ਤਲਵੰਡੀ ਸਾਬੋ ਵਿਚ ਵੱਖ ਵੱਖ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੋਟਰਾਂ ਨੂੰ ਕਿਹਾ ਕਿ ਪੰਜਾਬ ਵਿਚ ਅਮਨ ਭਾਈਚਾਰੇ ਨੂੰ ਬਰਕਰਾਰ ਰੱਖਦਿਆਂ ਪੰਜਾਬ ਵਿਚ ਪਿਛਲੇ 7 ਸਾਲ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਬਿਜਲੀ, ਬੁਨਿਆਦੀ ਢਾਂਚੇ ਅਤੇ ਪ੍ਰਬੰਧਕੀ ਖੇਤਰ ਵਿਚ ਵਿਕਾਸ ਦੀਆਂ ਕਈ ਵੱਡੀਆ ਪੁਲਾਂਘਾਂ ਪੱਟੀਆਂ ਹਨ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਨੂੰ ਵਿਕਾਸ ਅਤੇ ਕੀਤੇ ਕੰਮਾਂ ਦੇ ਅਧਾਰ 'ਤੇ ਵੋਟ ਪਾਉਣੀ ਚਾਹੀਦੀ ਹੈ, ਜਦਕਿ ਕਾਂਗਰਸ ਪਾਰਟੀ ਨੇ ਆਪਣੇ ਕਾਰਜ਼ਕਾਲ ਦੌਰਾਨ ਮਾੜੇ ਰਾਜ ਪ੍ਰਬੰਧ ਤੋਂ ਇਲਾਵਾ ਹੋਰ ਕੁੱਝ ਨਹੀਂ ਸੀ ਕੀਤਾ। ਇਸ ਲਈ ਕਾਂਗਰਸ ਲੋਕਾਂ ਦੀਆਂ ਵੋਟਾਂ ਦੀ ਬਿਲਕੁਲ ਵੀ ਹੱਕਦਾਰ ਨਹੀਂ ਹੈ।ਤਲਵੰਡੀ ਸਾਬੋ ਹਲਕੇ ਦੇ ਪਿੰਡਾਂ ਜੀਵਨ ਸਿੰਘ ਵਾਲਾ, ਚੱਠੇਵਾਲਾ ਨੱਤ, ਜੱਗਾ ਰਾਮ ਤੀਰਥ, ਮਾਹੀ ਨੰਗਲ, ਲੱਲੇਆਣਾ, ਜੱਜਲ, ਮਲਕਾਣਾ, ਫੁੱਲੋਖੇੜੀ ਅਤੇ ਕਮਾਲੂ ਵਿਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਤਲਵੰਡੀ ਸਾਬੋ ਦੇ ਲੋਕ ਅਕਾਲੀ-ਭਾਜਪਾ ਸਰਕਾਰ ਵਲੋਂ ਕੀਤੇ ਗਏ ਸਰਵਪੱਖੀ ਵਿਕਾਸ ਦੇ ਚਲਦਿਆਂ ਅਕਾਲੀ ਦਲ ਦੇ ਸਿਰ ਹੀ ਜਿੱਤ ਦਾ ਸਿਹਰਾ ਬੰਨਣਗੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾ ਹੀ ਸਮਾਜ ਦੇ ਵੱਖ ਵੱਖ ਫਿਰਕਿਆਂ ਦੇ ਹਿੱਤਾਂ ਲਈ ਡਟ ਕੇ ਪਹਿਰਾ ਦਿੱਤਾ ਹੈ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦਾ ਯਤਨ ਕੀਤਾ ਹੈ।ਬਾਦਲ ਨੇ ਕਿਹਾ ਕਿ ਭਾਂਵੇ ਕਿ ਕੇਂਦਰ ਵਿਚ ਐਨ.ਡੀ.ਏ ਦੀ ਸਰਕਾਰ ਬਣੀ ਨੂੰ ਹਾਲੇ ਕੁੱਝ ਹੀ ਮਹੀਨੇ ਦਾ ਸਮਾਂ ਹੋਇਆ, ਪਰ ਹੁਣ ਤੋਂ ਹੀ ਪੰਜਾਬ ਨੂੰ ਐਨ.ਡੀ.ਏ ਦੀਆਂ ਉਦਾਰਵਾਦੀ ਨੀਤੀਆਂ ਦੇ ਚਲਦਿਆਂ ਕੇਂਦਰੀ ਫੰਡਾਂ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ।
ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਚਲਾਏ ਜਾ ਰਹੇ ਵਿਕਾਸ ਮੁੱਖੀ ਏਜੰਡੇ ਤੇ ਮੋਹਰ ਲਾ ਕੇ ਸ. ਜੀਤਮਹਿੰਦਰ ਸਿੰਘ ਸਿੱਧੂ ਨੂੰ ਜਿਤਾ ਕੇ ਵਿਧਾਨ ਸਭਾ ਭੇਜੋ, ਜਿਸ ਨਾਲ ਸੂਬੇ ਅਤੇ ਤਲਵੰਡੀ ਸਾਬੋ ਵਿਚ ਵਿਕਾਸ ਦੀ ਲਹਿਰ ਹੋਰ ਤੇਜ਼ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆ ਲੋਕ ਮਾਰੂ ਨੀਤੀਆਂ ਕਾਰਨ ਹੀ ਲੋਕਾਂ ਨੇ ਕਾਂਗਰਸ ਨੂੰ ਜਬਰੀ ਰਿਟਾਇਰ ਕਰਨ ਦਾ ਪੱਕਾ ਨਿਸਚਾ ਕਰ ਲਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸੂਝਵਾਨ ਵੋਟਰ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀਆਂ ਹਾਸੋਹੀਣੀਆਂ ਗੱਲਾਂ ਵਿਚ ਨਹੀਂ ਆਉਣਗੇ ਅਤੇ ਅਕਾਲੀ-ਭਾਜਪਾ ਸਰਕਾਰ ਦੀਆਂ ਵਿਕਾਸ ਮੁੱਖੀ ਨੀਤੀਆਂ ਤੇ ਹੀ ਮੋਹਰ ਲਾਉਣਗੇ। ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਕੈਪਟਨ ਅੰਮ੍ਰਿੰਦਰ ਸਿੰਘ ਅਤੇ ਮੌਜੂਦਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਇੱਕੋ ਸਿੱਕੇ ਦੇ ਦੋ ਪਹਿਲੂ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਸਰਕਾਰ ਨੂੰ ਨਿੰਦਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਕੀਤਾ, ਪਰ ਅਕਾਲੀ-ਭਾਜਪਾ ਸਰਕਾਰ ਸੂਬੇ ਦੀ ਬਿਹਤਰੀ ਅਤੇ ਵਿਕਾਸ ਦੇ ਏਜੰਡੇ ਤੇ ਚਲਦਿਆਂ ਆਪਣਾ ਕੰਮ ਜਾਰੀ ਰੱਖੇਗੀ।
ਉਨ੍ਹਾਂ ਨਾਲ ਹੀ ਕਿਹਾ ਕਿ ਲੋਕ ਹੀ ਦੱਸ ਦੇਣ ਕਿ ਕੈਪਟਨ ਅੰਮ੍ਰਿੰਦਰ ਵਲੋਂ 1985 ਵਿੱਚ ਤਲਵੰਡੀ ਸਾਬੋ ਤੋਂ ਐਮ.ਐਲ.ਏ ਹੁੰਦਿਆਂ ਹਲਕੇ ਵਿਚ ਇੱਕ ਵੀ ਕੰਮ ਕੀਤਾ ਗਿਆ ਹੋਵੇ? ਉਨ੍ਹਾਂ ਕਿਹਾ ਕਿ ਅੰਮ੍ਰਿੰਦਰ ਨੇ ਕੰਮ ਤਾਂ ਕੀ ਕਰਨਾ ਸੀ ਉਹ ਤਾਂ ਕਦੇ ਆਪਣੇ ਹਲਕੇ ਵਿਚ ਆਏ ਵੀ ਨਹੀਂ ਸਨ। ਉਨ੍ਹਾਂ ਕਿਹਾ ਕਿ ਉਧਰ ਦੂਜੇ ਪਾਸੇ ਸ. ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਿਚ ਬਾਦਲ ਪਰਿਵਾਰ ਨੇ ਇਸ ਹਲਕੇ ਦੇ ਲੋਕਾਂ ਦੇ ਨਾਲ ਜੁੜ ਕੇ ਸੇਵਾ ਕੀਤੀ ਹੈ। ਉਨ੍ਹਾਂ ਇਸ ਮੌਕੇ ਵਾਅਦਾ ਕੀਤਾ ਕਿ ਉਹ ਇਸ ਹਲਕੇ ਦੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰਨ ਲਈ ਉਪ ਚੋਣ ਤੋਂ ਬਾਅਦ ਹਲਕੇ ਵਿਚ ਲੜੀਵਾਰ ਸੰਗਤ ਦਰਸ਼ਨ ਕਰਨਗੇ। ਇਸ ਮੌਕੇ ਅਕਾਲੀ-ਭਾਜਪਾ ਉਮੀਦਵਾਰ ਸ. ਜੀਤਮਹਿੰਦਰ ਸਿੰਘ ਸਿੱਧੂ, ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੋਂ ਇਲਾਵਾ ਅਕਾਲੀ ਆਗੂਆਂ ਮਹੇਸ਼ਇੰਦਰ ਸਿੰਘ ਗਰੇਵਾਲ, ਮਨਤਾਰ ਸਿੰਘ ਬਰਾੜ, ਵਿਰਸਾ ਸਿੰਘ ਵਲਟੋਹਾ, ਅਮਰਜੀਤ ਸਿਘੰ ਸਿਧੂੱ ਅਤੇ ਇਲਾਕੇ ਦੇ ਕਈ ਅਕਾਲੀ ਆਗੂਆਂ ਨੇ ਵੀ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।