ਭਾਰਤ ਅੱਜ ਆਪਣੇ ਆਰਥਿਕ ਸਫ਼ਰ ਦੇ ਇੱਕ ਨਿਰਣਾਇਕ ਮੋੜ 'ਤੇ ਖੜ੍ਹਾ ਹੈ। ਹੁਣ ਜਦੋਂ ਕਿ ਸਾਡਾ ਦੇਸ਼ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਬਣਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ, ਤਾਂ ਵਿਕਾਸ ਨੂੰ ਸਿਰਫ਼ ਉਤਪਾਦਨ ਦੀ ਮਾਤਰਾ ਨਾਲ ਹੀ ਨਹੀਂ, ਸਗੋਂ ਸਾਡੇ ਦੁਆਰਾ ਸਿਰਜੇ ਗਏ ਮੁੱਲ ਦੇ ਅਧਾਰ 'ਤੇ ਵੀ ਮਾਪਣਾ ਹੋਵੇਗਾ।
ਫੂਡ ਪ੍ਰੋਸੈੱਸਿੰਗ ਖੇਤਰ ਦੀ ਤੁਲਨਾ ਵਿੱਚ ਬਹੁਤ ਘੱਟ ਖੇਤਰ ਹੀ ਅਜਿਹੇ ਹਨ, ਜਿੱਥੇ ਇਸ ਤਰ੍ਹਾਂ ਦੀ ਤਬਦੀਲੀ ਬਿਲਕੁਲ ਸਾਫ਼ ਨਜ਼ਰ ਆਉਂਦੀ ਹੈ। ਭਾਰਤ ਅਨਾਜ, ਫਲਾਂ, ਸਬਜ਼ੀਆਂ, ਦੁੱਧ ਅਤੇ ਸਮੁੰਦਰੀ ਉਤਪਾਦਾਂ ਦੇ ਸਭ ਤੋਂ ਵੱਡੇ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੈ। ਦਹਾਕਿਆਂ ਤੱਕ, ਸਾਡੀ ਖੇਤੀਬਾੜੀ ਸਬੰਧੀ ਸਮਰੱਥਾ ਨੇ ਦੇਸ਼ ਵਿੱਚ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ। ਫਿਰ ਵੀ, ਇਸ ਉਪਜ ਦਾ ਇੱਕ ਵੱਡਾ ਹਿੱਸਾ ਰਵਾਇਤੀ ਤੌਰ 'ਤੇ ਬਹੁਤ ਹੀ ਸੀਮਤ ਵੈਲਿਊ ਐਡੀਸ਼ਨ ਦੇ ਨਾਲ ਸਿੱਧਾ ਖੇਤ ਤੋਂ ਮੰਡੀ ਤੱਕ ਪਹੁੰਚਦਾ ਰਿਹਾ ਹੈ।
ਅੱਜ ਭਾਰਤ ਦੇ ਖੇਤੀਬਾੜੀ ਉਤਪਾਦਨ ਦਾ ਸਿਰਫ 12-13 ਫ਼ੀਸਦੀ ਹਿੱਸਾ ਹੀ ਪ੍ਰੋਸੈੱਸਿੰਗ ਵਿੱਚੋਂ ਗੁਜ਼ਰਦਾ ਹੈ। ਉਤਪਾਦਨ ਅਤੇ ਪ੍ਰੋਸੈੱਸਿੰਗ ਦੇ ਵਿਚਕਾਰ ਦਾ ਇਹੀ ਪਾੜਾ ਭਾਰਤੀ ਅਰਥਵਿਵਸਥਾ ਵਿੱਚ ਉਪਲਬਧ ਸਭ ਤੋਂ ਵੱਡੇ ਮੌਕਿਆਂ ਵਿੱਚੋਂ ਇੱਕ ਹੈ। ਇਸ ਲਈ ਅਨਾਜਾਂ ਨਾਲ ਜੁੜੀ ਭਾਰਤ ਦੀ ਯਾਤਰਾ ਦਾ ਅਗਲਾ ਪੜਾਅ ਬਿਲਕੁਲ ਸਪਸ਼ਟ ਹੈ: ਖੇਤੀਬਾੜੀ ਦੀ ਭਰਪੂਰ ਸੰਪਦਾ ਨੂੰ ਉੱਚ ਮੁੱਲ ਵਾਲੇ ਅਤੇ ਵਿਸ਼ਵਵਿਆਪੀ ਪੱਧਰ ‘ਤੇ ਮੁਕਾਬਲੇਬਾਜ਼ ਖੁਰਾਕ ਉਤਪਾਦਾਂ ਵਿੱਚ ਤਬਦੀਲ ਕਰਨਾ।
ਪੀਐੱਲਆਈ ਯੋਜਨਾ ਦੇ ਪਿੱਛੇ ਦੀ ਕਲਪਨਾ
ਇਸ ਮੌਕੇ ਨੂੰ ਪਛਾਣਦੇ ਹੋਏ, ਭਾਰਤ ਸਰਕਾਰ ਨੇ ਮਾਰਚ 2021 ਵਿੱਚ ਕੁੱਲ 10,900 ਕਰੋੜ ਰੁਪਏ ਦੇ ਵਿੱਤੀ ਖਰਚੇ ਦੇ ਨਾਲ ਫੂਡ ਪ੍ਰੋਸੈੱਸਿੰਗ ਉਦਯੋਗ ਲਈ ਉਤਪਾਦਨ ‘ਤੇ ਅਧਾਰਿਤ ਪ੍ਰੋਤਸਾਹਨ ਯੋਜਨਾ (ਪੀਐੱਲਆਈਐੱਸਐੱਫਆਈ) ਦੀ ਸ਼ੁਰੂਆਤ ਕੀਤੀ। ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ (ਐੱਮਓਐੱਫਪੀਆਈ) ਦੁਆਰਾ ਇਸ ਯੋਜਨਾ ਨੂੰ 2021-22 ਤੋਂ 2026-27 ਤੱਕ ਦੀ 6 ਵਰ੍ਹਿਆਂ ਦੀ ਮਿਆਦ ਲਈ ਲਾਗੂ ਕੀਤਾ ਜਾ ਰਿਹਾ ਹੈ।
ਇਸ ਯੋਜਨਾ ਦੇ ਪਿੱਛੇ ਦਾ ਮੂਲ ਵਿਚਾਰ ਸਰਲ ਲੇਕਿਨ ਠੋਸ ਹੈ: ਫੂਡ ਪ੍ਰੋਸੈੱਸਿੰਗ ਸਮਰੱਥਾ, ਨਵੀਨਤਾ ਅਤੇ ਗਲੋਬਲ ਬ੍ਰਾਂਡਿੰਗ ਦੇ ਵਿਸਤਾਰ ਵਿੱਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਪੁਰਸਕ੍ਰਿਤ ਕਰਨਾ। ਕੁੱਲ ਮਿਲਾ ਕੇ, ਇਹ ਯੋਜਨਾ ਇਨ-ਸਟੋਰ ਬ੍ਰਾਂਡਿੰਗ, ਇੰਟਰਨੈਸ਼ਨਲ ਰਿਟੇਲ ਚੇਨਸ ਵਿੱਚ ਸ਼ੈਲਫ ਸਪੇਸ ਅਤੇ ਗਲੋਬਲ ਮਾਰਕੀਟਿੰਗ ਅਭਿਆਨਾਂ ਵਿੱਚ ਨਿਵੇਸ਼ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਭਾਰਤ ਵਿੱਚ ਖੁਰਾਕ ਉਤਪਾਦਨ ਨਾਲ ਜੁੜੀ ਗਲੋਬਲ ਪੱਧਰ ਦੀਆਂ ਕਈ ਚੈਂਪੀਅਨ ਕੰਪਨੀਆਂ ਤਿਆਰ ਕਰਦੀ ਹੈ।
ਰਣਨੀਤਕ ਡਿਜ਼ਾਈਨ: ਇੱਕ ਆਧੁਨਿਕ ਖੁਰਾਕ ਈਕੋਸਿਸਟਮ ਦਾ ਨਿਰਮਾਣ
ਪੀਐੱਲਆਈਐੱਸਐੱਫਪੀਆਈ ਯੋਜਨਾ ਦੇ ਬੁਨਿਆਦੀ ਢਾਂਚੇ ਨੂੰ ਸਾਵਧਾਨੀਪੂਰਵਕ ਤਿੰਨ ਪ੍ਰਮੁੱਖ ਥੰਮ੍ਹਾਂ ‘ਤੇ ਅਧਾਰਿਤ ਰੱਖਿਆ ਗਿਆ ਹੈ।
1. ਉੱਚ ਸਮਰੱਥਾ ਵਾਲੇ ਖੁਰਾਕ ਖੇਤਰਾਂ ਨੂੰ ਪ੍ਰੋਤਸਾਹਨ ਦੇਣਾ
ਪਹਿਲਾ ਕੰਪੋਨੈਂਟ ਪਕਾਉਣ ਲਈ ਤਿਆਰ (ਰੈੱਡੀ-ਟੂ-ਕੁਕ) ਅਤੇ ਖਾਣ ਲਈ ਤਿਆਰ (ਰੈੱਡੀ-ਟੂ-ਈਟ) ਖੁਰਾਕ ਪਦਾਰਥ, ਪ੍ਰੋਸੈੱਸਡ ਫਲ ਅਤੇ ਸਬਜ਼ੀਆਂ, ਸਮੁੰਦਰੀ ਉਤਪਾਦ ਜਿਹੀਆਂ ਪ੍ਰਮੁੱਖ ਖੁਰਾਕ ਸ਼੍ਰੇਣੀਆਂ ਵਿੱਚ ਉਤਪਾਦਨ ਵਧਾਉਣ ‘ਤੇ ਕੇਂਦ੍ਰਿਤ ਹੈ। ਇਹ ਸ਼੍ਰੇਣੀਆਂ ਉਸ ਤਰ੍ਹਾਂ ਦੇ ਖੇਤਰ ਹਨ ਜਿਨ੍ਹਾਂ ਵਿੱਚ ਭਾਰਤ ਘਰੇਲੂ ਖਪਤ ਅਤੇ ਨਿਰਯਾਤ ਸਮਰੱਥਾ, ਦੋਹਾਂ ਵਿੱਚ ਤੇਜ਼ੀ ਨਾਲ ਵਿਸਤਾਰ ਕਰ ਸਕਦਾ ਹੈ।
2. ਨਵੀਨਤਾ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੀ ਭਾਗੀਦਾਰੀ ਨੂੰ ਪ੍ਰੋਤਸਾਹਨ ਦੇਣਾ
ਦੂਜਾ ਕੰਪੋਨੈਂਟ ਐੱਮਐੱਸਐੱਮਈ ਦੁਆਰਾ ਵਿਕਸਿਤ ਨਵੀਨਤਾਕਾਰੀ ਅਤੇ ਜੈਵਿਕ ਖੁਰਾਕ ਉਤਪਾਦਾਂ ਨੂੰ ਸਮਰਥਨ ਪ੍ਰਦਾਨ ਕਰਦਾ ਹੈ। ਛੋਟੇ ਅਤੇ ਦਰਮਿਆਨੇ ਉੱਦਮ ਭਾਰਤ ਦੇ ਖੁਰਾਕ ਖੇਤਰ ਦੀ ਰੀੜ੍ਹ ਦੀ ਹੱਡੀ ਹਨ ਅਤੇ ਸਮਾਵੇਸ਼ੀ ਵਿਕਾਸ ਲਈ ਆਧੁਨਿਕ ਸਪਲਾਈ ਚੇਨਸ ਦੇ ਨਾਲ ਉਨ੍ਹਾਂ ਦਾ ਜੁੜਾਅ ਬਹੁਤ ਹੀ ਜ਼ਰੂਰੀ ਹੈ।
ਪੋਸ਼ਕ ਅਨਾਜ (ਮਿਲੇਟ) ਨਾਲ ਸਬੰਧਿਤ ਨਵੀਨਤਾ: ਪਰੰਪਰਾ ਨੂੰ ਆਧੁਨਿਕ ਬਜ਼ਾਰਾਂ ਨਾਲ ਜੋੜਨਾ
ਵਰ੍ਹੇ 2023 ਵਿੱਚ, ਅੰਤਰਰਾਸ਼ਟਰੀ ਪੋਸ਼ਕ ਅਨਾਜ (ਮਿਲੇਟਸ) ਵਰ੍ਹੇ ਦੇ ਮੌਕੇ ਵਿੱਚ, ਮੰਤਰਾਲੇ ਨੇ ਪੀਐੱਲਆਈ ਯੋਜਨਾ ਦੇ ਤਹਿਤ ਇੱਕ ਵਿਸ਼ੇਸ਼ ਪਹਿਲ ਦੀ ਸ਼ੁਰੂਆਤ ਕੀਤੀ। ਇਸ ਪਹਿਲ ਦਾ ਉਦੇਸ਼ ਪਕਾਉਣ ਲਈ ਤਿਆਰ (ਰੈੱਡੀ-ਟੂ-ਕੁਕ) ਅਤੇ ਖਾਣ ਲਈ ਤਿਆਰ (ਰੈੱਡੀ-ਟੂ-ਈਟ) ਉਤਪਾਦਾਂ ਵਿੱਚ ਮਿਲੇਟਸ ਦੇ ਉਪਯੋਗ ਨੂੰ ਪ੍ਰੋਤਸਾਹਿਤ ਕਰਨਾ ਸੀ।
ਮਿਲੇਟਸ ਜਲਵਾਯੂ ਪਰਿਵਰਤਨ ਦੇ ਪ੍ਰਤੀ ਪ੍ਰਤੀਰੋਧੀ, ਵਧੇਰੇ ਪੌਸ਼ਟਿਕ ਅਤੇ ਭਾਰਤ ਦੀ ਖੇਤੀਬਾੜੀ ਪਰੰਪਰਾਵਾਂ ਵਿੱਚ ਡੂੰਘਾਈ ਨਾਲ ਜੁੜੇ ਹੋਏ ਹਨ। ਆਧੁਨਿਕ ਪ੍ਰੋਸੈੱਸਡ ਖੁਰਾਕ ਪਦਾਰਥਾਂ ਵਿੱਚ ਮਿਲੇਟਸ ਦਾ ਸਮਾਵੇਸ਼ ਕਰਕੇ, ਇਹ ਯੋਜਨਾ ਪੋਸ਼ਣ ਸਬੰਧੀ ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਤੀ ਪ੍ਰਤੀਰੋਧੀ ਖੇਤੀਬਾੜੀ ਨੂੰ ਇਕੱਠੇ ਹੁਲਾਰਾ ਦਿੰਦੀ ਹੈ।
ਬਦਲਾਅ ਨਾਲ ਜੁੜੇ ਅੰਕੜੇ
ਪੀਐੱਲਆਈ ਯੋਜਨਾ ਦੇ ਤਹਿਤ ਬਹੁਤ ਹੀ ਘੱਟ ਸਮੇਂ ਵਿੱਚ ਹਾਸਲ ਕੀਤੀ ਗਈ ਤਰੱਕੀ ਉਦਯੋਗ ਜਗਤ ਵੱਲ ਮਿਲੀ ਸਕਾਰਾਤਮਕ ਪ੍ਰਤੀਕਿਰਿਆ ਅਤੇ ਇਸ ਨੀਤੀ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੀ ਹੈ।
ਹੁਣ ਤੱਕ:
● ਇਸ ਯੋਜਨਾ ਦੇ ਤਹਿਤ 165 ਕੰਪਨੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
● ਇਨ੍ਹਾਂ ਵਿੱਚੋਂ 68 ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਹਨ, ਨਾਲ ਹੀ ਵੱਡੀਆਂ ਕੰਪਨੀਆਂ ਦੇ 40 ਕੰਟਰੈਕਟ ਨਿਰਮਾਤਾ ਵੀ ਸ਼ਾਮਲ ਹਨ।
• ਕੁੱਲ ਮਿਲਾ ਕੇ 9,207 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਚੁੱਕਿਆ ਹੈ।
• ਪ੍ਰਤੀ ਵਰ੍ਹੇ ਲਗਭਗ 35 ਲੱਖ ਮੀਟ੍ਰਿਕ ਟਨ ਦੀ ਨਵੀਂ ਪ੍ਰੋਸੈੱਸਿੰਗ ਅਤੇ ਸੰਭਾਲ ਸਬੰਧੀ ਸਮਰੱਥਾ ਪੈਦਾ ਕੀਤੀ ਗਈ ਹੈ।
• ਇਸ ਯੋਜਨਾ ਨਾਲ ਪ੍ਰਤੱਖ ਅਤੇ ਅਪ੍ਰਤੱਖ ਤੌਰ ‘ਤੇ 3.29 ਲੱਖ ਰੁਜ਼ਗਾਰ ਪੈਦਾ ਹੋਏ ਹਨ।
ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਇਸ ਯੋਜਨਾ ਦਾ ਮੁੱਖ ਟੀਚਾ 25 ਲੱਖ ਰੁਜ਼ਗਾਰ ਪੈਦਾ ਕਰਨਾ ਸੀ। ਇਸ ਖੇਤਰ ਨੇ ਪਹਿਲਾਂ ਹੀ ਇਸ ਟੀਚੇ ਦਾ 131 ਪ੍ਰਤੀਸ਼ਤ ਹਿੱਸਾ ਹਾਸਲ ਕਰ ਲਿਆ ਹੈ। ਪੀਐੱਲਆਈ ਸਮਰਥਿਤ ਕਪੰਨੀਆਂ ਦੁਆਰਾ ਪ੍ਰੋਸੈੱਸਡ ਖੇਤੀਬਾੜੀ ਉਤਪਾਦਾਂ ਦੀ ਵਿਕਰੀ ਵਿੱਚ ਵੀ 2019-20 ਤੋਂ 13.23 ਪ੍ਰਤੀਸ਼ਤ ਦਾ ਮਿਸ਼ਰਿਤ ਸਲਾਨਾ ਵਾਧਾ ਦਰਜ ਕੀਤਾ ਗਿਆ ਹੈ।
(ਨਿਰਯਾਤ ਵਿੱਚ ਵਾਧਾ ਦਰ 2019-20 ਤੋਂ 7.41 ਪ੍ਰਤੀਸ਼ਤ ਦਾ ਹੈ)
ਵੱਖ-ਵੱਖ ਪੀਐੱਲਆਈ ਯੋਜਨਾਵਾਂ ਦਰਮਿਆਨ ਇੱਕ ਚਮਕਦਾ ਸਿਤਾਰਾ
ਉਤਪਾਦਨ ‘ਤੇ ਅਧਾਰਿਤ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਭਾਰਤੀ ਅਰਥਵਿਵਸਥਾ ਦੇ 14 ਖੇਤਰਾਂ ਨੂੰ ਕਵਰ ਕਰਦੀ ਹੈ। ਇਨ੍ਹਾਂ ਵਿੱਚੋਂ, ਫੂਡ ਪ੍ਰੋਸੈੱਸਿੰਗ ਨਾਲ ਸਬੰਧਿਤ ਪੀਐੱਲਆਈ ਸਭ ਤੋਂ ਪ੍ਰਭਾਵਸ਼ਾਲੀ ਯੋਜਨਾਵਾਂ ਵਿੱਚੋਂ ਇੱਕ ਬਣ ਕੇ ਉਭਰੀ ਹੈ। ਕੁੱਲ ਪੀਐੱਲਆਈ ਸਬਸਿਡੀ ਵੰਡ ਵਿੱਚ ਫੂਡ ਪ੍ਰੋਸੈੱਸਿੰਗ ਖੇਤਰ ਦਾ ਹਿੱਸਾ ਸਿਰਫ਼ 8 ਤੋਂ 9 ਪ੍ਰਤੀਸ਼ਤ ਹੀ ਹੋਣ ਦੇ ਬਾਵਜੂਦ, ਇਸ ਨੇ ਤਮਾਮ ਪੀਐੱਲਆਈ ਯੋਜਨਾਵਾਂ ਦੇ ਤਹਿਤ ਸਿਰਜਿਤ ਕੀਤੇ ਗਏ ਕੁੱਲ ਰੁਜ਼ਗਾਰਾਂ ਵਿੱਚੋਂ ਲਗਭਗ 42 ਪ੍ਰਤੀਸ਼ਤ ਰੁਜ਼ਗਾਰ ਪੈਦਾ ਕੀਤੇ ਹਨ।
ਹੁਣ ਤੱਕ, ਇਸ ਯੋਜਨਾ ਦੇ ਤਹਿਤ ਕੁੱਲ 2715 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਇਹ ਕੁੱਲ ਖਰਚੇ ਦਾ ਲਗਭਗ 25 ਪ੍ਰਤੀਸ਼ਤ ਹਿੱਸਾ ਹੈ। ਇਹ ਸਾਬਤ ਕਰਦਾ ਹੈ ਕਿ ਫੂਡ ਪ੍ਰੋਸੈੱਸੰਗ ਭਾਰਤ ਦੇ ਮੈਨੂਫੈਕਚਰਿੰਗ ਈਕੋਸਿਸਟਮ ਵਿੱਚ ਸਭ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਵਾਲੇ ਖੇਤਰਾਂ ਵਿੱਚੋਂ ਇੱਕ ਹੈ।
ਖਪਤਕਾਰਾਂ ਦੀ ਬਦਲਦੀ ਜੀਵਨ ਸ਼ੈਲੀ ਦੇ ਅਨੁਰੂਪ ਬਦਲਾਅ
ਭਾਰਤ ਦੇ ਜਨਸੰਖਿਆ ਪਰਿਵਰਤਨ ਦਾ ਪ੍ਰਭਾਵ ਖੁਰਾਕ ਉਦਯੋਗ 'ਤੇ ਵੀ ਪੈ ਰਿਹਾ ਹੈ।
ਨੌਜਵਾਨ ਅਤੇ ਸ਼ਹਿਰੀਕਰਣ ਵੱਲ ਵਧ ਰਹੀ ਆਬਾਦੀ ਦੀਆਂ ਵਧਦੀਆਂ ਮੰਗਾਂ ਇਸ ਪ੍ਰਕਾਰ ਹਨ:
• ਖੁਰਾਕ ਸਬੰਧੀ ਸੁਵਿਧਾਜਨਕ ਉਪਾਅ
• ਸਵੱਛ ਪੈਕੇਜਿੰਗ
• ਸੁਰੱਖਿਅਤ ਅਤੇ ਪੌਸ਼ਟਿਕ ਖਾਣ ਲਈ ਤਿਆਰ (ਰੈੱਡੀ-ਟੂ-ਈਟ) ਉਤਪਾਦ
ਬੰਗਲੁਰੂ, ਮੁੰਬਈ ਜਾਂ ਦਿੱਲੀ ਵਰਗੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਪੇਸ਼ੇਵਰ ਅਕਸਰ ਪਕਾਉਣ ਲਈ ਤਿਆਰ (ਰੈੱਡੀ-ਟੂ-ਕੁਕ) ਜਾਂ ਖਾਣ ਲਈ ਤਿਆਰ (ਰੈੱਡੀ-ਟੂ-ਈਟ) ਜਿਹੇ ਗੁਣਵੱਤਾਪੂਰਨ ਭੋਜਨ ਦੀ ਭਾਲ ਵਿੱਚ ਰਹਿੰਦੇ ਹਨ ਜੋ ਉਨ੍ਹਾਂ ਦੀ ਤੇਜ਼-ਰਫ਼ਤਾਰ ਜੀਵਨ ਸ਼ੈਲੀ ਦੇ ਅਨੁਕੂਲ ਹੋਣ।
ਖੁਰਾਕ ਸੁਰੱਖਿਆ ਤੋਂ ਖੁਰਾਕ ਅਗਵਾਈ ਵੱਲ
ਭਾਰਤ ਦੀ ਭਰਪੂਰ ਖੇਤੀਬਾੜੀ ਸੰਪਦਾ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਸਾਡੇ ਸਾਹਮਣੇ ਇਸ ਭਰਪੂਰ ਸੰਪਦਾ ਨੂੰ ਟਿਕਾਊ ਆਰਥਿਕ ਮੁੱਲ ਵਿੱਚ ਬਦਲਣ ਦੀ ਚੁਣੌਤੀ ਹੈ। ਫੂਡ ਪ੍ਰੋਸੈੱਸਿੰਗ ਉਦਯੋਗ ਨਾਲ ਸਬੰਧਿਤ ਉਤਪਾਦਨ-ਅਧਾਰਿਤ ਪ੍ਰੋਤਸਾਹਨ ਯੋਜਨਾ ਇਸ ਤਬਦੀਲੀ ਨੂੰ ਗਤੀ ਦੇਣ ਵਿੱਚ ਸਹਾਇਕ ਸਾਬਿਤ ਹੋ ਰਹੀ ਹੈ ਅਤੇ ਖੁਰਾਕ ਸੁਰੱਖਿਆ ਤੋਂ ਅੱਗੇ ਵਧ ਕੇ ਵਿਸ਼ਵਵਿਆਪੀ ਪੱਧਰ ‘ਤੇ ਅਨਾਜ ਦੇ ਮਾਮਲੇ ਵਿੱਚ ਅਗਵਾਈ ਦਾ ਸੁਪਨਾ ਜਲਦੀ ਹੀ ਸਾਕਾਰ ਹੋਣ ਵਾਲਾ ਹੈ।