ਕਾਂਗਰਸ ਦੇ ਵਫਾਦਾਰ ਤੇ ਮਿਹਨਤੀ ਵਰਕਰਾਂ ਨੂੰ ਬੋਗਸ ਕਹਿਣ ਵਾਲੇ ਨਵ ਨਿਯੁਕਤ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀ ਕਾਂਗਰਸੀ ਆਗੂਆਂ ਨੇ ਨਿੰਦਾ ਕੀਤੀ ਹੈ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਜੇ ਹਰ ਮੁਸ਼ਕਿਲ ਹਾਲਾਤਾਂ ਤੇ ਮੌਕਿਆਂ 'ਤੇ ਪਾਰਟੀ ਲਈ ਆਪਣੀ ਜੀਅ ਜਾਨ ਲਗਾਉਣ ਵਾਲੇ ਪਾਰਟੀ ਵਰਕਰਾਂ ਦੇ ਨਾਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜਿਹਾ ਵਤੀਰਾ ਅਪਣਾਉਣਗੇ, ਤਾਂ ਕੱਲ੍ਹ ਨੂੰ ਕਿਹੜਾ ਪਾਰਟੀ ਲਈ ਖੜ੍ਹਾ ਹੋਵੇਗਾ।ਇਸ ਲੜੀ ਹੇਠ ਸ਼ਿਮਲਾਪੁਰੀ ਖੇਤਰ 'ਚ ਇਕ ਮੀਟਿੰਗ ਦੌਰਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਸਿੰਘ ਗੋਗੀ ਵੱਲੋਂ ਪਾਰਟੀ ਦੇ ਵਫਾਦਾਰ ਤੇ ਮਿਹਨਤੀ ਵਰਕਰਾਂ ਨੂੰ ਬੋਗਸ ਕਹਿ ਜਾਣ ਦੀ ਨਿੰਦਾ ਕਰਦਿਆਂ ਪਾਰਟੀ ਆਗੂਆਂ ਬਲਵਿੰਦਰ ਸਿੰਘ ਬੇਦੀ, ਡਾ. ਓਂਕਾਰ ਚੰਦ ਸ਼ਰਮਾ, ਨਰਿੰਦਰਪਾਲ ਸਿੰਘ ਸਰਾਂ, ਪਰਮਜੀਤ ਸਿੰਘ, ਬਹਾਦਰ ਸਿੰਘ, ਗਿਆਨ ਚੰਦ, ਨਰੇਸ਼ ਚਿਨਾਰੀਆ, ਅਵਤਾਰ ਸਿੰਘ ਕੰਡਾ, ਦਲਜੀਤ ਰਾਏ ਭਾਰਦਵਾਜ, ਸਾਧੂ ਰਾਮ ਸਿੰਘੀ, ਸੁਨੀਲ ਸ਼ੁਕਲਾ ਨੇ ਕਿਹਾ ਕਿ ਗੋਗੀ ਨੂੰ ਆਪਣੇ ਇਨ੍ਹਾਂ ਸ਼ਬਦਾਂ ਨੂੰ ਵਾਪਿਸ ਲੈਣਾ ਚਾਹੀਦਾ ਹੈ।
ਉਕਤ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਨੂੰ ਅਜਿਹੀ ਭਾਸ਼ਾ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਨੇ ਕਿਹਾ ਕਿ ਵਰਕਰ ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਉਹ ਚੋਣਾਂ 'ਚ, ਧਰਨੇ-ਪ੍ਰਦਰਸ਼ਨਾਂ, ਰੈਲੀਆਂ ਆਦਿ ਪ੍ਰੋਗਰਾਮਾਂ 'ਚ ਪਾਰਟੀ ਲਈ ਕੰਮ ਕਰਦੇ ਰਹੇ ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪਾਰਟੀ ਤੋਂ ਇਮਾਨਦਾਰ ਤੇ ਵਫਾਦਾਰ ਆਗੂਆਂ ਨੂੰ ਗਲਤ ਤਰੀਕੇ ਨਾਲ ਕੱਢਣ ਦਾ ਵਿਰੋਧ ਕੀਤਾ ਜਾਵੇਗਾ।ਜੇ ਆਪਣੇ ਅਧਿਕਾਰਾਂ ਲਈ ਲੜਨ ਵਾਲੇ ਵਰਕਰਾਂ ਨੂੰ ਜ਼ਿਲ੍ਹਾ ਕਾਂਗਰਸ ਪ੍ਰਧਾਨ ਬੋਗਸ ਕਹਿਣਗੇ, ਤਾਂ ਪਾਰਟੀ ਨਾਲ ਨਵੇਂ ਲੋਕਾਂ ਦੇ ਜੁੜਨ ਦੀ ਸੋਚਣਾ ਵੀ ਬੇਮਾਨੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ 'ਚ ਪਾਰਟੀ ਨੂੰ ਬੀ ਕਾਂਗਰਸ ਬਣਾ ਦਿੱਤਾ ਹੈ। ਪਾਰਟੀ 'ਚ ਕਾਂਗਰਸ ਨੂੰ ਬਚਾਉਣਾ ਹੈ, ਤਾਂ ਬਾਜਵਾ ਨੂੰ ਹਟਾ ਕੇ ਕਿਸੇ ਹੋਰ ਵਿਅਕਤੀ ਨੂੰ ਸੂਬੇ ਦੀ ਕਮਾਂਡ ਸੌਂਪਣੀ ਚਾਹੀਦੀ ਹੈ, ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕੇ।