ਮੋਹਾਲੀ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਗਮਾਡਾ ਖਿਲਾਫ ਸੂਚਨਾ ਦਾ ਅਧਿਕਾਰ ਕਾਨੂੰਨ 2005 ਅਧੀਨ ਦਾਖਲ ਕੀਤੀ ਗਈ ਆਰਟੀਆਈ ਨੇ ਚੱਪੜਚਿੜੀ ਵਿਖੇ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਵਿੱਚ ਲਗਾਈ ਗਈ ਲਿਫਟ ਪ੍ਰੋਜੈਕਟ ਨੂੰ ਲੈ ਕੇ ਕਈ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਆਰਟੀਆਈ ਵਿੱਚ ਟੈਂਡਰ ਪ੍ਰਕਿਰਿਆ ਤੋਂ ਲੈ ਕੇ ਲਾਗਤ, ਕੰਪਨੀਆਂ ਦੀ ਭੂਮਿਕਾ, ਮਨਜ਼ੂਰੀਆਂ ਅਤੇ ਲਿਫਟ ਦੇ ਚਾਲੂ ਨਾ ਹੋਣ ਦੇ ਕਾਰਨਾਂ ਤੱਕ ਵਿਸਥਾਰਪੂਰਵਕ ਜਾਣਕਾਰੀ ਮੰਗੀ ਗਈ ਹੈ।
ਕੁਲਜੀਤ ਸਿੰਘ ਬੇਦੀ ਵੱਲੋਂ ਪੁੱਛਿਆ ਗਿਆ ਹੈ ਕਿ ਲਿਫਟ ਲਈ ਟੈਂਡਰ ਕਦੋਂ ਜਾਰੀ ਹੋਇਆ, ਉਸਦਾ ਨੰਬਰ ਕੀ ਸੀ ਅਤੇ ਇਸ ਵਿੱਚ ਕਿਹੜੀਆਂ ਕੰਪਨੀਆਂ ਨੇ ਹਿੱਸਾ ਲਿਆ। ਨਾਲ ਹੀ ਇਹ ਵੀ ਸਵਾਲ ਉਠਾਇਆ ਗਿਆ ਹੈ ਕਿ ਪ੍ਰੋਜੈਕਟ ਦੀ ਕੁੱਲ ਲਾਗਤ ਕਿੰਨੀ ਸੀ ਅਤੇ ਕਿਹੜੀ ਫਰਮ ਨੂੰ ਇਹ ਕੰਮ ਦਿੱਤਾ ਗਿਆ।
ਆਰਟੀਆਈ ਵਿੱਚ ਇਸ ਗੱਲ ਦੀ ਵੀ ਮੰਗ ਕੀਤੀ ਗਈ ਹੈ ਕਿ ਚੋਣ ਪ੍ਰਕਿਰਿਆ ਦੇ ਮਾਪਦੰਡ ਕੀ ਸਨ ਅਤੇ ਮਨਜ਼ੂਰੀ ਦੇਣ ਵਾਲੀ ਕਮੇਟੀ ਦੇ ਮੈਂਬਰ ਕੌਣ ਸਨ। ਇਸ ਤੋਂ ਇਲਾਵਾ, ਲਿਫਟ ਦੀ ਇੰਸਟਾਲੇਸ਼ਨ ਕਦੋਂ ਪੂਰੀ ਹੋਈ ਅਤੇ ਇਸ ਨੂੰ ਚਾਲੂ ਹਾਲਤ ਵਿੱਚ ਕਦੋਂ ਲਿਆਂਦਾ ਗਿਆ—ਇਹ ਵੀ ਜਾਣਕਾਰੀ ਮੰਗੀ ਗਈ ਹੈ।
ਜੇ ਲਿਫਟ ਅਜੇ ਤੱਕ ਚਾਲੂ ਨਹੀਂ ਹੋਈ ਤਾਂ ਇਸ ਦੇ ਪਿੱਛੇ ਦੇ ਕਾਰਨਾਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਲਿਆਉਣ ਦੀ ਮੰਗ ਕੀਤੀ ਗਈ ਹੈ। ਆਰਟੀਆਈ ਵਿੱਚ ਮੁਰੰਮਤ ਅਤੇ ਮੈਂਟੇਨੈਂਸ ਕਾਂਟ੍ਰੈਕਟ, ਐਗਰੀਮੈਂਟ ਕਾਪੀਆਂ ਅਤੇ ਭਵਿੱਖ ਦੇ ਟਾਈਮਲਾਈਨ ਬਾਰੇ ਵੀ ਸਪਸ਼ਟ ਜਵਾਬ ਮੰਗੇ ਗਏ ਹਨ।
ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੰਗੀ ਗਈ ਆਰਟੀਆਈ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਾਮਲਾ ਇਸ ਲਈ ਹੋਰ ਵੀ ਗੰਭੀਰ ਬਣ ਜਾਂਦਾ ਹੈ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਸਿਰਫ਼ ਇੱਕ ਯਾਦਗਾਰ ਨਹੀਂ, ਸਗੋਂ ਪੰਜਾਬੀ ਵਿਰਸੇ ਅਤੇ ਇਤਿਹਾਸ ਦੀ ਸ਼ਾਨਦਾਰ ਨਿਸ਼ਾਨੀ ਹੈ। ਇਹ ਥਾਂ ਚੱਪੜਚਿੜੀ ਦੀ ਲੜਾਈ ਨਾਲ ਜੁੜੀ ਹੋਈ ਹੈ, ਜਿੱਥੇ ਸਿੱਖ ਸੂਰਮਿਆਂ ਨੇ ਮੁਗਲ ਹਕੂਮਤ ਖਿਲਾਫ ਵੱਡੀ ਜਿੱਤ ਹਾਸਲ ਕੀਤੀ ਸੀ।
ਹਰ ਸਾਲ ਇੱਥੇ ਆਉਣ ਵਾਲੇ ਸੈਲਾਨੀ ਅਤੇ ਨੌਜਵਾਨ ਆਪਣੀ ਇਤਿਹਾਸਕ ਪਛਾਣ ਨਾਲ ਜੁੜਨ ਲਈ ਇਸ ਸਥਾਨ ਦਾ ਦੌਰਾ ਕਰਦੇ ਹਨ। ਇਸ ਲਈ ਇੱਥੇ ਬੁਨਿਆਦੀ ਸੁਵਿਧਾਵਾਂ ਦਾ ਅਧੂਰਾ ਰਹਿਣਾ ਸਿਰਫ਼ ਵਿਕਾਸ ਦੀ ਕਮੀ ਨਹੀਂ, ਸਗੋਂ ਵਿਰਸੇ ਨਾਲ ਨਿਆਂ ਨਾ ਕਰਨ ਦੇ ਬਰਾਬਰ ਹੈ।
ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇੰਨੀ ਵੱਡੀ ਇਤਿਹਾਸਕ ਥਾਂ ਹੋਣ ਦੇ ਬਾਵਜੂਦ ਵੀ ਮੋਹਾਲੀ ਸ਼ਹਿਰ ਤੋਂ ਇਸ ਯਾਦਗਾਰ ਤੱਕ ਕੋਈ ਢੰਗ ਦੀ ਐਪ੍ਰੋਚ ਰੋਡ ਉਪਲਬਧ ਨਹੀਂ ਹੈ। ਸਥਾਨਕ ਲੋਕਾਂ ਅਤੇ ਯਾਤਰੀਆਂ ਨੂੰ ਅਜੇ ਵੀ ਖਰਾਬ ਅਤੇ ਅਧੂਰੀ ਸੜਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਇੱਥੇ ਪਹੁੰਚਣਾ ਮੁਸ਼ਕਲ ਬਣ ਜਾਂਦਾ ਹੈ।
ਇਹ ਹਾਲਤ ਸਰਕਾਰ ਦੇ ਵਿਕਾਸ ਦੇ ਦਾਅਵਿਆਂ ‘ਤੇ ਵੱਡਾ ਸਵਾਲ ਚਿੰਨ੍ਹ ਲਗਾਉਂਦੀ ਹੈ। ਕੁੱਲ ਮਿਲਾ ਕੇ, ਇਹ ਆਰਟੀਆਈ ਗਮਾਡਾ ਦੇ ਕੰਮਕਾਜ ‘ਤੇ ਸਵਾਲ ਖੜੇ ਕਰਦੀ ਹੈ ਅਤੇ ਇਹ ਸਪਸ਼ਟ ਕਰਦੀ ਹੈ ਕਿ ਵੱਡੇ ਪ੍ਰੋਜੈਕਟਾਂ ਦੇ ਨਾਮ ‘ਤੇ ਕਿਤੇ ਨਾ ਕਿਤੇ ਪਾਰਦਰਸ਼ਤਾ ਦੀ ਕਮੀ ਹੈ।