ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਿਰਤੀ ਅਤੇ ਦਲਿਤ ਵਰਗ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੇ ਰੋਸ ਵਜੋਂ ਅੱਜ ਬਰਨਾਲਾ ਦੇ ਕਚਹਿਰੀ ਚੌਕ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਵੇਲੇ ਐਮ ਐਲ ਏ ਹਲਕਾ ਭਦੌੜ ਸ. ਲਾਭ ਸਿੰਘ ਉਗੋਕੇ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਆਮ ਆਦਮੀ ਪਾਰਟੀ ਬਰਨਾਲਾ ਦੇ ਪ੍ਰਧਾਨ ਪਰਮਿੰਦਰ ਸਿੰਘ ਭੰਗੂ ਸਮੇਤ ਆਮ ਆਦਮੀ ਪਾਰਟੀ ਦੇ ਅਹੁਦੇਦਾਰ, ਵਰਕਰ ਮੌਜੂਦ ਸਨ।
ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿੰਆਂ ਹਲਕਾ ਭਦੌੜ ਦੇ ਐਮ ਐਲ ਏ ਸ. ਲਾਭ ਸਿੰਘ ਉਗੋਕੇ ਅਤੇ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਬਰਨਾਲਾ ਦੇ ਪ੍ਰਧਾਨ ਸ. ਪਰਮਿੰਦਰ ਸਿੰਘ ਭੰਗੂ ਨੇ ਕਿਹਾ ਕਿ ਅੱਜ ਇਥੇ ਕਚਹਿਰੀ ਚੌਕ ਵਿੱਚ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਜੀ ਦੀ ਅਗਵਾਈ ਹੇਠ ਇਕੱਠ ਕੀਤਾ ਗਿਆ ਹੈ। ਓਨ੍ਹਾਂ ਕਿਹਾ ਕਾਂਗਰਸ ਪਾਰਟੀ ਦੀ ਕਿਰਤੀ ਅਤੇ ਦਲਿਤ ਵਿਰੋਧੀ ਸੋਚ ਅਤੇ ਦਲਿਤਾਂ ਅਤੇ ਮਿਹਨਤਕਸ਼ਾਂ ਦਾ ਮਜ਼ਾਕ ਉਡਾਉਣ ਤੇ ਕਾਂਗਰਸ ਪਾਰਟੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੁਰੰਤ ਮਾਫੀ ਮੰਗਣ।
ਉਹਨਾਂ ਕਿਹਾ ਕਿ ਪ੍ਰਤਾਪ ਬਾਜਵਾ ਦੀ ਸੋਚ ਅੱਜ ਵੀ ਰਾਜੇ-ਮਹਾਰਾਜਿਆਂ ਵਾਲੀ ਹੈ। ਉਹ ਆਮ ਗਰੀਬ ਅਤੇ ਮਿਹਨਤਕਸ਼ ਲੋਕਾਂ ਨੂੰ ਇਨਸਾਨ ਨਹੀਂ ਸਗੋਂ 'ਮਟੀਰੀਅਲ' ਸਮਝਦੇ ਹਨ। ਉਨ੍ਹਾਂ ਕਿਹਾ ਕਿ ਕਦੇ ਇਹ ਕਿਰਤੀਆਂ ਨੂੰ 'ਬੈਂਡ-ਵਾਜੇ ਵਾਲੇ' ਕਹਿੰਦੇ ਹਨ ਅਤੇ ਕਦੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਜੋ ਕਿ ਬਹੁਤ ਸ਼ਰਮਨਾਕ ਹੈ।
ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ " ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ 'ਕਿਰਤ ਕਰੋ' ਦਾ ਸਿਧਾਂਤ ਸਭ ਤੋਂ ਉੱਪਰ ਹੈ, ਸਾਨੂੰ ਮਾਣ ਹੈ ਕਿ ਅਸੀਂ ਆਪਣੀ ਮਿਹਨਤ ਦੀ ਕਮਾਈ ਖਾਂਦੇ ਹਾਂ, ਕਾਂਗਰਸ ਵਾਂਗ ਦੇਸ਼ ਨੂੰ ਲੁੱਟ ਕੇ ਨਹੀਂ।"ਇਸ ਸਮੇਂ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਦੇ ਮਨਾਂ ਵਿੱਚ ਦਲਿਤ ਅਤੇ ਪੱਛੜੇ ਵਰਗਾਂ ਲਈ ਨਫ਼ਰਤ ਭਰੀ ਹੋਈ ਹੈ।
ਉਹ ਗਰੀਬਾਂ ਦੇ ਬੱਚਿਆਂ ਨੂੰ ਵਿਧਾਨ ਸਭਾ ਵਿੱਚ ਬੈਠੇ ਬਰਦਾਸ਼ਤ ਨਹੀਂ ਕਰ ਪਾ ਰਹੇ, ਇਸੇ ਲਈ ਬੌਖਲਾਹਟ ਵਿੱਚ ਆ ਕੇ ਅਜਿਹੀਆਂ ਬੇਤੁਕੀਆਂ ਬਿਆਨਬਾਜ਼ੀਆਂ ਕਰ ਰਹੇ ਹਨ। 'ਆਪ' ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸ਼ਬਦ ਵਾਪਸ ਲੈਂਦੇ ਹੋਏ ਪੰਜਾਬ ਦੇ ਕਿਰਤੀ ਵਰਗ ਤੋਂ ਤੁਰੰਤ ਮੁਆਫੀ ਨਾ ਮੰਗੀ, ਤਾਂ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਖਿਲਾਫ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪਾਰਟੀ ਵਰਕਰਾਂ ਨੇ ਕਾਂਗਰਸ ਹਾਈਕਮਾਂਡ ਅਤੇ ਪ੍ਰਤਾਪ ਬਾਜਵਾ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।