ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਦੇਰ ਸ਼ਾਮ ਚੰਡੀਗੜ੍ਹ ਵਿੱਚ ਆਯੋਜਿਤ 'ਹਰਿਆਣਾ ਸੁਪਰ-100 ਅਭਿਨੰਦਨ ਪ੍ਰੋਗਰਾਮ' ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਹਰਿਆਣਾ ਸੁਪਰ-100 ਯੋਜਨਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ 'ਤੇ ਵਧਾਈ ਦਿੰਦੇ ਹੋਏ ਦੋ ਮਹੱਤਵਪੂਰਨ ਘੋਸ਼ਣਾਵਾਂ ਕੀਤੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਬੁਨਿਆਦ ਯੋਜਨਾ ਤਹਿਤ ਮੌਜੂਦਾ ਸਮੇਂ ਵਿੱਚ ਚੱਲ ਰਹੇ 103 ਕੇਂਦਰਾਂ ਵਿੱਚ 25 ਨਵੇਂ ਕੇਂਦਰ ਜੋੜੇ ਜਾਣਗੇ, ਤਾਂ ਜੋ ਸੂਬੇ ਦੇ ਵੱਧ ਤੋਂ ਵੱਧ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਮਿਆਰੀ ਮਾਰਗਦਰਸ਼ਨ ਉਪਲਬਧ ਕਰਵਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਰੂਕਸ਼ੇਤਰ ਸਥਿਤ ਸੁਪਰ-100 ਸੈਂਟਰ ਨੂੰ 100 ਨਵੇਂ ਕੰਪਿਊਟਰ ਉਪਲਬਧ ਕਰਵਾਉਣ ਦੀ ਵੀ ਘੋਸ਼ਣਾ ਕੀਤੀ।
ਇਸ ਮੌਕੇ ਕੇਂਦਰੀ ਊਰਜਾ ਮੰਤਰੀ, ਸ੍ਰੀ ਮਨੋਹਰ ਲਾਲ ਵੀ ਮੌਜੂਦ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਉਹ ਆਪਣੇ ਸਾਹਮਣੇ ਨਵੇਂ ਭਾਰਤ ਦਾ ਇੱਕ ਚਮਕਦਾ ਹੋਇਆ ਭਵਿੱਖ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਸੁਪਰ-100 ਦੇ ਬੱਚਿਆਂ ਨੇ ਆਪਣੀ ਸਖ਼ਤ ਮਿਹਨਤ, ਸੰਕਲਪ ਅਤੇ ਪੁਰਸ਼ਾਰਥ ਨਾਲ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਦੇਸ਼ ਦੀ ਤਕਦੀਰ ਬਦਲਣ ਦੀ ਸਮਰੱਥਾ ਰੱਖਦੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਵਧੇਰੇ ਵੱਕਾਰੀ ਅਤੇ ਔਖੀ ਮੰਨੀ ਜਾਣ ਵਾਲੀ ਆਈ.ਆਈ.ਟੀ.-ਜੇ.ਈ.ਈ. ਪ੍ਰੀਖਿਆ ਪਾਸ ਕਰਕੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਹੌਸਲਾ ਬੁਲੰਦ ਹੋਵੇ ਤਾਂ ਹਰ ਰੁਕਾਵਟ ਨੂੰ ਪਾਰ ਕਰਕੇ ਸੁਪਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਮੁੱਖ ਮੰਤਰੀ ਨੇ ਸਾਰੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਗੁਰੂਆਂ ਨੂੰ ਇਸ ਬੇਮਿਸਾਲ ਸਫ਼ਲਤਾ 'ਤੇ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਹਰਿਆਣਾ ਸੁਪਰ-100 ਯੋਜਨਾ ਦੀ ਸ਼ੁਰੂਆਤ ਇਸ ਸੋਚ ਨਾਲ ਕੀਤੀ ਗਈ ਸੀ ਕਿ ਧਨ ਅਤੇ ਸਾਧਨਾਂ ਦੀ ਕਮੀ ਕਦੇ ਵੀ ਕਿਸੇ ਹੋਣਹਾਰ ਵਿਦਿਆਰਥੀ ਦੀ ਪ੍ਰਤਿਭਾ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨੀ ਚਾਹੀਦੀ। ਇਸ ਯੋਜਨਾ ਦਾ ਉਦੇਸ਼ ਸੂਬੇ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਮਰੱਥਾ ਅਨੁਸਾਰ ਮੌਕੇ ਉਪਲਬਧ ਕਰਵਾਉਣਾ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਪੇਂਡੂ ਪਿਛੋਕੜ ਦੇ ਬੱਚਿਆਂ ਨੂੰ ਵੀ ਉੱਚ ਸਿੱਖਿਆ ਲਈ ਬਿਹਤਰ ਮੌਕੇ ਉਪਲਬਧ ਹੋਣ, ਅੱਜ ਸੁਪਰ-100 ਇਸ ਨੂੰ ਸਾਰਥਕ ਕਰ ਰਿਹਾ ਹੈ। ਮੁੱਖ ਮੰਤਰੀ ਨੇ ਵਿਸ਼ੇਸ਼ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਫ਼ਲਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਵਿੱਚ ਸੂਬੇ ਦੀਆਂ ਧੀਆਂ ਮੋਹਰੀ ਕਤਾਰ ਵਿੱਚ ਖੜ੍ਹੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਸਾਰੀਆਂ ਧੀਆਂ ਪੂਰੇ ਸੂਬੇ ਦੀਆਂ ਦੂਜੀਆਂ ਲੜਕੀਆਂ ਲਈ ਪ੍ਰੇਰਨਾ ਦਾ ਸਰੋਤ ਹਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਸਮਾਜ ਲਈ ਮਾਣ ਵਾਲੀ ਗੱਲ ਹਨ। ਉਨ੍ਹਾਂ ਇਸ ਮੌਕੇ ਹਰਿਆਣਾ ਸੁਪਰ-100 ਦੇ ਅਧਿਆਪਕਾਂ ਦੀ ਵੀ ਵਿਸ਼ੇਸ਼ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੱਤਾ, ਸਗੋਂ ਉਨ੍ਹਾਂ ਦੇ ਅੰਦਰ ਛੁਪੇ ਆਤਮ-ਵਿਸ਼ਵਾਸ ਅਤੇ ਭਰੋਸੇ ਨੂੰ ਵੀ ਜਗਾਇਆ, ਜਿਸ ਦੇ ਨਤੀਜੇ ਵਜੋਂ ਅੱਜ ਇਹ ਵਿਦਿਆਰਥੀ ਨਵੀਆਂ ਉਚਾਈਆਂ 'ਤੇ ਪਹੁੰਚੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਸਾਲ 2047 ਤੱਕ ਭਾਰਤ ਇੱਕ ਵਿਕਸਿਤ ਰਾਸ਼ਟਰ ਬਣੇ। ਉਨ੍ਹਾਂ ਕਿਹਾ ਕਿ ਇਸ ਵਿਕਸਿਤ ਭਾਰਤ ਦੀ ਸ਼ਾਨਦਾਰ ਇਮਾਰਤ ਦਾ ਨਿਰਮਾਣ ਤੁਹਾਡੇ ਵਰਗੇ ਹੋਣਹਾਰ, ਪ੍ਰਤਿਭਾਸ਼ਾਲੀ ਅਤੇ ਤਕਨੀਕੀ ਤੌਰ 'ਤੇ ਸਮਰੱਥ ਨੌਜਵਾਨ ਕਰਨਗੇ।
ਤੁਹਾਡੀ ਬੁੱਧੀਮਤਾ, ਨਵੀਨਤਾ) ਅਤੇ ਖੋਜ 'ਮੇਕ ਇਨ ਇੰਡੀਆ' ਅਤੇ 'ਆਤਮਨਿਰਭਰ ਭਾਰਤ' ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਮੁੱਖ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਹਰਿਆਣਾ ਸੁਪਰ-100 ਦੇ ਵਿਦਿਆਰਥੀ ਭਵਿੱਖ ਵਿੱਚ ਵੀ ਆਪਣੀ ਪ੍ਰਤਿਭਾ, ਮਿਹਨਤ ਅਤੇ ਨਵੀਨਤਾ ਦੇ ਦਮ 'ਤੇ ਸੂਬੇ ਅਤੇ ਦੇਸ਼ ਦਾ ਨਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕਰਨਗੇ।
ਹਰਿਆਣਾ ਸੁਪਰ-100 ਬਣਿਆ ਪ੍ਰਤਿਭਾਵਾਂ ਦੀ ਉਡਾਣ ਦਾ ਮਜ਼ਬੂਤ ਮੰਚ, 534 ਵਿਦਿਆਰਥੀਆਂ ਨੇ IIT-NEET ਵਰਗੀਆਂ ਪ੍ਰੀਖਿਆਵਾਂ ਵਿੱਚ ਹਾਸਲ ਕੀਤੀ ਸਫ਼ਲਤਾ - ਕੇਂਦਰੀ ਮੰਤਰੀ ਮਨੋਹਰ ਲਾਲ
ਹਰਿਆਣਾ ਸੁਪਰ-100 ਅਭਿਨੰਦਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਲ 2015 ਵਿੱਚ ਉਨ੍ਹਾਂ ਦੀ ਸਰਕਾਰ ਨੇ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਲਿਆਉਣ ਦੇ ਉਦੇਸ਼ ਨਾਲ ਮੈਰਿਟ ਨੂੰ ਮਿਸ਼ਨ ਬਣਾਇਆ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸਪੱਸ਼ਟ ਟੀਚਾ ਸੀ ਕਿ ਹਰ ਪ੍ਰਤਿਭਾਸ਼ਾਲੀ ਵਿਦਿਆਰਥੀ ਨੂੰ ਉਸ ਦੀ ਯੋਗਤਾ ਅਨੁਸਾਰ ਅੱਗੇ ਵਧਣ ਦਾ ਮੌਕਾ ਮਿਲੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 'ਬਿਨਾਂ ਖ਼ਰਚੀ, ਬਿਨਾਂ ਪਰਚੀ' ਦੇ ਸਿਧਾਂਤ 'ਤੇ ਸਰਕਾਰੀ ਨੌਕਰੀਆਂ ਦੇਣ ਦੀ ਵਿਵਸਥਾ ਲਾਗੂ ਕੀਤੀ ਅਤੇ ਯੋਗਤਾ ਦੇ ਅਧਾਰ 'ਤੇ ਪਾਰਦਰਸ਼ੀ ਭਰਤੀ ਪ੍ਰਕਿਰਿਆ ਯਕੀਨੀ ਬਣਾਈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰਤਿਭਾ ਅਤੇ ਮਿਹਨਤ ਨੂੰ ਹੀ ਸਫ਼ਲਤਾ ਦਾ ਅਧਾਰ ਬਣਾਇਆ।
ਕੇਂਦਰੀ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਅਤੇ ਸ਼੍ਰੀ ਨਵੀਨ ਮਿਸ਼ਰਾ ਦੇ ਸਾਂਝੇ ਯਤਨਾਂ ਨਾਲ ਸੁਪਰ-100 ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਉਦੇਸ਼ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਪੱਧਰੀ ਮੁਕਾਬਲੇਬਾਜ਼ੀ ਪ੍ਰੀਖਿਆਵਾਂ ਦੀ ਮਿਆਰੀ ਤਿਆਰੀ ਉਪਲਬਧ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸਾਲ 2018 ਵਿੱਚ ਉਨ੍ਹਾਂ ਦੀ ਸਰਕਾਰ ਨੇ ਯੋਗਤਾ ਦੇ ਅਧਾਰ 'ਤੇ 18,218 ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ, ਜੋ ਪਾਰਦਰਸ਼ੀ ਅਤੇ ਮੈਰਿਟ ਅਧਾਰਤ ਭਰਤੀ ਪ੍ਰਣਾਲੀ ਦਾ ਪ੍ਰਮਾਣ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੁਪਰ-100 ਪ੍ਰੋਗਰਾਮ ਦੇ ਅੰਤਰਗਤ ਹੁਣ ਤੱਕ 534 ਵਿਦਿਆਰਥੀਆਂ ਨੇ IIT ਅਤੇ NEET ਵਰਗੀਆਂ ਵੱਕਾਰੀ ਮੁਕਾਬਲੇਬਾਜ਼ੀ ਪ੍ਰੀਖਿਆਵਾਂ ਵਿੱਚ ਸਫ਼ਲਤਾ ਪ੍ਰਾਪਤ ਕਰਕੇ ਹਰਿਆਣਾ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਇਸ ਪ੍ਰਾਪਤੀ ਨੂੰ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੇ ਸਮਰਪਣ ਅਤੇ ਸਰਕਾਰ ਦੀ ਦੂਰਅੰਦੇਸ਼ੀ ਪਹਿਲਕਦਮੀ ਦਾ ਨਤੀਜਾ ਦੱਸਿਆ।
ਕੇਂਦਰੀ ਮੰਤਰੀ ਨੇ ਪ੍ਰੋਗਰਾਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਇਸ ਸਫ਼ਲਤਾ 'ਤੇ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸੁਪਰ-100 ਯੋਜਨਾ ਅੱਗੇ ਵੀ ਹਰਿਆਣਾ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦਿੰਦੀ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿੰਡ-ਪਿੰਡ ਵਿੱਚ ਲਾਇਬ੍ਰੇਰੀਆਂ ਖੋਲ੍ਹਣ ਦਾ ਸੰਕਲਪ ਲਿਆ ਹੈ।
ਇਸ ਮੌਕੇ ਸਿੱਖਿਆ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਜੇ ਦਹੀਆ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਯਸ਼ਪਾਲ ਯਾਦਵ, ਡਾਇਰੈਕਟਰ ਜਨਰਲ ਜਤਿੰਦਰ ਦਹੀਆ, ਸੂਚਨਾ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਐਮ. ਪਾਂਡੂਰੰਗ, ਵਧੀਕ ਡਾਇਰੈਕਟਰ ਮਨੀਸ਼ ਲੋਹਾਨ, ਮੀਡੀਆ ਸਕੱਤਰ ਪ੍ਰਵੀਨ ਆਤਰੇ, ਵਿਕਲਪ ਫਾਊਂਡੇਸ਼ਨ ਦੇ ਸੰਸਥਾਪਕ ਨਵੀਨ ਮਿਸ਼ਰਾ ਸਮੇਤ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।