ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਮਰਦਮਸ਼ੁਮਾਰੀ 2027 ਦੇ ਪਹਿਲੇ ਪੜਾਅ ਤਹਿਤ ਸਵੈ ਗਣਨਾ ਕੀਤੀ ਅਤੇ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਵੇਰਵੇ ਆਨਲਾਈਨ ਦਰਜ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਉਹਨਾਂ ਜਨਗਣਨਾ 2027 ਦਾ ਪੋਸਟਰ ਵੀ ਜਾਰੀ ਕੀਤਾ।
ਇਸ ਮੌਕੇ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਜਨਗਣਨਾ ਸ਼ੁਰੂ ਹੋ ਚੁੱਕੀ ਹੈ। ਸਰਕਾਰ ਨੂੰ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਨੀਤੀਆਂ ਬਣਾਉਣ ਅਤੇ ਵਿਕਾਸ ਯੋਜਨਾਵਾਂ ਤਿਆਰ ਕਰਨ ਲਈ ਸਹੀ ਅੰਕੜਿਆਂ ਦੀ ਲੋੜ ਹੁੰਦੀ ਹੈ। ਇਸ ਲਈ ਹਰ ਨਾਗਰਿਕ ਦਾ ਜਨਗਣਨਾ ਵਿੱਚ ਸਹੀ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਉਹਨਾਂ ਸਵੈ-ਜਨਗਣਨਾ ਦਾ ਫਾਰਮ ਆਨਲਾਈਨ ਭਰ ਕੇ ਲੋਕਾਂ ਨੂੰ ਇਸ ਨਵੀਂ ਸਹੂਲਤ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਜਨਗਣਨਾ ਵਿੱਚ ਸਵੈ-ਜਨਗਣਨਾ ਦਾ ਨਵਾਂ ਫੀਚਰ ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ ਲੋਕ ਘਰ ਬੈਠੇ ਹੀ https://se.census.gov.in/ ਪੋਰਟਲ 'ਤੇ ਆਪਣੀ ਜਾਣਕਾਰੀ ਆਨਲਾਈਨ ਦਰਜ ਕਰ ਸਕਦੇ ਹਨ।
ਓਹਨਾਂ ਕਿਹਾ ਕਿ ਸਵੈ ਗਣਨਾ 30 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 14 ਮਈ 2026 ਤਕ ਹੋਵੇਗੀ। 15 ਮਈ ਤੋਂ 13 ਜੂਨ 2026 ਤੱਕ ਗਿਣਤੀਕਾਰ ਘਰ ਘਰ ਜਾਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬੀ ਸਮਾਜ ਦੇ ਪੜ੍ਹੇ-ਲਿਖੇ ਹੋਣ ਦੇ ਨਾਤੇ ਸਾਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਜਨਗਣਨਾ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ।
ਓਹਨਾਂ ਖਾਸ ਤੌਰ ‘ਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜਨਗਣਨਾ ਦੌਰਾਨ ਆਪਣੀ ਮਾਤ ਭਾਸ਼ਾ ਪੰਜਾਬੀ ਹੀ ਦਰਜ ਕਰਵਾਈ ਜਾਵੇ ਤਾਂ ਜੋ ਪੰਜਾਬ ਅਤੇ ਪੰਜਾਬੀਅਤ ਦੇ ਹਿੱਤ ਵਿੱਚ ਸਹੀ ਨੀਤੀਆਂ ਅਤੇ ਸਕੀਮਾਂ ਬਣ ਸਕਣ। ਉਨ੍ਹਾਂ ਕਿਹਾ ਕਿ ਭਾਸ਼ਾ ਸਾਡੀ ਪਛਾਣ ਹੈ ਅਤੇ ਇਸ ਨੂੰ ਮਜ਼ਬੂਤ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਇਸ ਮੌਕੇ ਹਲਕਾ ਇੰਚਾਰਜ ਸ. ਹਰਿੰਦਰ ਸਿੰਘ ਧਾਲੀਵਾਲ ਨੇ ਵੀ ਸਵੈ ਗਣਨਾ ਕੀਤੀ। ਓਹਨਾਂ ਬਰਨਾਲਾ ਵਾਸੀਆਂ ਨੂੰ ਇਸ ਮੁਹਿੰਮ ਤਹਿਤ ਆਪਣੇ ਸਹੀ ਵੇਰਵੇ ਦਰਜ ਕਰਨ ਦਾ ਸੱਦਾ ਦਿੱਤਾ।