ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸੂਬੇ ਵਿਚ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਲੋਕਾਂ ਦੀ ਸ਼ਮੂਲੀਅਤ ਵਧਾਉਣ 'ਤੇ ਜ਼ੋਰ ਦਿੰਦਿਆਂ ਲੋਕ ਸ਼ਿਕਾਇਤਾਂ ਤੇ ਸੁਝਾਅ ਪ੍ਰਾਪਤ ਕਰਨ ਵਾਸਤੇ ਸਿੱਖਿਆ ਵਿਭਾਗ ਵੱਲੋਂ ਟੋਲ ਫਰੀ ਨੰਬਰ ਤੇ ਵੈਬ ਪੋਰਟਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅੱਜ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੂਬੇ ਦੇ ਸਮੁੱਚੇ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਪ੍ਰਤੀ ਲੋਕ ਸ਼ਿਕਾਇਤਾਂ ਜਾਣਨ ਲਈ ਪੁਲਿਸ ਤੇ ਹੋਰ ਵਿਭਾਗਾਂ ਦੀ ਤਰਜ਼ 'ਤੇ ਇਕ ਟੋਲ ਫਰੀ ਨੰਬਰ ਜਾਰੀ ਕੀਤਾ ਜਾਵੇਗਾ ਜਿਸ 'ਤੇ ਲੋਕ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਣਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਵਰਤੇ ਜਾ ਰਹੇ ਵੈਬ ਪੋਰਟਲ ਤੋਂ ਇਲਾਵਾ ਨਵਾਂ ਪੋਰਟਲ ਸ਼ੁਰੂ ਕੀਤਾ ਜਾਵੇਗਾ ਜਿਸ 'ਤੇ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਹੋਰ ਨੁਮਾਇੰਦੇ ਵਿਭਾਗ ਪ੍ਰਤੀ ਆਪਣੀਆਂ ਸ਼ਿਕਾਇਤਾਂ ਤੇ ਸੁਝਾਅ ਦੇ ਸਕਣਗੇ।
ਡਾ. ਚੀਮਾ ਨੇ ਸਿੱਖਿਆ ਵਿਭਾਗ ਦੇ ਕੰਮਕਾਜ ਨੂੰ ਹੋਰ ਚੁਸਤ ਦਰੁਸਤ ਬਣਾਉਣ 'ਤੇ ਜ਼ੋਰ ਦਿੰਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਸਕਾਲਰਸ਼ਿਪ ਸਕੀਮ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਦਿਆਂ ਹਰ ਲਾਭਪਾਤਰੀ ਨੂੰ ਸਕਾਲਰਸ਼ਿਪ ਰਾਸ਼ੀ ਪੁੱਜਣੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਹਨਾਂ ਇਹ ਵੀ ਕਿਹਾ ਕਿ ਸਕੀਮ ਦੇ ਲਾਭਪਾਤਰੀਆਂ ਦੀ ਸਮੇਂ ਸਮੇਂ ਸੈਂਪਲਿੰਗ ਵੀ ਕਰਵਾਈ ਜਾਵੇ। ਇਸ ਬਾਬਤ ਮੌਕੇ 'ਤੇ ਅਹਿਮ ਫੈਸਲਾ ਲੈਂਦਿਆਂ ਸਮੁੱਚੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਹਰ ਤਿੰਨ ਮਹੀਨੇ ਬਾਅਦ ਲਾਭਪਾਤਰੀਆਂ ਨੂੰ ਸਕਾਲਰਸ਼ਿਪ ਰਾਸ਼ੀ ਮਿਲਣ ਦੀ ਰਿਪੋਰਟ ਉਚ ਅਧਿਕਾਰੀਆਂ ਕੋਲ ਭੇਜਣ। ਵਿਭਾਗ ਦੇ ਅਦਾਲਤੀ ਕੇਸਾਂ ਦੀ ਸਮੀਖਿਆ ਲਈ ਉਚ ਪੱਧਰੀ ਕਮੇਟੀ ਬਣਾਉਣ ਦੀ ਹਦਾਇਤ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਕੰਮ ਇਕ ਮਹੀਨੇ ਦੇ ਅੰਦਰ ਮੁਕੰਮਲ ਕਰ ਲਿਆ ਜਾਵੇ। ਉਹਨਾਂ ਕਿਹਾ ਕਿ ਜਿਹਨਾਂ ਕੇਸਾਂ ਵਿਚ ਕੇਸ ਕਰਨ ਵਾਲੀ ਧਿਰ ਕਿਸੇ ਲਾਭ ਦਾ ਪਾਤਰ ਬਣਦੀ ਹੈ ਤਾਂ ਉਸਨੂੰ ਲਾਭ ਦੇ ਕੇ ਅਜਿਹੇ ਕੇਸਾਂ ਦੀ ਗਿਣਤੀ ਘਟਾਉਣ ਦੇ ਉਪਰਾਲੇ ਕੀਤੇ ਜਾਣ।
ਮਿਆਰੀ ਸਿੱਖਿਆ 'ਤੇ ਜ਼ੋਰ ਦਿੰਦਿਆਂ ਡਾ. ਚੀਮਾ ਨੇ ਕਿਹਾ ਕਿ ਵਿਭਾਗ ਅਕਾਦਮਿਕ ਗਤੀਵਿਧੀਆਂ ਨੂੰ ਤਰਜ਼ੀਹ ਦੇਵੇ ਅਤੇ ਖੋਜ ਕਾਰਜਾਂ ਨੂੰ ਉਤਸ਼ਾਹਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਣਿਤ, ਵਿਗਿਆਨ ਜਿਹੇ ਵਿਸ਼ਿਆਂ ਦੀ ਪੜ੍ਹਾਈ ਵਿੱਚ ਪ੍ਰਕੈਟੀਕਲ ਸਿੱਖਿਆ ਨੂੰ ਤਰਜੀਹ ਦਿੱਤੀ ਜਾਵੇ ਅਤੇ ਇਨ੍ਹਾਂ ਦੇ ਅਧਿਆਪਕਾਂ ਨੂੰ ਵੀ ਸਮੇਂ ਦਾ ਹਾਣੀ ਬਣਾਉਣ ਲਈ ਰਿਫਰੈਸ਼ਰ ਕੋਰਸ ਜਾਂ ਸਿਖਲਾਈ ਪ੍ਰੋਗਰਾਮ ਲਗਾਏ ਜਾਣ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸੂਬੇ ਦੀ ਪੂੰਜੀ ਹੈ ਅਤੇ ਪੰਜਾਬ ਦੇ ਰੌਸ਼ਨ ਭਵਿੱਖ ਲਈ ਸਿੱਖਿਆ ਵਿਭਾਗ ਮਾਪਿਆਂ, ਵਿਦਿਆਰਥੀਆਂ ਨਾਲ ਮਿਲ ਕੇ ਸਿਹਤਮੰਦ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾਵੇ।ਮੀਟਿੰਗ ਵਿੱਚ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੋਲਾਰੀਆ, ਪ੍ਰਮੁੱਖ ਸਕੱਤਰ ਸ੍ਰੀਮਤੀ ਅੰਜਲੀ ਭਾਵੜਾ, ਆਈ.ਏ.ਐਸ., ਸਕੱਤਰ ਸ੍ਰੀ ਰਾਹੁਲ ਭੰਡਾਰੀ, ਆਈ.ਏ.ਐਸ., ਵਿਸ਼ੇਸ਼ ਸਕੱਤਰ ਸ੍ਰੀ ਗੁਰਦੀਪ ਸਿੰਘ, ਪੀ.ਸੀ.ਐਸ., ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਡਾ. ਕਮਲ ਗਰਗ, ਪੀ.ਸੀ.ਐਸ., ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਦਰਸ਼ਨ ਕੌਰ, ਡਾਇਰੈਕਟਰ (ਪ੍ਰਸ਼ਾਸਨ) ਸ. ਸਾਧੂ ਸਿੰਘ ਰੰਧਾਵਾ, ਡਾਇਰੈਕਟਰ, ਐਸ.ਸੀ.ਈ.ਆਰ.ਟੀ. ਪੰਕਜ ਸ਼ਰਮਾ ਸਮੇਤ ਸਮੂਹ ਮੰਡਲ ਸਿੱਖਿਆ ਅਧਿਕਾਰੀ, ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ ਤੇ ਐਲੀਮੈਂਟਰੀ ਸਿੱਖਿਆ) ਆਦਿ ਹਾਜ਼ਰ ਸਨ।