ਪੰਜਾਬ ਰਾਜ ਊਰਜਾ ਨਿਗਮ ਕੇਂਦਰੀ ਜ਼ੋਨ ਦੇ ਚੀਫ਼ ਇੰਜੀਨੀਅਰ ਰਛਪਾਲ ਸਿੰਘ ਨੇ ਅੱਜ ਸਥਾਨਕ ਅਸਟੇਟ ਮੰਡਲ ਗਿਆਸਪੁਰਾ ਵਿਖੇ 25 ਲੱਖ ਦੀ ਲਾਗਤ ਨਾਲ ਬਣੇ ਨੋਡਲ ਸ਼ਿਕਾਇਤ ਅਤੇ ਕੈਸ਼ ਭੁਗਤਾਨ ਸੈਂਟਰ ਦਾ ਉਦਘਾਟਨ ਕਰਦਿਆਂ ਆਖਿਆ ਕਿ ਇਸ ਸੈਂਟਰ ਦੇ ਬਣਨ ਨਾਲ 60 ਹਜ਼ਾਰ ਦੇ ਕਰੀਬ ਅਸਟੇਟ ਮੰਡਲ ਦੇ ਖਪਤਕਾਰਾਂ ਨੂੰ ਇੱਕ ਵੱਡੀ ਰਾਹਤ ਮਿਲੇਗੀ। ਉਨ੍ਹਾਂ ਆਖਿਆ ਕਿ ਇਸ ਸੈਂਟਰ ਦੇ ਬਣਨ ਨਾਲ ਖਪਤਕਾਰ ਜਿੱਥੇ ਅਸਾਨੀ ਨਾਲ ਆਪਣੇ ਬਿੱਲਾਂ ਦਾ ਭੁਗਤਾਨ ਕਰ ਸਕਦੇ ਹਨ ਉੱਥੇ ਨੋਡਲ ਕੰਪਲੇਟ ਸੈਂਟਰ ਦੇ ਨਿਰਮਾਣ ਨਾਲ ਖਪਤਕਾਰਾਂ ਦੀਆਂ ਬਿਜਲੀ ਦੀਆਂ ਸਮੱਸਿਆਵਾਂ ਦੀ ਵਧੀਆ ਤਰੀਕੇ ਨਾਲ ਹੱਲ ਹੋਣਗੀਆਂ। ਚੀਫ਼ ਇੰਜੀਨੀਅਰ ਰਛਪਾਲ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਅਸਾਨੀ ਨਾਲ ਹੱਲ ਕਰਨ ਲਈ ਊਰਜਾ ਨਿਗਮ ਹਰ ਸੰਭਵ ਉਪਰਾਲਾ ਕਰ ਰਿਹਾ ਹੈ ਤੇ ਜਿਸ ਨਾਲ ਖਪਤਕਾਰਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਆਖਿਆ ਕਿ ਗਿਆਸਪੁਰਾ ਵਿੱਚ ਨੋਡਲ ਸ਼ਿਕਾਇਤ ਸੈਂਟਰ ਅਤੇ ਕੈਸ਼ ਭੁਗਤਾਨ ਸੈਂਟਰ ਸਮੇਂ ਦੀ ਇੱਕ ਵੱਡੀ ਲੋੜ ਸੀ।
ਇੰਜੀਨੀਅਰ ਰਛਪਾਲ ਸਿੰਘ ਨੇ ਆਖਿਆ ਕਿ ਕੇਂਦਰੀ ਜ਼ੋਨ ਹੁਣ ਕਿਸੇ ਵੀ ਖਪਤਕਾਰ ਦੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਉਸ ਨੂੰ ਹੱਲ ਕਰਕੇ ਖਪਤਕਾਰ ਦੇ ਫੋਨ 'ਤੇ ਮੈਸਿਜ ਭੇਜੇਗਾ ਤਾਂ ਜੋ ਖਪਤਕਾਰ ਨੂੰ ਹਰ ਪੱਖੋਂ ਤਸੱਲੀ ਹੋ ਸਕੇ। ਉਨ੍ਹਾਂ ਆਖਿਆ ਕਿ ਖਪਤਕਾਰਾਂ ਦੀ ਸ਼ਿਕਾਇਤਾਂ ਲਈ ਆਨ ਲਾਈਨ ਰਜਿਸਟ੍ਰੇਸ਼ਨ ਵੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਦਫ਼ਤਰਾਂ ਵਿੱਚ ਖਪਤਕਾਰਾਂ ਦੀ ਭੀੜ ਨੂੰ ਘੱਟ ਕੀਤਾ ਜਾ ਸਕੇ। ਚੀਫ਼ ਇੰਜੀਨੀਅਰ ਨੇ ਆਖਿਆ ਕਿ ਕੇਂਦਰੀ ਜ਼ੋਨ ਵਿੱਚ ਕਿਸੇ ਵੀ ਕਿਸਮ ਦਾ ਕੋਈ ਸ਼ਡਿਊਲ ਕੱਟ ਨਹੀਂ ਲੱਗ ਰਿਹਾ, ਸਿਰਫ਼ ਬਿਜਲੀ ਦੀ ਮੁਰੰਮਤ ਅਤੇ ਸੰਭਾਲ ਕਾਰਨ ਕੁਝ ਏਰੀਏ ਵਿੱਚ ਕੁਝ ਸਮੇਂ ਲਈ ਬਿਜਲੀ ਬੰਦ ਕੀਤੀ ਜਾਂਦੀ ਹੈ, ਉਨ੍ਹਾਂ ਆਖਿਆ ਕਿ ਅਗਲੇ ਵਰ੍ਹੇ ਚੌੜੇ ਬਾਜ਼ਾਰ ਦੇ ਖਪਤਕਾਰਾਂ ਦੀਆਂ ਬਿਜਲੀ ਸਮੱਸਿਆਵਾਂ ਦੇ ਹੱਲ ਲਈ ਇੱਕ ਮਾਰਡਨ ਬਿਜਲੀ ਘਰ ਦੀ ਚੌੜਾ ਬਾਜ਼ਾਰ ਵਿਖੇ ਸਥਾਪਨਾ ਕੀਤੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਊਰਜਾ ਨਿਗਮ ਨੂੰ ਇੱਕ ਢੁੱਕਵੀਂ ਥਾਂ 'ਤੇ ਇੱਕ ਹਜ਼ਾਰ ਗਜ਼ ਜਗ੍ਹਾਂ ਵੀ ਅਲਾਟ ਕਰ ਦਿੱਤੀ ਹੈ, ਇਸ ਤੋਂ ਇਲਾਵਾ ਗਿਆਸਪੁਰਾ ਵਿਖੇ ਅਗਲੇ ਵਰ੍ਹੇ 220 ਕੇ.ਵੀ. ਏ. ਸਬ ਸਟੇਸ਼ਨ ਵੀ ਚਾਲੂ ਹੋ ਜਾਵੇਗਾ।
ਜਿਸ ਨਾਲ ਇਸ ਏਰੀਏ ਨਾਲ ਸਬੰਧਤ ਸਨੱਅਤਕਾਰਾਂ ਅਤੇ ਘਰੇਲੂ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ। ਇੰਜੀਨੀਅਰ ਰਛਪਾਲ ਸਿੰਘ ਨੇ ਆਖਿਆ ਕਿ ਆਉਣ ਵਾਲੇ 4-5 ਮਹੀਨਿਆਂ ਤੱਕ ਤਲਵੰਡੀ ਸਾਬੋ ਅਤੇ ਰਾਜਪੁਰਾ ਥਰਮਲ ਪਲਾਂਟ ਦੇ ਚਾਲੂ ਹੋਣ ਨਾਲ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਜਾਵੇਗਾ। ਇਸ ਮੌਕੇ ਅਸਟੇਟ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਪੀ.ਐਸ. ਬਰਾੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਇੰਜੀਨੀਅਰ ਅਸ਼ੋਕ ਗੁਪਤਾ, ਡਿਪਟੀ ਚੀਫ਼ ਵੈਸਟ ਸਰਕਲ, ਉੱਘੇ ਸਮਾਜ ਸੇਵੀ ਹਰਜੀਤ ਸਿੰਘ ਖੁਰਲ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਇੰਜੀਨੀਅਰ ਕੁਲਵੀਰ ਸਿੰਘ, ਕਾਰਜਕਾਰੀ ਇੰਜੀਨੀਅਰ ਸਿਟੀ ਵੈਸਟ ਡਵੀਜ਼ਨ, ਇੰਜੀਨੀਅਰ ਸਤੀਸ਼ ਗਰਗ, ਇੰਜੀਨੀਅਰ ਕੁਲਦੀਪ ਸਿੰਘ, ਇੰਜ. ਸੰਦੀਪ ਗਰਗ, ਇੰਜ. ਜਗਦੀਪ ਸਿੰਘ ਗਰਚਾ, ਇੰਜ. ਅਮਨਦੀਪ ਸਿੰਘ ਸਾਹਨੇਵਾਲ, ਇੰਜ. ਤਰਸੇਮ ਲਾਲ ਬੈਂਸ, ਇੰਜ. ਅਮਰਜੀਤ ਸਿੰਘ ਏ.ਈ.ਈ., ਜਗਰੂਪ ਸਿੰਘ ਜਰਖੜ ਸੂਚਨਾ ਅਫ਼ਸਰ, ਸ੍ਰੀ ਵਿਨੋਦ ਬੱਤਾ, ਕਰਮਜੀਤ ਸਿੰਘ ਸ਼ੀਰਾ, ਅਮਰਜੀਤ ਸਿੰਘ ਚੌਹਾਨ, ਸੁਰਜੀਤ ਸਿੰਘ ਲੋਟੇ, ਗਿਰਧਾਰੀ ਲਾਲ ਓਸਵਾਲ ਮਿੱਲ, ਡਾ. ਹਰੀਸ਼ ਚੰਦ, ਸ੍ਰੀ ਆਰ.ਕੇ. ਗਰਗ, ਸ੍ਰੀ ਜੀ.ਸੀ. ਵਰਮਾ ਹੀਰੋ ਸਾਇਕਲ ਆਦਿ ਇਲਾਕੇ ਦੀਆਂ ਉੱਘੀਆ ਸਖ਼ਸ਼ੀਅਤਾਂ ਹਾਜ਼ਰ ਸਨ।