ਗਰਮੀ ਦੇ ਮੌਸਮ ਚ ਤ੍ਰਿਹਾਏ ਨਹੀਂ ਮਰਨਗੇ ਪੰਛੀ
ਡਿਪਟੀ ਕਮਿਸ਼ਨਰ ਵੱਲੋਂ ਸਾਰੇ ਦਫ਼ਤਰਾਂ ਤੇ ਸਾਫ਼ ਪਾਣੀ ਦੇ ਕੂੰਡੇ ਰੱਖਣ ਦੀ ਹਦਾਇਤ
Web Admin
5 ਦਰਿਆ ਨਿਊਜ਼
ਲੁਧਿਆਣਾ , 08 May 2014
Last updated on: May 08, 2014, 00:00 IST
ਐਤਕੀਂ ਗਰਮੀ ਦੇ ਮੌਸਮ ਵਿੱਚ ਪੰਛੀਆਂ ਨੂੰ ਪਾਣੀ ਦੀ ਭਾਲ ਵਿੱਚ ਬਨੇਰੇ-ਬਨੇਰੇ ਭਟਕਣ ਦੀ ਲੋੜ ਨਹੀਂ ਪਵੇਗੀ ਅਤੇ ਇਨ੍ਹਾਂ ਬੇਜ਼ੁਬਾਨਿਆਂ ਦੀ ਪਿਆਸ ਨੂੰ ਦੂਰ ਕਰਨ ਲਈ ਹਰੇਕ ਸਰਕਾਰੀ ਦਫ਼ਤਰ ਦੀ ਛੱਤ ਜਾਂ ਬਨੇਰੇ 'ਤੇ ਪਾਣੀ ਵਾਲੇ ਕੂੰਡੇ ਮੁਹੱਈਆ ਹੋਣਗੇ। ਇਸ ਨੇਕ ਕਾਰਜ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਹਰੇਕ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਬਕਾਇਦਾ ਲਿਖ਼ਤੀ ਹਦਾਇਤ ਜਾਰੀ ਕਰ ਦਿੱਤੀ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਇਸ ਮੌਸਮ ਦੌਰਾਨ ਪੰਛੀਆਂ ਨੂੰ ਆਪਣੀ ਪਿਆਸ ਬੁਝਾਉਣ ਲਈ ਪਾਣੀ ਨਾ ਮਿਲਣ ਕਾਰਨ ਕਈ ਵਾਰੀ ਆਪਣੀ ਜਾਨ ਵੀ ਗਵਾਉਣੀ ਪੈ ਜਾਂਦੀ ਹੈ। ਇਸ ਸਮੱਸਿਆ ਨਾਲ ਨਿਪਟਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਮੁਹਿੰਮ ਦੇ ਤੌਰ 'ਤੇ ਸਾਫ਼ ਪਾਣੀ ਦੇ ਕੂੰਡੇ ਰੱਖੇ ਜਾਣ ਅਤੇ ਇਨ੍ਹਾਂ ਕੂੰਡਿਆਂ ਨੂੰ ਸਮੇਂ-ਸਮੇਂ 'ਤੇ ਸਾਫ਼ ਪਾਣੀ ਨਾਲ ਭਰਨ ਦਾ ਯੋਗ ਪ੍ਰਬੰਧ ਕੀਤਾ ਜਾਵੇ। ਇਸ ਕੰਮ ਲਈ ਸਾਰੇ ਅਧਿਕਾਰੀਆਂ ਦੀ ਜਿੰਮੇਵਾਰੀ ਨਿਰਧਾਰਤ ਕੀਤੀ ਗਈ ਹੈ। ਸ੍ਰੀ ਅਗਰਵਾਲ ਨੇ ਸਮੂਹ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਬੇਜ਼ੁਬਾਨ ਪੰਛੀਆਂ ਦੀ ਪਾਣੀ ਖੁਣੋਂ ਜਾਨ ਬਚਾਉਣ ਲਈ ਅੱਗੇ ਆਉਣ ਅਤੇ ਬਰਸਾਤ ਦੇ ਸੀਜ਼ਨ ਸ਼ੁਰੂ ਹੋਣ ਤੱਕ ਆਪਣੇ ਘਰਾਂ ਦੀਆਂ ਛੱਤਾਂ ਬਨੇਰਿਆਂ 'ਤੇ ਪਾਣੀ ਦੇ ਕੂੰਡੇ ਜ਼ਰੂਰ ਰੱਖਣ।