ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਟਰੱਕ, ਟੈਂਪੂ, ਆਟੋ ਰਿਕਸ਼ਾ ਅਤੇ ਟੈਕਸੀ ਯੂਨੀਅਨਾਂ ਵਿੱਚ ਨਸ਼ਿਆਂ ਅਤੇ ਟਰੈਫਿਕ ਨਿਯਮਾਂ ਦੀ ਜਾਗਰੂਕਤਾ ਲਈ ਵਿਸ਼ੇਸ ਕੈਂਪ ਲਗਾਏ ਜਾਣਗੇ ਤਾਂ ਜੋ ਸੜਕੀ ਦੁਰਘਟਨਾਵਾਂ ਨੂੰ ਠੱਲ ਪਾਈ ਜਾ ਸਕੇ। ਇਸ ਗੱਲ ਦੀ ਜਾਣਕਾਰੀ ਸ੍ਰੀ ਕਰਨ ਸਿੰਘ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਵਜੋਂ ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲਣ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿਖੇ ਵਿਸ਼ੇਸ ਮੁਲਾਕਾਤ ਦੌਰਾਨ ਦਿੱਤੀ। ਇਸ ਤੋ ਪਹਿਲਾਂ ਉਨ੍ਹਾਂ ਆਪਣੇ ਦਫ਼ਤਰ ਦੇ ਕਰਮਚਾਰੀਆਂ ਨਾਲ ਵਿਸ਼ੇਸ ਮੀਟਿੰਗ ਕਰਕੇ ਕਰਮਚਾਰੀਆਂ ਨੂੰ ਆਪਣਾ ਕੰਮ ਕਾਜ ਪੁਰੀ ਪਾਰਦਰਸ਼ਤਾ, ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।
ਕਰਨ ਸਿੰਘ ਨੇ ਦੱਸਿਆ ਕਿ ਕੈਂਪਾਂ ਵਿੱਚ ਵਾਹਨ ਚਾਲਕਾਂ ਨੂੰ ਨਸ਼ਿਆਂ ਦਾ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਸ ਪ੍ਰਤੀ ਵੀ ਜਾਗਰੂਕ ਕੀਤਾ ਜਾਵੇਗ ਕਿ ਨਸ਼ਾ ਕਰਨ ਨਾਲ ਅਕਸਰ ਸੜਕੀ ਹਾਦਸੇ ਵਾਪਰਦੇ ਹਨ। ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਵਾਹਨ ਚਾਲਕ ਨਸ਼ਿਆਂ ਤੋਂ ਦੂਰ ਰਹਿ ਕੇ ਟਰੈਫਿਕ ਨਿਯਮਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾ ਲੈਣ ਤਾਂ ਸੜਕੀ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਬੱਚਿਆਂ ਨੂੰ ਸੁਰੱਖਿਅਤ ਬੱਸ ਸੇਵਾ ਪ੍ਰਦਾਨ ਕਰਨ ਲਈ ਦਿੱਤੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਜ਼ਿਲ੍ਹੇ 'ਚ ਸ਼ੁਰੂ ਕੀਤੀ ਗਈ ਸੇਫ ਸਕੂਲ ਵਾਹਨ ਸਕੀਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ।
ਜਿਹੜੇ ਸਕੂਲ ਪ੍ਰਬੰਧਕ ਇਸ ਸਕੀਮ ਦੀ ਉਲੰਘਣਾ ਕਰਨਗੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੇਫ ਸਕੂਲ ਵਾਹਨ ਸਕੀਮ ਤਹਿਤ ਸਕੂਲਾਂ ਦੇ ਪ੍ਰਬੰਧਕਾਂ ਅਤੇ ਸਕੂਲ ਬੱਸ ਚਾਲਕਾ ਦੇ ਸਕੂਲ ਪੱਧਰ ਤੇ ਸਿਖਲਾਈ ਕੈਂਪ ਲਗਾਏ ਜਾਣਗੇ ਤਾਂ ਜੋ ਉਨ੍ਹਾਂ ਨੂੰ ਸੇਫ ਸਕੂਲ ਵਾਹਨ ਸਕੀਮ ਦੀ ਮੁਕੰਮਲ ਜਾਣਕਾਰੀ ਮਿਲ ਸਕੇ ਅਤੇ ਉਸ ਦੀ ਪਾਲਣਾ ਨੂੰ ਵੀ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਵਾਹਨਾਂ ਤੇ ਹਾਈ ਸਕਿਓਰਟੀ ਰਜਿਸਟ੍ਰੇਸਨ ਪਲੇਟਾਂ ਲਗਾਉਣ ਦਾ ਕੰਮ ਫੇਜ਼-8 ਵਿਖੇ ਕੀਤਾ ਜਾ ਰਿਹਾ ਹੈ ਅਤੇ ਵਾਹਨ ਮਾਲਕਾਂ ਨੂੰ ਆਪਣੇ ਵਾਹਨਾਂ ਤੇ ਹਾਈ ਸਕਿਓਰਟੀ ਰਜਿਸਟ੍ਰੇਸਨ ਪਲੇਟਾਂ ਲਗਾਉਣਾ ਯਕੀਨੀ ਬਣਾਉਣਾਂ ਚਾਹੀਦਾ ਹੈ। ਇਸ ਮੌਕੇ ਐਮ.ਵੀ.ਆਈ ਰਣਪ੍ਰੀਤ ਸਿੰਘ ਭਿਓਰਾ ਵੀ ਮੌਜੂਦ ਸਨ।