ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਿਆਸਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਖੁੱਲ੍ਹੇਆਮ ਇੱਕ ਖਾਸ ਸਿਆਸੀ ਪਾਰਟੀ ਦੇ ਪੱਖ ਵਿੱਚ ਖੜ੍ਹੇ ਹੋ ਕੇ ਰਾਜਨੀਤੀ ਕਰ ਰਹੇ ਹਨ। ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੁਨੀਆ ਭਰ ਦੇ ਸਿੱਖਾਂ ਦਾ ਸਰਵਉੱਚ ਅਤੇ ਪੂਜਣਯੋਗ ਅਸਥਾਨ ਹੈ, ਨਾ ਕਿ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਦੀ ਨਿੱਜੀ ਜਾਗੀਰ।
ਉਹਨਾਂ ਕਿਹਾ ਕਿ ਜੱਥੇਦਾਰ ਸਾਹਿਬ ਨੂੰ ਅੱਧੀ ਰਾਤ ਨੂੰ ਸੁਖਬੀਰ ਬਾਦਲ ਦੇ ਇਸ਼ਾਰੇ 'ਤੇ, ਬਿਨਾਂ ਕਿਸੇ ਸਿੱਖ ਸੰਪਰਦਾ ਜਾਂ ਜਥੇਬੰਦੀ ਦੀ ਰਾਇ ਲਏ, ਇੱਕ ਅਜਿਹੀ ਜਗ੍ਹਾ 'ਤੇ ਜੱਥੇਦਾਰ ਥਾਪ ਦਿੱਤਾ ਗਿਆ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੱਕ ਨਹੀਂ ਸੀ। ਅਜਿਹੇ ਵਿੱਚ ਉਹਨਾਂ ਦਾ ਬਾਦਲ ਪਰਿਵਾਰ ਪ੍ਰਤੀ ਵਫ਼ਾਦਾਰੀ ਨਿਭਾਉਣਾ ਅਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਖੁਦ ਨੂੰ ਸੁਖਬੀਰ ਬਾਦਲ ਦਾ ਸਿਪਾਹੀ ਦੱਸਣਾ, ਇਹਨਾਂ ਮਹਾਨ ਸਿੱਖ ਸੰਸਥਾਵਾਂ ਦੇ ਸਿਆਸੀਕਰਨ ਦਾ ਜਿਉਂਦਾ-ਜਾਗਦਾ ਸਬੂਤ ਹੈ।
ਬਲਤੇਜ ਪੰਨੂ ਨੇ ਜੱਥੇਦਾਰ ਵੱਲੋਂ ਜਾਰੀ ਕੀਤੀ ਗਈ ਕਥਿਤ ਫੋਰੈਂਸਿਕ ਰਿਪੋਰਟ 'ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਇਸ ਰਿਪੋਰਟ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਕੌਣ ਹੈ। ਉਹਨਾਂ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਤੁਹਾਡੀ ਰਿਪੋਰਟ ਮੰਨ ਵੀ ਲਈਏ ਕਿ ਵੀਡੀਓ (ਏਆਈ) ਨਾਲ ਨਹੀਂ ਬਣੀ, ਤਾਂ ਜੱਥੇਦਾਰ ਸਾਹਿਬ ਇਹ ਦੱਸਣ ਕਿ ਉਸ ਵੀਡੀਓ ਵਿੱਚ ਦਿਖ ਰਹੇ ਵਿਅਕਤੀ ਦਾ ਕੱਦ ਕਿੰਨਾ ਹੈ? ਜਿਸ ਮੁੱਖ ਮੰਤਰੀ ਭਗਵੰਤ ਮਾਨ 'ਤੇ ਤੁਸੀਂ ਉਂਗਲ ਚੁੱਕ ਰਹੇ ਹੋ, ਕੀ ਉਹਨਾਂ ਦਾ ਕੱਦ ਅਤੇ ਵੀਡੀਓ ਵਾਲੇ ਵਿਅਕਤੀ ਦਾ ਕੱਦ ਮੇਲ ਖਾਂਦਾ ਹੈ?
ਉਹ ਕਿਹੜਾ ਹੋਟਲ ਦਾ ਕਮਰਾ ਹੈ ਜਿੱਥੇ ਗੁਰੂ ਸਾਹਿਬ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ, ਜਿਵੇਂ ਕਿ ਦਾਅਵਾ ਕੀਤਾ ਜਾ ਰਿਹਾ ਹੈ? ਰਿਪੋਰਟ ਇਹ ਦੱਸਣ ਵਿੱਚ ਪੂਰੀ ਤਰ੍ਹਾਂ ਨਾਕਾਮ ਹੈ ਕਿ ਵੀਡੀਓ ਵਿੱਚ ਅਸਲ ਵਿੱਚ ਕੌਣ ਹੈ। ਪੰਨੂ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਇਸ ਪੂਰੇ ਮਾਮਲੇ ਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜਨਤਾ ਦੇ ਸਾਹਮਣੇ ਕਰਕੇ ਰਹੇਗੀ।
ਅਕਾਲੀ ਦਲ ਦੇ ਇਤਿਹਾਸ ਨੂੰ ਕਾਲੇ ਪੰਨਿਆਂ ਨਾਲ ਭਰਿਆ ਦੱਸਦਿਆਂ ਪੰਨੂ ਨੇ ਕਿਹਾ ਕਿ ਸਾਲ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਚੋਰੀ ਹੋਈ, ਸਿੱਖਾਂ ਨੂੰ ਭੱਦੀ ਭਾਸ਼ਾ ਵਿੱਚ ਪੋਸਟਰ ਲਗਾ ਕੇ ਚੈਲੰਜ ਕੀਤਾ ਗਿਆ, ਅਤੇ ਅਕਤੂਬਰ ਮਹੀਨੇ ਵਿੱਚ ਗੁਰੂ ਸਾਹਿਬ ਦੇ ਅੰਗ ਕੂੜੇ ਦੇ ਢੇਰਾਂ ਵਿੱਚ ਰੋਲੇ ਗਏ। ਉਸ ਸਮੇਂ ਪੰਥਕ ਮੁਖੌਟਾ ਪਹਿਨ ਕੇ ਬਾਰ-ਬਾਰ ਸਰਕਾਰ ਬਣਾਉਣ ਵਾਲੇ ਸੁਖਬੀਰ ਬਾਦਲ ਅਤੇ ਉਹਨਾਂ ਦੇ ਲੋਕ ਸੁੱਤੇ ਰਹੇ।
ਉਹਨਾਂ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਦਬਾਇਆ, ਗਵਾਹਾਂ ਨੂੰ ਪੁਲਿਸ ਨੌਕਰੀਆਂ ਦੇ ਕੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵਿਧਾਨ ਸਭਾ ਦੇ ਬਾਹਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਇੱਕ-ਦੋ ਰੁਪਏ ਵਿੱਚ ਰੱਦੀ ਦੇ ਭਾਅ ਵੇਚਿਆ। ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਸਬੂਤ ਮਿਟਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਅੱਜ ਸੁਖਬੀਰ ਬਾਦਲ, ਸੁਮੇਧ ਸੈਣੀ ਅਤੇ ਉਮਰਾਨੰਗਲ ਵਰਗੇ ਲੋਕ ਅਦਾਲਤ ਤੋਂ ਜ਼ਮਾਨਤ 'ਤੇ ਬਾਹਰ ਘੁੰਮ ਰਹੇ ਹਨ।
ਇਹਨਾਂ ਨੂੰ ਡਰ ਹੈ ਕਿ ਬਹਿਬਲ ਕਲਾਂ ਦੀ ਜਾਂਚ ਵੀ ਜਲਦੀ ਹੀ ਇਹਨਾਂ ਦੇ ਗਲੇ ਦੀ ਫ਼ਾਹੀ ਬਣਨ ਵਾਲੀ ਹੈ। ਪੰਨੂ ਨੇ ਕਿਹਾ ਕਿ ਸਾਲ 2022 ਵਿੱਚ ਜਦੋਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਦੇ ਕੇ ਭਗਵੰਤ ਮਾਨ ਦੀ ਸਰਕਾਰ ਬਣਾਈ, ਤਾਂ ਇਹਨਾਂ ਰਵਾਇਤੀ ਆਗੂਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਹਿਲਾਂ ਇਹਨਾਂ ਨੇ ਕੂੜ ਪ੍ਰਚਾਰ ਕੀਤਾ ਕਿ ਇਹ ਸਰਕਾਰ 3 ਮਹੀਨੇ ਜਾਂ ਸਾਲ ਭਰ ਨਹੀਂ ਚੱਲੇਗੀ।
ਜਦੋਂ ਸਰਕਾਰ ਸ਼ਾਨਦਾਰ ਕੰਮ ਕਰਨ ਲੱਗੀ ਅਤੇ ਮੁੱਖ ਮੰਤਰੀ ਮਾਨ ਸਿਹਤ ਦੀ ਜਾਂਚ ਲਈ ਹਸਪਤਾਲ ਗਏ, ਤਾਂ ਇਹਨਾਂ ਦੀ ਬੌਖਲਾਹਟ ਇਸ ਕਦਰ ਵਧ ਗਈ ਕਿ ਬਿਕਰਮ ਸਿੰਘ ਮਜੀਠੀਆ ਪ੍ਰੈੱਸ ਕਾਨਫਰੰਸ ਵਿੱਚ ਮੁੱਖ ਮੰਤਰੀ ਦੀ ਧੀ ਦੀ ਵੀਡੀਓ ਦਿਖਾ ਕੇ ਘਟੀਆ ਸਿਆਸਤ 'ਤੇ ਉਤਰ ਆਏ। ਪਰ ਪੰਜਾਬ ਦੇ ਲੋਕਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਪੰਨੂ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਅੱਜ ਸਾਢੇ ਚਾਰ ਸਾਲ ਹੋਣ ਵਾਲੇ ਹਨ ਅਤੇ ਸੂਬੇ ਵਿੱਚ ਸਰਕਾਰ ਖਿਲਾਫ਼ ਕੋਈ 'ਐਂਟੀ-ਇਨਕੰਬੈਂਸੀ' ਨਹੀਂ ਹੈ।
ਮੁੱਖ ਮੰਤਰੀ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ, ਗਿੱਦੜਬਾਹਾ, ਡੇਰਾ ਬਾਬਾ ਨਾਨਕ, ਤਰਨਤਾਰਨ ਦੀਆਂ ਜ਼ਿਮਨੀ ਚੋਣਾਂ ਸਮੇਤ ਨਿਗਮ, ਨਗਰ ਕੌਂਸਲ ਅਤੇ ਸਰਪੰਚਾਂ ਦੀਆਂ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਹ ਜਿੱਤ ਡੰਡੇ ਜਾਂ ਪੁਲਿਸ ਦੇ ਜ਼ੋਰ 'ਤੇ ਨਹੀਂ, ਬਲਕਿ 2017 ਤੱਕ ਰਹੇ ਇਹਨਾਂ ਦੇ ਗੁੰਡਾ ਰਾਜ ਨੂੰ ਖ਼ਤਮ ਕਰਕੇ ਵਿਕਾਸ ਦੇ ਦਮ 'ਤੇ ਮਿਲੀ ਹੈ।
ਮਾਨ ਸਰਕਾਰ ਨੇ ਨਹਿਰਾਂ ਪਾਣੀ ਦੀ ਪਹੁੰਚ 21% ਤੋਂ ਵਧਾ ਕੇ 80% ਕੀਤੀ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਦਿੱਤੀ, ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦਿੱਤੀ, ਸੜਕਾਂ 'ਤੇ ਸੜਕ ਸੁਰੱਖਿਆ ਫੋਰਸ ਤਾਇਨਾਤ ਕੀਤੀ ਅਤੇ ਜਨਤਾ ਨੂੰ 10 ਲੱਖ ਰੁਪਏ ਦੇ ਮੁਫ਼ਤ ਕੈਸ਼ਲੈੱਸ ਇਲਾਜ ਵਾਲਾ ਸਿਹਤ ਬੀਮਾ ਕਾਰਡ ਦਿੱਤਾ। ਬਲਤੇਜ ਪੰਨੂ ਨੇ ਕਿਹਾ ਕਿ ਅਕਾਲੀ ਦਲ ਨੂੰ ਸਭ ਤੋਂ ਵੱਡੀ ਤਕਲੀਫ਼ ਇਸ ਗੱਲ ਦੀ ਹੈ ਕਿ ਜਿਸ ਭਗਵੰਤ ਮਾਨ ਨੂੰ ਉਹ ਹਮੇਸ਼ਾ ਬਦਨਾਮ ਕਰਦੇ ਸਨ, ਉਸੇ ਮਾਨ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ 'ਸਤਿਕਾਰ ਐਕਟ' ਵਿੱਚ ਇਤਿਹਾਸਕ ਸੋਧ ਕਰਕੇ ਸਖ਼ਤ ਕਾਨੂੰਨ ਲਾਗੂ ਕਰ ਦਿੱਤਾ ਹੈ। ਹੁਣ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਭੁਗਤਣੀ ਪਵੇਗੀ।
ਇਹ ਐਕਟ ਪਾਸ ਵੀ ਹੋਇਆ ਅਤੇ ਰਾਜਪਾਲ ਦੇ ਦਸਤਖਤਾਂ ਤੋਂ ਬਾਅਦ ਲਾਗੂ ਵੀ ਹੋ ਗਿਆ। ਜਿਹੜਾ ਬਾਦਲ ਪਰਿਵਾਰ ਖੁਦ ਨੂੰ ਪੰਥ ਦਾ ਠੇਕੇਦਾਰ ਸਮਝਦਾ ਸੀ ਅਤੇ ਜਿਸ ਨੇ 2007 ਤੋਂ 2017 ਦੇ ਦਰਮਿਆਨ ਪੰਜਾਬ ਦੀ ਇੱਕ ਪੂਰੀ ਪੀੜ੍ਹੀ ਨੂੰ ਚਿੱਟੇ (ਨਸ਼ੇ) ਦੀ ਅੱਗ ਵਿੱਚ ਝੋਕ ਦਿੱਤਾ, ਅੱਜ ਉਹ ਗੁਰੂ ਨਾਨਕ ਦੇਵ ਜੀ ਦੀ ਧਰਤੀ 'ਤੇ ਬਣੇ ਇਸ ਸਖ਼ਤ ਕਾਨੂੰਨ ਨੂੰ ਪਚਾ ਨਹੀਂ ਪਾ ਰਹੇ ਹਨ। ਇਸੇ ਬੌਖਲਾਹਟ ਵਿੱਚ ਉਹਨਾਂ ਨੇ ਹੁਣ ਰਾਜਨੀਤੀ ਦਾ ਆਪਣਾ ਆਖਰੀ ਪੱਤਾ ਖੇਡਦਿਆਂ, ਬਦਕਿਸਮਤੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਵੀ ਮੋਹਰਾ ਬਣਾ ਕੇ ਮੈਦਾਨ ਵਿੱਚ ਉਤਾਰ ਦਿੱਤਾ ਹੈ, ਪਰ ਪੰਜਾਬ ਦੀ ਸਮਝਦਾਰ ਜਨਤਾ ਉਹਨਾਂ ਦੇ ਇਹਨਾਂ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ।