ਸਾਡੇ ਤਿਓਹਾਰ ਸਾਨੂੰ ਸਰਵ ਸਾਂਝੀਵਾਲਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ ਦਿੰਦੇ ਹਨ ਅਤੇ ਇਸ ਦਿਨ ਸਾਨੂੰ ਨਸ਼ਿਆਂ, ਭਰੂਣ ਹੱਤਿਆ, ਦਾਜ ਦਹੇਜ ਅਤੇ ਹੋਰ ਸਮਾਜਿਕ ਅਲਾਮਤਾਂ ਖਿਲਾਫ ਲੜਨ ਦਾ ਅਹਿਦ ਕਰਨਾ ਚਾਹੀਦਾ ਹੈ। ਇਹ ਗੱਲ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਬਦੀ ਉਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਪਵਿੱਤਰ ਤਿਓਹਾਰ ਮੌਕੇ ਆਯੋਜਤ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੀ। ਇਸ ਮੌਕੇ ਉਨ੍ਹਾਂ ਨੇ ਬਟਨ ਦਬਾ ਕੇ ਰਾਵਨ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਵੀ ਕੀਤਾ। ਇਹ ਸਮਾਗਮ ਸਿਟੀ ਵੇਲਫੇਅਰ ਐਂਡ ਕਲਚਰਲ ਕਲੱਬ ਜਿਸ ਦਾ ਗਠਨ ਬੀਬੀ ਸੁਰਿੰਦਰ ਕੋਰ ਜੀ ਦੀ ਪ੍ਰੇਰਨਾ ਨਾਲ ਕੀਤਾ ਗਿਆ ਸੀ ਵੱਲੋਂ ਮਲੋਟ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਪੰਜਾਬ ਵਾਸੀਆਂ ਨੂੰ ਵਿਜੈ ਦਸਮੀ ਦੇ ਇਸ ਪਰਵ ਦੀਆਂ ਵਧਾਈਆਂ ਦਿੰਦਿਆ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਸਵਰਗੀ ਬੀਬੀ ਸੁਰਿੰਦਰ ਕੌਰ ਬਾਦਲ ਦੀ ਮਲੋਟ ਸ਼ਹਿਰ ਨਾਲ ਨਿੱਘੀ ਸਾਂਝ ਦਾ ਜਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਧਰਮ ਪਤਨੀ ਇਸ ਸ਼ਹਿਰ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਸਦਾ ਹੀ ਇੱਥੋਂ ਦੇ ਵਿਕਾਸ ਲਈ ਤਤਪਰ ਰਹਿੰਦੇ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਪੰਜਾਬੀਆਂ ਨੂੰ ਤਾਂ ਇਸ ਤਿਓਹਾਰ ਉਤੇ ਖਾਸ ਕਰਕੇ ਬਹੁਤ ਫਖਰ ਹੈ ਕਿਉਂਕਿ ਰਾਮਾਇਣ ਦੀ ਰਚਨਾ ਹੀ ਪੰਜਾਬ ਦੀ ਮਹਾਨ ਧਰਤੀ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਸਰ ਜ਼ਮੀਨ ਉਤੇ ਹੋਈ ਸੀ। ਉਨ੍ਹਾਂ ਕਿਹਾ ਕਿ ਪਾਵਨ ਰਾਮਾਇਣ ਅਤੇ ਖਾਸ ਕਰਕੇ ਦੁਸਹਿਰੇ ਦੇ ਤਿਓਹਾਰ ਤੋਂ ਸਾਨੂੰ ਇੱਕ ਬਹੁਤ ਮਹਾਨ ਸੰਦੇਸ਼ ਮਿਲਦਾ ਹੈ ਕਿ ਇਨਸਾਨ ਕਿੰਨ੍ਹਾਂ ਵੀ ਗਿਆਨਵਾਨ ਜਾਂ ਗੁਣਵਾਨ ਕਿਉਂ ਨਾ ਹੋਵੇ ਪਰ ਕ੍ਰੋਧ, ਬਦਲੇ ਦੀ ਭਾਵਨਾ ਅਤੇ ਨਫਰਤ ਉਸ ਨੂੰ ਭਸਮ ਕਰ ਦਿੰਦੀ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਹਮੇਸਾ ਆਪਣੇ ਅੰਦਰ ਬਦੀ ਦੀ ਹੋਂਦ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉੁਨ੍ਹਾਂ ਕਿਹਾ ਕਿ ਸਾਡੇ ਇਹ ਤਿਓਹਾਰ ਸਾਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਵੀ ਦਿੰਦੇ ਹਨ।
ਇਸ ਮੌਕੇ ਮੁੱਖ ਮੰਤਰੀ ਸ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਵੱਡੀ ਪ੍ਰਾਪਤੀ ਰਹੀ ਕਿ ਪਾਕਿਸਤਾਨ ਅਤੇ ਜੰਮੂ ਕਸ਼ਮੀਰ ਦਾ ਗੁਆਂਢ ਹੋਣ ਦੇ ਬਾਵਜੂਦ ਵੀ ਪੰਜਾਬ ਦੇਸ਼ ਦਾ ਸਭ ਤੋਂ ਸਾਂਤ ਸੂਬਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਤਿਉਹਾਰ ਸਾਡੀ ਅਮੀਰ ਸਭਿਆਚਾਰਕ ਵਿਰਾਸਤ ਦਾ ਵਰਨਣ ਕਰਨ ਦੇ ਨਾਲ-ਨਾਲ ਜੀਵਨ ਦਾ ਮਾਰਗ ਦਰਸ਼ਨ ਕਰਨ ਲਈ ਪ੍ਰੇਰਨਾ ਦਾ ਸਰੋਤ ਬਣਦੇ ਹਨ।। ਦੁਸਹਿਰਾ ਮਨਾਉਣਾ ਸਹੀ ਅਰਥਾਂ ਵਿੱਚ ਸਫਲ ਤਾਂ ਹੀ ਸਮਝਿਆ ਜਾ ਸਕਦਾ ਹੈ ਜੇ ਅਸੀਂ ਇਸ ਦਿਨ ਨੂੰ ਆਪਸੀ ਪ੍ਰੇਮ, ਸਦਭਾਵਨਾ ਨਾਲ ਮਿਲ ਕੇ ਮਨਾਈਏ ਅਤੇ ਸਮਾਜ ਵਿੱਚੋਂ ਕੂੜ, ਜਬਰ-ਜੁਲਮ, ਪਾਪ, ਅਹੰਕਾਰ ਦਾ ਖਾਤਮਾ ਕਰੀਏ ਤੇ ਆਪਣਾ ਅਤੇ ਸਰਬੱਤ ਦਾ ਭਲਾ ਕਰਨ ਦਾ ਯਤਨ ਕਰੀਏ।। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਗੌਰਵਸ਼ਾਲੀ ਵਿਰਸੇ ਤੋਂ ਸੇਧ ਲੈ ਕੇ ਆਪਣੇ ਪੰਜਾਬ ਨੂੰ ਤਰੱਕੀਆਂ ਦੀਆਂ ਨਵੀਂਆਂ ਬੁਲੰਦੀਆਂ ਤੇ ਲੈ ਕੇ ਜਾਣ ਲਈ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਹਲਕਾ ਵਿਧਾਇਕ ਸ: ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਨੂੰ ਇੱਥੇ ਪੁੱਜਣ ਤੇ ਜੀ ਆਇਆ ਨੂੰ ਆਖਿਆ ਅਤੇ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਲਈ 6 ਕਰੋੜ ਰੁਪਏ ਅਤੇ ਬਲੱਡ ਬੈਂਕ ਲਈ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮੰਤਰੀ ਨੂੰ ਕੱਲਬ ਵੱਲੋਂ ਪ੍ਰਧਾਨ ਸ੍ਰੀ ਦਿਨੇਸ਼ ਗਰਗ ਟੋਨੀ, ਸ੍ਰੀ ਪ੍ਰਵੀਨ ਜੈਨ ਅਤੇ ਸ੍ਰੀ ਬਿੱਲੂ ਸ਼ਰਮਾ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਪੰਜਾਬ ਐਗਰੋ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ, ਐਸ.ਐਸ.ਪੀ. ਸ੍ਰੀ ਕੁਲਦੀਪ ਸਿੰਘ ਚਹਿਲ, ਮਾਰਕਿਟ ਕਮੇਟੀ ਮਲੋਟ ਦੇ ਚੇਅਰਮੈਨ ਸ: ਬਸੰਤ ਸਿੰਘ ਕੰਗ, ਸ: ਰਾਮ ਸਿੰਘ, ਭਾਜਪਾ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਕੇਸ ਧਂੀਂਗੜਾ, ਸ: ਗੁਰਚਰਨ ਸਿੰਘ ਅਤੇ ਸ: ਬਲਕਰਨ ਸਿੰਘ ਓ.ਐਸ.ਡੀ. ਟੂ ਸੀ.ਐਮ., ਸ: ਰਣਜੋਧ ਸਿੰਘ ਲੰਬੀ, ਸ: ਮਨਜੀਤ ਸਿੰਘ ਲਾਲਬਾਈ, ਵੀਰਪਾਲ ਕੌਰ ਤਰਮਾਲਾ, ਸ: ਲਖਵਿੰਦਰ ਸਿੰਘ ਰੋਹੀਵਾਲਾ, ਮਨਦੀਪ ਸਿੰਘ , ਪਿੰਦਰ ਕੰਗ ਆਦਿ ਵੀ ਹਾਜਰ ਸਨ।