੋਂ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਸਮੱਗਰੀ ਵਿੱਚ ਕੰਬਲ ਅਤੇ ਹੋਰ ਗਰਮ ਕੱਪੜੇ ਭੇਜੇ ਗਏ ਹਨ, ਜੋ ਕਿ ਸ੍ਰੀਨਗਰ ਅਤੇ ਹੋਰ ਖੇਤਰਾਂ ਵਿੱਚ ਹੜ੍ਹ ਪ੍ਰਭਾਵਿਤ ਲੋੜਵੰਦਾਂ ਨੂੰ ਵੰਡੇ ਜਾਣਗੇ। ਇਸ ਤੋਂ ਜ਼ਿਲ੍ਹਾ ਲੁਧਿਆਣਾ ਵਾਸੀਆਂ ਨੇ ਆਪਣੀ ਜਿੰਮੇਵਾਰੀ ਸਮਝਦਿਆਂ ਪਿੱਛੇ ਜਿਹੇ ਭਾਰਤੀ ਫੌਜ਼ ਦੀ ਸਹਾਇਤਾ ਕੀਤੀ ਸੀ ਅਤੇ ਵੱਡੀ ਮਾਤਰਾ ਵਿੱਚ ਰਾਹਤ ਸਮੱਗਰੀ ਲੋੜਵੰਦਾਂ ਤੱਕ ਪਹੁੰਚਾਈ ਗਈ ਸੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰ. ਸੁਪਰੀਤ ਸਿੰਘ ਗੁਲਾਟੀ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਅੰਡਰ ਟਰੇਨਿੰਗ ਆਈ. ਏ. ਐੱਸ. ਸਈਅਦ ਸਹਿਰੀਸ਼ ਅਸਗਰ, ਐੱਸ. ਡੀ. ਐੱਮ. ਸ੍ਰ. ਕੁਲਜੀਤਪਾਲ ਸਿੰਘ ਮਾਹੀ, ਵਧੀਕ ਮੁੱਖ ਪ੍ਰਸਾਸ਼ਕ ਗਲਾਡਾ ਸ੍ਰ. ਕੁਲਦੀਪ ਸਿੰਘ, ਐੱਸ. ਡੀ. ਐੱਮ. ਸ੍ਰ. ਪਰਮਜੀਤ ਸਿੰਘ, ਸ੍ਰੀ ਰਾਕੇਸ਼ ਪੋਪਲੀ ਗਲਾਡਾ, ਸਹਾਇਕ ਕਮਿਸ਼ਨਰ (ਜ) ਸ੍ਰ. ਨਵਰਾਜ ਸਿੰਘ ਬਰਾੜ ਅਤੇ ਹੋਰ ਅਧਿਕਾਰੀ ਹਾਜ਼ਰ ਸਨ।