ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਨਵੇਂ ਜ਼ਿਲ੍ਹੇ ਹਾਂਸੀ ਵਿੱਚ ਵੀ ਜਲਦੀ ਹੀ "ਡੇ-ਕੇਅਰ ਕੈਂਸਰ ਕੇਂਦਰ" ਸ਼ੁਰੂ ਕੀਤਾ ਜਾਵੇਗਾ, ਇਸ ਤੋਂ ਪਹਿਲਾਂ 22 ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੇ ਜਾ ਚੁੱਕੇ ਹਨ। ਸਿਹਤ ਮੰਤਰੀ ਅੱਜ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਵਾਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ 11 ਫਰਵਰੀ 2026 ਨੂੰ ਸੂਬੇ ਦੇ ਸਾਰੇ ਜ਼ਿਲ੍ਹਾ ਨਾਗਰਿਕ ਹਸਪਤਾਲਾਂ ਵਿੱਚ ਡੇ-ਕੇਅਰ ਕੈਂਸਰ ਕੇਂਦਰਾਂ (ਡੀ.ਸੀ.ਸੀ.ਸੀ.) ਦਾ ਉਦਘਾਟਨ ਕੀਤਾ ਸੀ, ਜਿਸ ਨਾਲ ਮਰੀਜ਼ਾਂ ਨੂੰ ਆਪਣੇ ਘਰਾਂ ਦੇ ਨੇੜੇ ਕੀਮੋਥੈਰੇਪੀ ਅਤੇ ਸਹਾਇਕ ਦੇਖਭਾਲ ਉਪਲਬਧ ਹੋਈ ਹੈ। ਫਤਿਹਾਬਾਦ ਸਮੇਤ 22 ਜ਼ਿਲ੍ਹਿਆਂ ਵਿੱਚ 'ਹੱਬ ਅਤੇ ਸਪੋਕ' ਮਾਡਲ ਵਿੱਚ ਸਮਰਪਿਤ ਕੈਂਸਰ ਓ.ਪੀ.ਡੀ., ਕੀਮੋਥੈਰੇਪੀ ਵਾਰਡ ਅਤੇ ਪੈਲੀਏਟਿਵ ਕੇਅਰ ਓ.ਪੀ.ਡੀ. ਚਾਲੂ ਕਰ ਦਿੱਤੇ ਗਏ ਹਨ (ਫਤਿਹਾਬਾਦ 'ਸਪੋਕ' ਦੇ ਰੂਪ ਵਿੱਚ ਪੀ.ਜੀ.ਆਈ.ਐਮ.ਐਸ. ਰੋਹਤਕ ਨਾਲ ਜੁੜਿਆ ਹੋਇਆ ਹੈ)।
ਸਾਲ 2025 ਵਿੱਚ, ਫਰੀਦਾਬਾਦ, ਪੰਚਕੂਲਾ, ਕੁਰੂਕਸ਼ੇਤਰ ਅਤੇ ਯਮੁਨਾਨਗਰ ਜ਼ਿਲ੍ਹਿਆਂ ਵਿੱਚ ਡੀ.ਸੀ.ਸੀ.ਸੀਜ਼ ਨੇ 2,672 ਮਰੀਜ਼ਾਂ ਨੂੰ ਕੀਮੋਥੈਰੇਪੀ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਅਟਲ ਕੈਂਸਰ ਕੇਅਰ ਸੈਂਟਰ (ACCC) ਅੰਬਾਲਾ ਕੈਂਟ, ਖੇਤਰੀ ਕੈਂਸਰ ਕੇਂਦਰ (RCC) ਪੀ.ਜੀ.ਆਈ.ਐਮ.ਐਸ. ਰੋਹਤਕ ਅਤੇ ਰਾਸ਼ਟਰੀ ਕੈਂਸਰ ਸੰਸਥਾਨ (NCI), ਝੱਜਰ ਰਾਜ ਵਿੱਚ ਵਿਆਪਕ ਕੈਂਸਰ ਇਲਾਜ ਪ੍ਰਦਾਨ ਕਰ ਰਹੇ ਹਨ।
ਜ਼ਿਲ੍ਹਾ ਹਿਸਾਰ, ਸੋਨੀਪਤ, ਨੂੰਹ ਅਤੇ ਕਰਨਾਲ ਦੇ ਮੈਡੀਕਲ ਕਾਲਜ ਵੀ ਕੈਂਸਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।