Thursday, 23 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਰਸੋਈ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਮਟੌਰ ਵਿਖੇ 900 ਮਹਿਲਾਵਾਂ ਨੂੰ ਵੰਡੀਆਂ ਰਸੋਈ ਕਿੱਟਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਵਿੱਚ 40 ਤੋਂ ਵੱਧ ਫ਼ਲਦਾਰ ਬੂਟੇ ਲਗਾਏ ਐਸ.ਆਈ.ਆਰ.-2026: ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਸਨਮਾਨ ਐਲਪੀਯੂ ਵਿੱਚ ਗਲੋਬਲ ਐਕਸਪੋਜ਼ਰ ਅਤੇ ਉਦਯੋਗ-ਇਕੀਕ੍ਰਿਤ ਸਿੱਖਿਆ ਨਾਲ ਆਰਕੀਟੈਕਚਰ ਅਤੇ ਪਲਾਨਿੰਗ ਪ੍ਰੋਗਰਾਮਾਂ ਲਈ ਦਾਖਲੇ ਸ਼ੁਰੂ ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ 5-5 ਬੂਟੇ ਲਗਾਉਣ ਅਤੇ ਸੰਭਾਲਣ ਲਈ ਕੀਤਾ ਪ੍ਰੇਰਿਤ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਵੰਡੇ ਫਾਰਮਾਸਿਸਟ ਭਰਤੀ ਘੁਟਾਲੇ ਵਿੱਚ ਤਰੁਣ ਚੁੱਘ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਬਾਗਬਾਨੀ ਸਕੀਮਾਂ ਦਾ ਲਾਭ ਹਰ ਕਿਸਾਨ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਧਿਕਾਰੀ : ਮੋਹਿੰਦਰ ਭਗਤ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸਰਕਾਰੀ ਸਕੂਲਾਂ ਦੇ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ₹10,000 ਕਰੋੜ ਦਾ ਨਵਾਂ ਕਰਜ਼ਾ ਲੈ ਕੇ ਪੰਜਾਬ ਨੂੰ ਆਰਥਿਕ ਬਰਬਾਦੀ ਵੱਲ ਧੱਕ ਰਹੀ ਹੈ ਮਾਨ ਸਰਕਾਰ : ਸੁਖਜਿੰਦਰ ਸਿੰਘ ਰੰਧਾਵਾ 5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਬਰਿੰਦਰ ਕੁਮਾਰ ਗੋਇਲ ਵੱਲੋਂ ਮੋਗਾ ਜਿਲ੍ਹੇ ਵਿੱਚ 105.49 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਓ.ਐਸ.ਡੀ. ਸੁਖਵੀਰ ਸਿੰਘ ਨੇ ਪਿੰਡ ਮੀਮਸਾ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹਾਕੀ ਐਸਟ੍ਰੋਟਰਫ ਦਾ ਕੰਮ ਕਰਵਾਇਆ ਸ਼ੁਰੂ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਭਰ ਦੇ ਸੜਕ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਅਸੀਂ ਨੌਜਵਾਨਾਂ ਦੇ ਨਾਲ ਹਾਂ, ਨੌਜਵਾਨਾਂ ਦੇ ਮੁੱਦੇ ਦੇਸ਼ ਦੇ ਮੁੱਦੇ ਹਨ : ਅਰਵਿੰਦ ਕੇਜਰੀਵਾਲ ਅਮਨ ਅਰੋੜਾ ਵੱਲੋਂ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪੁਖ਼ਤਾ ਡਾਟਾ ਸੁਰੱਖਿਆ ਪ੍ਰਣਾਲੀ ਯਕੀਨੀ ਬਣਾਉਣ 'ਤੇ ਜ਼ੋਰ ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ਘੇਰਾਓ ਦੇ ਵਿਰੋਧ ਵਿੱਚ ਭਾਜਪਾ ਵੱਲੋਂ ਚੰਡੀਗੜ੍ਹ ਕਾਂਗਰਸ ਭਵਨ ਦਾ ਘੇਰਾਓ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਨੇ ਪੰਜ ਪਿੰਡਾਂ ਨੂੰ ਪਾਣੀ ਵਾਲਾ ਟੈਂਕ ਸਮਰਪਿਤ ਕੀਤਾ ਭਗਵਾਨ ਸ਼੍ਰੀ ਜਗੰਨਾਥ ਦੀ ਰੱਥ ਯਾਤਰਾ ਭਾਰਤੀ ਸੱਭਿਆਚਾਰ, ਸਮਰਸਤਾ ਅਤੇ ਸੇਵਾ ਦਾ ਜਿਉਂਦਾ-ਜਾਗਦਾ ਪ੍ਰਤੀਕ : ਨਾਇਬ ਸਿੰਘ ਸੈਣੀ ਪੇਪਰ ਲੀਕ ਅਤੇ ਵਿਦਿਆਰਥੀਆਂ 'ਤੇ ਪੁਲਿਸ ਜ਼ੁਲਮ ਖ਼ਿਲਾਫ਼ ਕਾਂਗਰਸ ਭਵਨ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਨੀਟ ਦੇ ਬਹਾਨੇ ਡੁੱਬਦੀ ਸਿਆਸਤ ਨੂੰ ਜ਼ਿੰਦਾ ਕਰਨ ਵਿੱਚ ਲੱਗੀ ਕਾਂਗਰਸ, ਪੰਜਾਬ ਦੇ ਪਰੀਖਿਆ ਘਪਲਿਆਂ 'ਤੇ ਚੁੱਪ

 

ਨਰੇਂਦਰ ਮੋਦੀ ਨੇ ਅਸਾਮ ਦੇ ਕਾਲੀਆਬੋਰ ਵਿੱਚ 6,950 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਾਜ਼ੀਰੰਗਾ ਐਲੀਵੇਟਿਡ ਕੌਰੀਡੋਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

ਕਾਜ਼ੀਰੰਗਾ ਸਿਰਫ਼ ਨੈਸ਼ਨਲ ਪਾਰਕ ਤੋਂ ਕਿਤੇ ਵੱਧ ਹੈ-ਇਹ ਅਸਾਮ ਦੀ ਰੂਹ ਹੈ, ਭਾਰਤ ਦੀ ਜੈਵ-ਵਿਭਿੰਨਤਾ ਦਾ ਅਨਮੋਲ ਰਤਨ ਹੈ, ਇਸ ਨੂੰ ਯੂਨੈਸਕੋ ਨੇ ਵਿਸ਼ਵ ਵਿਰਾਸਤ ਸਥਾਨ ਵਜੋਂ ਸਨਮਾਨਿਤ ਕੀਤਾ ਹੈ : ਨਰੇਂਦਰ ਮੋਦੀ

Narendra Modi, Modi, BJP, Bharatiya Janata Party, Prime Minister of India, Prime Minister, Narendra Damodardas Modi, Himanta Biswa Sarma, Sarbananda Sonowal

Web Admin

Web Admin

5 Dariya News

ਕਾਲੀਆਬੋਰ (ਅਸਾਮ) , 18 Jan 2026

Last updated on: Jan 19, 2026, 18:28 IST

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਕਾਲੀਆਬੋਰ ਵਿੱਚ 6,950 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਾਜ਼ੀਰੰਗਾ ਐਲੀਵੇਟਿਡ ਕੌਰੀਡੋਰ ਪ੍ਰੋਜੈਕਟ (ਐੱਨਐੱਚ-715 ਦੇ ਕਾਲੀਆਬੋਰ-ਨੁਮਾਲੀਗੜ੍ਹ ਖੰਡ ਦਾ 4-ਲੇਨ ਨਿਰਮਾਣ) ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸਭਾ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਜਨਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਆਏ ਹਨ ਅਤੇ ਉਹ ਇਸ ਲਈ ਬਹੁਤ ਸ਼ੁਕਰਗੁਜ਼ਾਰ ਹਨ। 

ਉਨ੍ਹਾਂ ਕਿਹਾ ਕਿ ਕਾਜ਼ੀਰੰਗਾ ਦੀ ਮੁੜ ਯਾਤਰਾ 'ਤੇ ਉਨ੍ਹਾਂ ਨੂੰ ਆਪਣੀ ਪਿਛਲੀ ਯਾਤਰਾ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਅਤੇ ਯਾਦ ਕੀਤਾ ਕਿ ਦੋ ਸਾਲ ਪਹਿਲਾਂ ਕਾਜ਼ੀਰੰਗਾ ਵਿੱਚ ਬਿਤਾਏ ਪਲ ਉਨ੍ਹਾਂ ਦੇ ਜੀਵਨ ਦੇ ਸਭ ਤੋਂ ਖਾਸ ਤਜਰਬਿਆਂ ਵਿੱਚੋਂ ਸਨ। ਪੀਐੱਮ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਰਾਤ ਗੁਜ਼ਾਰਨ ਦਾ ਮੌਕਾ ਮਿਲਿਆ ਅਤੇ ਅਗਲੀ ਸਵੇਰ ਹਾਥੀ 'ਤੇ ਸਫਾਰੀ ਦੌਰਾਨ ਉਨ੍ਹਾਂ ਨੇ ਇਸ ਖੇਤਰ ਦੀ ਸੁੰਦਰਤਾ ਨੂੰ ਨੇੜਿਓਂ ਮਹਿਸੂਸ ਕੀਤਾ।

ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅਸਾਮ ਦੀ ਯਾਤਰਾ ਹਮੇਸ਼ਾ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਦਿੰਦੀ ਹੈ ਅਤੇ ਉਨ੍ਹਾਂ ਨੇ ਇਸ ਨੂੰ ਸੂਰਮਿਆਂ ਦੀ ਧਰਤੀ ਅਤੇ ਹਰ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਵਾਲੇ ਧੀਆਂ-ਪੁੱਤਾਂ ਦੀ ਧਰਤੀ ਦੱਸਿਆ। ਉਨ੍ਹਾਂ ਦੱਸਿਆ ਕਿ ਕੱਲ੍ਹ ਹੀ ਉਨ੍ਹਾਂ ਨੇ ਗੁਹਾਟੀ ਵਿੱਚ ਕਰਵਾਏ ਬਾਗੁਰੁੰਬਾ ਦਹੋਓ ਉਤਸਵ ਵਿੱਚ ਹਿੱਸਾ ਲਿਆ ਜਿੱਥੇ ਬੋਡੋ ਭਾਈਚਾਰੇ ਦੀਆਂ ਧੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਨਵਾਂ ਰਿਕਾਰਡ ਬਣਾਇਆ। 

ਪ੍ਰਧਾਨ ਮੰਤਰੀ ਮੋਦੀ ਨੇ ਬਾਗੁਰੁੰਬਾ ਦੀ ਬੇਮਿਸਾਲ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਜਿਸ ਵਿੱਚ 10,000 ਤੋਂ ਵੱਧ ਕਲਾਕਾਰਾਂ ਦੀ ਊਰਜਾ, ਖਾਮ ਦੀ ਤਾਲ ਅਤੇ ਸਿਫੁੰਗ ਦੀ ਮਿਠਾਸ ਨੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬਾਗੁਰੁੰਬਾ ਦਾ ਤਜਰਬਾ ਅੱਖਾਂ ਨੂੰ ਸਕੂਨ ਦਿੰਦਾ ਹੈ ਅਤੇ ਦਿਲ ਨੂੰ ਛੂਹ ਲੈਂਦਾ ਹੈ। ਪ੍ਰਧਾਨ ਮੰਤਰੀ ਨੇ ਅਸਾਮ ਦੇ ਕਲਾਕਾਰਾਂ ਦੀ ਸ਼ਲਾਘਾਯੋਗ ਕੋਸ਼ਿਸ਼, ਤਿਆਰੀ ਅਤੇ ਤਾਲਮੇਲ ਦੀ ਤਾਰੀਫ਼ ਕਰਦਿਆਂ ਇਸ ਨੂੰ ਸੱਚਮੁੱਚ ਅਦਭੁਤ ਦੱਸਿਆ। 

ਉਨ੍ਹਾਂ ਨੇ ਬਾਗੁਰੁੰਬਾ ਦਹੋਓ ਉਤਸਵ ਵਿੱਚ ਹਿੱਸਾ ਲੈਣ ਵਾਲੇ ਸਾਰੇ ਕਲਾਕਾਰਾਂ ਨੂੰ ਇੱਕ ਵਾਰ ਫਿਰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਰਾਸ਼ਟਰ ਅਤੇ ਦੁਨੀਆ ਤੱਕ ਪਹੁੰਚਾਉਣ ਲਈ ਸਾਰੇ ਸੋਸ਼ਲ ਮੀਡੀਆ ਇਨਫਲੂਐਂਸਰਜ਼ ਤੇ ਟੀਵੀ ਮੀਡੀਆ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਇਹ ਯਾਦ ਕਰਦਿਆਂ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਨੇ ਝੂਮੋਇਰ ਮਹਾਉਤਸਵ ਵਿੱਚ ਹਿੱਸਾ ਲਿਆ ਸੀ ਅਤੇ ਇਸ ਵਾਰ ਉਨ੍ਹਾਂ ਨੂੰ ਮਾਘ ਬਿਹੂ ਦੌਰਾਨ ਅਸਾਮ ਆਉਣ ਦਾ ਮੌਕਾ ਮਿਲਿਆ। 

ਉਨ੍ਹਾਂ ਦੱਸਿਆ ਕਿ ਸਿਰਫ਼ ਇੱਕ ਮਹੀਨਾ ਪਹਿਲਾਂ ਹੀ ਉਹ ਵਿਕਾਸ ਪ੍ਰੋਜੈਕਟਾਂ ਲਈ ਆਏ ਸਨ, ਜਿੱਥੇ ਉਨ੍ਹਾਂ ਨੇ ਗੁਹਾਟੀ ਵਿੱਚ ਵਿਸਤ੍ਰਿਤ ਲੋਕਪ੍ਰਿਆ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ ਅਤੇ ਨਾਮਰੂਪ ਵਿੱਚ ਅਮੋਨੀਆ ਯੂਰੀਆ ਕੰਪਲੈਕਸ ਦੀ ਨੀਂਹ ਰੱਖੀ। ਉਨ੍ਹਾਂ ਕਿਹਾ ਕਿ ਅਜਿਹੇ ਮੌਕਿਆਂ ਨੇ ਉਨ੍ਹਾਂ ਦੀ ਸਰਕਾਰ ਦੇ ‘‘ਵਿਕਾਸ ਵੀ, ਵਿਰਾਸਤ ਵੀ’’ ਦੇ ਮੰਤਰ ਨੂੰ ਹੋਰ ਮਜ਼ਬੂਤ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਅਸਾਮ ਦੇ ਅਤੀਤ, ਵਰਤਮਾਨ ਅਤੇ ਭਵਿੱਖ ਵਿੱਚ ਕਾਲੀਆਬੋਰ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਪ੍ਰਵੇਸ਼ ਦੁਆਰ ਅਤੇ ਉਪਰਲੇ ਅਸਾਮ ਲਈ ਸੰਪਰਕ ਦਾ ਇੱਕ ਪ੍ਰਮੁੱਖ ਕੇਂਦਰ ਹੈ। ਉਨ੍ਹਾਂ ਯਾਦ ਦਿਵਾਇਆ ਕਿ ਕਾਲੀਆਬੋਰ ਤੋਂ ਹੀ ਮਹਾਨ ਯੋਧੇ ਲਾਚਿਤ ਬੋਰਫੁਕਨ ਨੇ ਮੁਗਲ ਹਮਲਾਵਰਾਂ ਨੂੰ ਖਦੇੜਨ ਦੀ ਰਣਨੀਤੀ ਬਣਾਈ ਸੀ ਅਤੇ ਉਨ੍ਹਾਂ ਦੀ ਅਗਵਾਈ ਹੇਠ ਅਸਾਮ ਦੀ ਜਨਤਾ ਨੇ ਹਿੰਮਤ, ਏਕਤਾ ਅਤੇ ਦ੍ਰਿੜ੍ਹ ਇਰਾਦੇ ਨਾਲ ਮੁਗਲ ਫੌਜ ਨੂੰ ਹਰਾਇਆ ਸੀ। 

ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਸਿਰਫ਼ ਇੱਕ ਫੌਜੀ ਜਿੱਤ ਨਹੀਂ ਸਗੋਂ ਅਸਾਮ ਦੇ ਗੌਰਵ ਅਤੇ ਆਤਮ-ਵਿਸ਼ਵਾਸ ਦਾ ਐਲਾਨ ਸੀ। ਉਨ੍ਹਾਂ ਕਿਹਾ ਕਿ ਅਹੋਮ ਸ਼ਾਸਨਕਾਲ ਤੋਂ ਹੀ ਕਾਲੀਆਬੋਰ ਦੀ ਰਣਨੀਤਕ ਮਹੱਤਤਾ ਰਹੀ ਹੈ ਅਤੇ ਉਨ੍ਹਾਂ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਉਨ੍ਹਾਂ ਦੀ ਸਰਕਾਰ ਵਿੱਚ ਇਹ ਖੇਤਰ ਹੁਣ ਸੰਪਰਕ ਅਤੇ ਵਿਕਾਸ ਦਾ ਇੱਕ ਅਹਿਮ ਕੇਂਦਰ ਬਣ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਪਾਰਟੀ ਪੂਰੇ ਦੇਸ਼ ਵਿੱਚ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ ਅਤੇ ਪਿਛਲੇ ਡੇਢ ਸਾਲ ਵਿੱਚ ਪਾਰਟੀ 'ਤੇ ਲੋਕਾਂ ਦਾ ਭਰੋਸਾ ਲਗਾਤਾਰ ਵਧਿਆ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਾਲ ਹੀ ਵਿੱਚ ਹੋਈਆਂ ਬਿਹਾਰ ਚੋਣਾਂ ਵਿੱਚ, 20 ਸਾਲ ਬਾਅਦ ਵੀ, ਲੋਕਾਂ ਨੇ ਉਨ੍ਹਾਂ ਨੂੰ ਰਿਕਾਰਡ ਗਿਣਤੀ ਵਿੱਚ ਵੋਟਾਂ ਅਤੇ ਸੀਟਾਂ ਦਿੱਤੀਆਂ। 

ਉਨ੍ਹਾਂ ਅੱਗੇ ਕਿਹਾ ਕਿ ਸਿਰਫ਼ ਦੋ ਦਿਨ ਪਹਿਲਾਂ ਮਹਾਰਾਸ਼ਟਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਹੋਈਆਂ ਮੇਅਰ ਅਤੇ ਕੌਂਸਲਰ ਚੋਣਾਂ ਦੇ ਨਤੀਜਿਆਂ ਤੋਂ ਪਤਾ ਲੱਗਿਆ ਕਿ ਦੁਨੀਆ ਦੇ ਸਭ ਤੋਂ ਵੱਡੇ ਨਗਰ ਨਿਗਮਾਂ ਵਿੱਚੋਂ ਇੱਕ ਮੁੰਬਈ ਨੇ ਪਹਿਲੀ ਵਾਰ ਉਨ੍ਹਾਂ ਦੀ ਪਾਰਟੀ ਨੂੰ ਰਿਕਾਰਡ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਜ਼ਿਆਦਾਤਰ ਸ਼ਹਿਰਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਕੇਰਲ ਦੀ ਜਨਤਾ ਨੇ ਉਨ੍ਹਾਂ ਦੀ ਪਾਰਟੀ ਨੂੰ ਮਹੱਤਵਪੂਰਨ ਸਮਰਥਨ ਦਿੱਤਾ ਸੀ ਜਿਸ ਸਦਕਾ ਪਾਰਟੀ ਨੇ ਰਾਜ ਦੀ ਰਾਜਧਾਨੀ ਤਿਰੂਵਨੰਤਪੁਰਮ ਵਿੱਚ ਪਹਿਲੀ ਵਾਰ ਮੇਅਰ ਦਾ ਅਹੁਦਾ ਜਿੱਤਿਆ ਸੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੇਸ਼ ਭਰ ਵਿੱਚ ਹਾਲ ਹੀ ਦੇ ਚੋਣ ਨਤੀਜੇ ਸਪਸ਼ਟ ਤੌਰ 'ਤੇ ਦਰਸਾਉਂਦੇ ਹਨ ਕਿ ਵੋਟਰ ਸੁਸ਼ਾਸਨ ਅਤੇ ਵਿਕਾਸ ਚਾਹੁੰਦੇ ਹਨ, ਜਿਸ ਵਿੱਚ ਤਰੱਕੀ ਅਤੇ ਵਿਰਾਸਤ ਦੋਹਾਂ 'ਤੇ ਧਿਆਨ ਦਿੱਤਾ ਗਿਆ ਹੋਵੇ ਅਤੇ ਇਸੇ ਲਈ ਉਹ ਉਨ੍ਹਾਂ ਨੂੰ ਚੁਣ ਰਹੇ ਹਨ।

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਚੋਣਾਂ ਇੱਕ ਹੋਰ ਸੁਨੇਹਾ ਦਿੰਦੀਆਂ ਹਨ ਕਿ ਦੇਸ਼ ਵਿਰੋਧੀ ਧਿਰ ਦੀ ਨਕਾਰਾਤਮਕ ਰਾਜਨੀਤੀ ਨੂੰ ਲਗਾਤਾਰ ਨਕਾਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੰਬਈ, ਜਿਸ ਸ਼ਹਿਰ ਵਿੱਚ ਵਿਰੋਧੀ ਧਿਰ ਦਾ ਜਨਮ ਹੋਇਆ ਸੀ, ਉੱਥੇ ਉਹ ਹੁਣ ਚੌਥੇ ਜਾਂ ਪੰਜਵੇਂ ਸਥਾਨ 'ਤੇ ਸਿਮਟ ਗਿਆ ਹੈ ਅਤੇ ਮਹਾਰਾਸ਼ਟਰ ਵਿੱਚ, ਜਿੱਥੇ ਉਨ੍ਹਾਂ ਨੇ ਦਹਾਕਿਆਂ ਤੱਕ ਰਾਜ ਕੀਤਾ, ਉੱਥੇ ਤਾਂ ਉਸ ਦੀ ਹੋਂਦ ਹੀ ਖ਼ਤਮ ਹੋ ਚੁੱਕੀ ਹੈ। 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਦੇਸ਼ ਦਾ ਭਰੋਸਾ ਗੁਆ ਦਿੱਤਾ ਹੈ ਕਿਉਂਕਿ ਉਸ ਕੋਲ ਵਿਕਾਸ ਦਾ ਕੋਈ ਏਜੰਡਾ ਨਹੀਂ ਹੈ ਅਤੇ ਅਜਿਹੀ ਪਾਰਟੀ ਕਦੇ ਵੀ ਅਸਾਮ ਜਾਂ ਕਾਜ਼ੀਰੰਗਾ ਦੇ ਹਿੱਤਾਂ ਦੀ ਸੇਵਾ ਨਹੀਂ ਕਰ ਸਕਦੀ। ਪ੍ਰਧਾਨ ਮੰਤਰੀ ਨੇ ਭਾਰਤ ਰਤਨ ਡਾ. ਭੂਪੇਨ ਹਜ਼ਾਰਿਕਾ ਦੇ ਸ਼ਬਦਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਕਾਜ਼ੀਰੰਗਾ ਦੀ ਸੁੰਦਰਤਾ ਨੂੰ ਡੂੰਘੇ ਪਿਆਰ ਨਾਲ ਬਿਆਨ ਕੀਤਾ ਸੀ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸ਼ਬਦਾਂ ਵਿੱਚ ਕਾਜ਼ੀਰੰਗਾ ਪ੍ਰਤੀ ਪਿਆਰ ਅਤੇ ਅਸਾਮ ਦੇ ਲੋਕਾਂ ਦਾ ਕੁਦਰਤ ਨਾਲ ਡੂੰਘਾ ਜੁੜਾਅ ਝਲਕਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਾਜ਼ੀਰੰਗਾ ਸਿਰਫ਼ ਇੱਕ ਨੈਸ਼ਨਲ ਪਾਰਕ ਨਹੀਂ, ਸਗੋਂ ਅਸਾਮ ਦੀ ਰੂਹ ਅਤੇ ਭਾਰਤ ਦੀ ਜੈਵ-ਵਿਭਿੰਨਤਾ ਦਾ ਅਨਮੋਲ ਰਤਨ ਹੈ। ਇਸ ਨੂੰ ਯੂਨੈਸਕੋ ਨੇ ਵਿਸ਼ਵ ਵਿਰਾਸਤ ਸਥਾਨ ਵਜੋਂ ਮਾਨਤਾ ਦਿੱਤੀ ਹੈ। 

ਉਨ੍ਹਾਂ ਕਿਹਾ ਕਿ ਕਾਜ਼ੀਰੰਗਾ ਅਤੇ ਇਸ ਦੇ ਜੰਗਲੀ ਜੀਵਾਂ ਦੀ ਰਾਖੀ ਕਰਨਾ ਨਾ ਸਿਰਫ਼ ਵਾਤਾਵਰਨ ਦੀ ਸੰਭਾਲ ਹੈ, ਸਗੋਂ ਅਸਾਮ ਦੇ ਭਵਿੱਖ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਜ਼ਿੰਮੇਵਾਰੀ ਵੀ ਹੈ। ਸ਼੍ਰੀ ਮੋਦੀ ਨੇ ਅਸਾਮ ਦੀ ਧਰਤੀ ਤੋਂ ਸ਼ੁਰੂ ਹੋਣ ਵਾਲੇ ਨਵੇਂ ਪ੍ਰੋਜੈਕਟਾਂ ਦਾ ਐਲਾਨ ਕੀਤਾ ਅਤੇ ਵਿਆਪਕ ਪ੍ਰਭਾਵ ਪਾਉਣ ਵਾਲੀਆਂ ਇਨ੍ਹਾਂ ਪਹਿਲਕਦਮੀਆਂ ਲਈ ਲੋਕਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਇਹ ਦੱਸਦੇ ਹੋਏ ਕਿਹਾ ਕਿ ਕਾਜ਼ੀਰੰਗਾ ਇੱਕ ਸਿੰਗ ਵਾਲੇ ਗੈਂਡੇ ਦਾ ਘਰ ਹੈ ਅਤੇ ਹੜ੍ਹ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਬਾਰੇ ਦੱਸਿਆ, ਜਦੋਂ ਜੰਗਲੀ ਜੀਵ ਉੱਚੀਆਂ ਥਾਵਾਂ ਦੀ ਭਾਲ ਵਿੱਚ ਨੈਸ਼ਨਲ ਹਾਈਵੇਅ ਪਾਰ ਕਰਨ ਲਈ ਮਜਬੂਰ ਹੋ ਜਾਂਦੇ ਹਨ ਅਤੇ ਅਕਸਰ ਫਸ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਜੰਗਲ ਨੂੰ ਸੁਰੱਖਿਅਤ ਰੱਖਦੇ ਹੋਏ ਸੁਚਾਰੂ ਆਵਾਜਾਈ ਯਕੀਨੀ ਬਣਾਈ ਜਾਵੇ। 

ਉਨ੍ਹਾਂ ਦੱਸਿਆ ਕਿ ਇਸੇ ਯੋਜਨਾ ਤਹਿਤ, ਕਾਲੀਆਬੋਰ ਤੋਂ ਨੁਮਾਲੀਗੜ੍ਹ ਤੱਕ 90 ਕਿਲੋਮੀਟਰ ਲੰਬਾ ਕੌਰੀਡੋਰ ਲਗਭਗ 7,000 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ 35 ਕਿਲੋਮੀਟਰ ਲੰਬਾ ਐਲੀਵੇਟਿਡ ਵਾਈਲਡਲਾਈਫ ਕੌਰੀਡੋਰ ਵੀ ਸ਼ਾਮਲ ਹੈ। ਵਾਹਨ ਉੱਪਰੋਂ ਲੰਘਣਗੇ ਜਦਕਿ ਜੰਗਲੀ ਜੀਵਾਂ ਦੀ ਆਵਾਜਾਈ ਹੇਠਾਂ ਬਿਨਾਂ ਰੁਕਾਵਟ ਜਾਰੀ ਰਹੇਗੀ। 

ਇਸ ਕੌਰੀਡੋਰ ਦਾ ਡਿਜ਼ਾਈਨ ਗੈਂਡਿਆਂ, ਹਾਥੀਆਂ ਅਤੇ ਬਾਘਾਂ ਦੇ ਰਵਾਇਤੀ ਆਵਾਜਾਈ ਦੇ ਰਸਤਿਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਕੌਰੀਡੋਰ ਉਪਰਲੇ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿਚਕਾਰ ਸੰਪਰਕ ਨੂੰ ਵੀ ਬਿਹਤਰ ਬਣਾਏਗਾ ਅਤੇ ਨਵੀਆਂ ਰੇਲ ਸੇਵਾਵਾਂ ਨਾਲ ਲੋਕਾਂ ਲਈ ਨਵੇਂ ਮੌਕੇ ਖੋਲ੍ਹੇਗਾ। ਉਨ੍ਹਾਂ ਨੇ ਇਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਲਈ ਅਸਾਮ ਅਤੇ ਦੇਸ਼ ਨੂੰ ਵਧਾਈ ਦਿੱਤੀ।

ਕੁਦਰਤ ਦੀ ਸੰਭਾਲ ਨਾਲ ਮੌਕਿਆਂ ਦੀ ਸਿਰਜਣਾ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਾਜ਼ੀਰੰਗਾ ਵਿੱਚ ਹਾਲ ਦੇ ਸਾਲਾਂ ਵਿੱਚ ਸੈਰ-ਸਪਾਟੇ ਵਿੱਚ ਲਗਾਤਾਰ ਵਾਧਾ ਹੋਇਆ ਹੈ। ਹੋਮਸਟੇ, ਗਾਈਡ ਸੇਵਾਵਾਂ, ਆਵਾਜਾਈ, ਦਸਤਕਾਰੀ ਅਤੇ ਛੋਟੇ ਕਾਰੋਬਾਰਾਂ ਰਾਹੀਂ ਸਥਾਨਕ ਨੌਜਵਾਨਾਂ ਨੂੰ ਆਮਦਨ ਦੇ ਨਵੇਂ ਸਾਧਨ ਮਿਲੇ ਹਨ। ਅਸਾਮ ਦੀ ਜਨਤਾ ਅਤੇ ਸਰਕਾਰ ਦੀ ਇੱਕ ਹੋਰ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ ਇੱਕ ਸਮਾਂ ਸੀ ਜਦੋਂ ਗੈਂਡਿਆਂ ਦਾ ਅਵੈਧ ਸ਼ਿਕਾਰ ਇੱਕ ਵੱਡੀ ਚਿੰਤਾ ਦਾ ਵਿਸ਼ਾ ਸੀ ਅਤੇ 2013 ਅਤੇ 2014 ਵਿੱਚ ਦਰਜਨਾਂ ਇੱਕ ਸਿੰਗ ਵਾਲੇ ਗੈਂਡਿਆਂ ਦਾ ਗ਼ੈਰ-ਕਾਨੂੰਨੀ ਸ਼ਿਕਾਰ ਕੀਤਾ ਗਿਆ ਸੀ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਤੈਅ ਕੀਤਾ ਕਿ ਇਹ ਨਹੀਂ ਚੱਲੇਗਾ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ, ਜੰਗਲਾਤ ਵਿਭਾਗ ਨੂੰ ਆਧੁਨਿਕ ਸਾਧਨ ਉਪਲਬਧ ਕਰਵਾਏ, ਨਿਗਰਾਨੀ ਵਧਾਈ ਅਤੇ ‘ਵਨ ਦੁਰਗਾ’ ਰਾਹੀਂ ਔਰਤਾਂ ਦੀ ਹਿੱਸੇਦਾਰੀ ਨੂੰ ਵਧਾਇਆ। ਉਨ੍ਹਾਂ ਦੱਸਿਆ ਕਿ ਇਸ ਦੇ ਨਤੀਜੇ ਵਜੋਂ, 2025 ਵਿੱਚ ਗੈਂਡਿਆਂ ਦੇ ਗ਼ੈਰ-ਕਾਨੂੰਨੀ ਸ਼ਿਕਾਰ ਦੀ ਇੱਕ ਵੀ ਘਟਨਾ ਦਰਜ ਨਹੀਂ ਕੀਤੀ ਗਈ। 

ਇਹ ਸਰਕਾਰ ਦੀ ਸਿਆਸੀ ਇੱਛਾ ਸ਼ਕਤੀ ਅਤੇ ਅਸਾਮ ਦੀ ਜਨਤਾ ਦੇ ਯਤਨਾਂ ਨਾਲ ਸੰਭਵ ਹੋਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਕੁਦਰਤ ਅਤੇ ਤਰੱਕੀ ਇੱਕ-ਦੂਜੇ ਦੇ ਵਿਰੋਧੀ ਹਨ, ਪਰ ਅੱਜ ਭਾਰਤ ਦੁਨੀਆ ਨੂੰ ਦਿਖਾ ਰਿਹਾ ਹੈ ਕਿ ਅਰਥ-ਵਿਵਸਥਾ ਅਤੇ ਵਾਤਾਵਰਨ ਦੋਵੇਂ ਨਾਲ-ਨਾਲ ਤਰੱਕੀ ਕਰ ਸਕਦੇ ਹਨ। ਉਨ੍ਹਾਂ ਜ਼ਿਕਰ ਕੀਤਾ ਕਿ ਪਿਛਲੇ ਦਹਾਕੇ ਵਿੱਚ ਜੰਗਲ ਅਤੇ ਰੁੱਖਾਂ ਦਾ ਘੇਰਾ ਵਧਿਆ ਹੈ ਅਤੇ ਲੋਕਾਂ ਨੇ ਉਤਸ਼ਾਹ ਨਾਲ ‘‘ਇੱਕ ਪੇੜ ਮਾਂ ਦੇ ਨਾਮ’’ ਮੁਹਿੰਮ ਵਿੱਚ ਹਿੱਸਾ ਲਿਆ, ਜਿਸ ਤਹਿਤ 260 ਕਰੋੜ ਤੋਂ ਵੱਧ ਪੇੜ ਲਗਾਏ ਗਏ ਹਨ। 

2014 ਤੋਂ ਬਾਘ ਅਤੇ ਹਾਥੀ ਰਿਜ਼ਰਵਾਂ ਦੀ ਗਿਣਤੀ ਵਧੀ ਹੈ, ਅਤੇ ਸੁਰੱਖਿਅਤ ਅਤੇ ਭਾਈਚਾਰਕ ਖੇਤਰਾਂ ਦਾ ਵਿਸਥਾਰ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਚੀਤਿਆਂ ਨੂੰ, ਜੋ ਕਦੇ ਭਾਰਤ ਵਿੱਚ ਅਲੋਪ ਹੋ ਗਏ ਸਨ, ਹੁਣ ਵਾਪਸ ਲਿਆਂਦਾ ਗਿਆ ਹੈ ਅਤੇ ਉਹ ਇੱਕ ਨਵੀਂ ਖਿੱਚ ਬਣ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵੈੱਟਲੈਂਡ ਦੀ ਸੰਭਾਲ 'ਤੇ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਏਸ਼ੀਆ ਦਾ ਸਭ ਤੋਂ ਵੱਡਾ ਰਾਮਸਰ ਨੈੱਟਵਰਕ ਬਣ ਗਿਆ ਹੈ, ਰਾਮਸਰ ਥਾਵਾਂ ਦੀ ਗਿਣਤੀ ਦੇ ਮਾਮਲੇ ਵਿੱਚ ਵਿਸ਼ਵ ਪੱਧਰ 'ਤੇ ਤੀਜੇ ਸਥਾਨ 'ਤੇ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਵੀ ਦੁਨੀਆ ਨੂੰ ਦਿਖਾ ਰਿਹਾ ਹੈ ਕਿ ਵਿਕਾਸ, ਵਿਰਾਸਤ ਦੀ ਸੰਭਾਲ ਅਤੇ ਕੁਦਰਤ ਦੀ ਸੰਭਾਲ ਨਾਲ-ਨਾਲ ਕਿਵੇਂ ਚੱਲ ਸਕਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉੱਤਰ-ਪੂਰਬ ਦਾ ਸਭ ਤੋਂ ਵੱਡਾ ਦਰਦ ਹਮੇਸ਼ਾ ਤੋਂ ਦੂਰੀ ਰਹੀ ਹੈ—ਦਿਲਾਂ ਦੀ ਦੂਰੀ ਅਤੇ ਥਾਵਾਂ ਦੀ ਦੂਰੀ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਇਸ ਖੇਤਰ ਦੇ ਲੋਕਾਂ ਨੂੰ ਲੱਗਦਾ ਰਿਹਾ ਹੈ ਕਿ ਵਿਕਾਸ ਕਿਤੇ ਹੋਰ ਹੋ ਰਿਹਾ ਹੈ ਅਤੇ ਉਹ ਪਿੱਛੇ ਛੁੱਟ ਰਹੇ ਹਨ, ਜਿਸ ਨਾਲ ਨਾ ਸਿਰਫ਼ ਅਰਥ-ਵਿਵਸਥਾ ਸਗੋਂ ਭਰੋਸਾ ਵੀ ਪ੍ਰਭਾਵਿਤ ਹੋਇਆ। 

ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੇਂਦਰ ਅਤੇ ਰਾਜ ਵਿੱਚ ਉਨ੍ਹਾਂ ਦੀ ਪਾਰਟੀ ਦੀਆਂ ਸਰਕਾਰਾਂ ਨੇ ਉੱਤਰ-ਪੂਰਬ ਦੇ ਵਿਕਾਸ ਨੂੰ ਪਹਿਲ ਦੇ ਕੇ ਇਸ ਭਾਵਨਾ ਨੂੰ ਬਦਲਿਆ ਹੈ। ਉਨ੍ਹਾਂ ਦੱਸਿਆ ਕਿ ਸੜਕ, ਰੇਲ, ਹਵਾਈ ਅਤੇ ਜਲ ਮਾਰਗਾਂ ਰਾਹੀਂ ਅਸਾਮ ਨੂੰ ਜੋੜਨ ਦਾ ਕੰਮ ਨਾਲ-ਨਾਲ ਸ਼ੁਰੂ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਰੇਲ ਸੰਪਰਕ ਦਾ ਵਿਸਥਾਰ ਸਮਾਜਿਕ ਅਤੇ ਆਰਥਿਕ ਦੋਹਾਂ ਪੱਧਰਾਂ 'ਤੇ ਲਾਹੇਵੰਦ ਹੈ। 

ਇਹ ਉੱਤਰ-ਪੂਰਬ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਵਿਰੋਧੀ ਧਿਰ ਦੀ ਇਸ ਅਣਦੇਖੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਵਿਰੋਧੀ ਧਿਰ ਕੇਂਦਰ ਵਿੱਚ ਸੱਤਾ ਵਿੱਚ ਸੀ, ਉਦੋਂ ਅਸਾਮ ਨੂੰ ਰੇਲ ਬਜਟ ਵਿੱਚ ਸਿਰਫ਼ ਲਗਭਗ 2,000 ਕਰੋੜ ਰੁਪਏ ਮਿਲਦੇ ਸਨ, ਜਦਕਿ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਵਿੱਚ ਇਸ ਨੂੰ ਵਧਾ ਕੇ ਲਗਭਗ 10,000 ਕਰੋੜ ਰੁਪਏ ਸਾਲਾਨਾ ਕਰ ਦਿੱਤਾ ਗਿਆ ਹੈ ਜੋ ਪੰਜ ਗੁਣਾ ਵੱਧ ਹੈ। 

ਸ਼੍ਰੀ ਮੋਦੀ ਨੇ ਕਿਹਾ ਕਿ ਇਸ ਵਧੇ ਹੋਏ ਨਿਵੇਸ਼ ਨਾਲ ਵੱਡੇ ਪੱਧਰ 'ਤੇ ਬੁਨਿਆਦੀ ਢਾਂਚੇ ਦਾ ਵਿਕਾਸ ਹੋਇਆ ਹੈ, ਜਿਸ ਵਿੱਚ ਨਵੀਆਂ ਰੇਲ ਲਾਈਨਾਂ, ਦੋਹਰੀਕਰਨ ਅਤੇ ਬਿਜਲੀਕਰਨ ਸ਼ਾਮਲ ਹੈ ਜਿਸ ਨਾਲ ਰੇਲਵੇ ਸਮਰੱਥਾ ਅਤੇ ਯਾਤਰੀ ਸਹੂਲਤਾਂ ਵਿੱਚ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਾਲੀਆਬੋਰ ਤੋਂ ਤਿੰਨ ਨਵੀਆਂ ਰੇਲ ਸੇਵਾਵਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ ਜੋ ਅਸਾਮ ਦੇ ਰੇਲ ਸੰਪਰਕ ਵਿੱਚ ਇੱਕ ਅਹਿਮ ਵਿਸਥਾਰ ਦਾ ਪ੍ਰਤੀਕ ਹੈ। 

ਉਨ੍ਹਾਂ ਕਿਹਾ ਕਿ ਵੰਦੇ ਭਾਰਤ ਸਲੀਪਰ ਟ੍ਰੇਨ ਗੁਹਾਟੀ ਨੂੰ ਕੋਲਕਾਤਾ ਨਾਲ ਜੋੜੇਗੀ, ਜਿਸ ਨਾਲ ਲੰਬੀ ਦੂਰੀ ਦੀ ਯਾਤਰਾ ਵਧੇਰੇ ਆਰਾਮਦਾਇਕ ਹੋ ਜਾਵੇਗੀ, ਜਦਕਿ ਦੋ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਅਸਾਮ, ਪੱਛਮੀ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਮਹੱਤਵਪੂਰਨ ਸਟੇਸ਼ਨਾਂ ਨੂੰ ਕਵਰ ਕਰਨਗੀਆਂ, ਜਿਸ ਨਾਲ ਲੱਖਾਂ ਯਾਤਰੀਆਂ ਨੂੰ ਸਿੱਧਾ ਲਾਭ ਮਿਲੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਟ੍ਰੇਨਾਂ ਅਸਾਮ ਦੇ ਵਪਾਰੀਆਂ ਨੂੰ ਨਵੇਂ ਬਾਜ਼ਾਰਾਂ ਨਾਲ ਜੋੜਨਗੀਆਂ, ਵਿਦਿਆਰਥੀਆਂ ਨੂੰ ਸਿੱਖਿਆ ਦੇ ਮੌਕਿਆਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਨਗੀਆਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਯਾਤਰਾ ਨੂੰ ਸਰਲ ਬਣਾਉਣਗੀਆਂ। 

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੰਪਰਕ ਵਿਸਥਾਰ ਨਾਲ ਇਹ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਉੱਤਰ-ਪੂਰਬ ਹੁਣ ਵਿਕਾਸ ਦੇ ਹਾਸ਼ੀਏ 'ਤੇ ਨਹੀਂ ਹੈ, ਹੁਣ ਦੂਰ ਨਹੀਂ ਹੈ, ਸਗੋਂ ਦਿਲ ਦੇ ਨੇੜੇ ਅਤੇ ਦਿੱਲੀ ਦੇ ਨੇੜੇ ਹੈ। ਪ੍ਰਧਾਨ ਮੰਤਰੀ ਨੇ ਅਸਾਮ ਦੇ ਸਾਹਮਣੇ ਮੌਜੂਦ ਇੱਕ ਵੱਡੀ ਚੁਣੌਤੀ—ਇਸ ਦੀ ਪਛਾਣ ਅਤੇ ਸਭਿਆਚਾਰ ਦੀ ਰਾਖੀ ਦੀ ਲੋੜ ਬਾਰੇ ਵੀ ਕਿਹਾ। ਉਨ੍ਹਾਂ ਨੇ ਅਸਾਮ ਵਿੱਚ ਉਨ੍ਹਾਂ ਦੀ ਸਰਕਾਰ ਦੀ ਘੁਸਪੈਠ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ, ਜੰਗਲਾਂ, ਇਤਿਹਾਸਕ ਸਭਿਆਚਾਰਕ ਥਾਵਾਂ ਅਤੇ ਲੋਕਾਂ ਦੀਆਂ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਸ਼ਲਾਘਾ ਕੀਤੀ। 

ਇਸ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਪੀਐੱਮ ਮੋਦੀ ਨੇ ਇਸ ਦੀ ਤੁਲਨਾ ਵਿਰੋਧੀ ਧਿਰ ਨਾਲ ਕਰਦਿਆਂ ਕਿਹਾ ਕਿ ਦਹਾਕਿਆਂ ਤੱਕ ਵਿਰੋਧੀ ਧਿਰ ਨੇ ਸਿਰਫ਼ ਵੋਟਾਂ ਅਤੇ ਸਰਕਾਰ ਬਣਾਉਣ ਲਈ ਅਸਾਮ ਦੀ ਧਰਤੀ ਘੁਸਪੈਠੀਆਂ ਦੇ ਹਵਾਲੇ ਕਰ ਦਿੱਤੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਸ਼ਾਸਨਕਾਲ ਵਿੱਚ ਘੁਸਪੈਠ ਵਧਦੀ ਰਹੀ ਅਤੇ ਇਨ੍ਹਾਂ ਘੁਸਪੈਠੀਆਂ ਨੇ ਅਸਾਮ ਦੇ ਇਤਿਹਾਸ, ਸਭਿਆਚਾਰ ਜਾਂ ਆਸਥਾ ਦੀ ਪਰਵਾਹ ਕੀਤੇ ਬਿਨਾਂ ਵੱਡੇ ਪੱਧਰ 'ਤੇ ਨਾਜਾਇਜ਼ ਕਬਜ਼ੇ ਕੀਤੇ। 

ਉਨ੍ਹਾਂ ਅੱਗੇ ਕਿਹਾ ਕਿ ਘੁਸਪੈਠ ਕਾਰਨ ਪਸ਼ੂ ਗਲਿਆਰਿਆਂ ਵਿੱਚ ਨਾਜਾਇਜ਼ ਕਬਜ਼ੇ ਹੋਏ ਗ਼ੈਰ-ਕਾਨੂੰਨੀ ਸ਼ਿਕਾਰ ਨੂੰ ਹੁਲਾਰਾ ਮਿਲਿਆ ਅਤੇ ਤਸਕਰੀ ਅਤੇ ਹੋਰ ਅਪਰਾਧ ਵਧ ਗਏ। ਪ੍ਰਧਾਨ ਮੰਤਰੀ ਮੋਦੀ ਨੇ ਚਿਤਾਵਨੀ ਦਿੱਤੀ ਕਿ ਘੁਸਪੈਠੀਏ ਆਬਾਦੀ ਦਾ ਸੰਤੁਲਨ ਵਿਗਾੜ ਰਹੇ ਹਨ, ਸਭਿਆਚਾਰ 'ਤੇ ਹਮਲਾ ਕਰ ਰਹੇ ਹਨ, ਗ਼ਰੀਬਾਂ ਅਤੇ ਨੌਜਵਾਨਾਂ ਤੋਂ ਨੌਕਰੀਆਂ ਖੋਹ ਰਹੇ ਹਨ ਅਤੇ ਆਦਿਵਾਸੀ ਖੇਤਰਾਂ ਵਿੱਚ ਧੋਖਾਧੜੀ ਨਾਲ ਜ਼ਮੀਨਾਂ 'ਤੇ ਕਬਜ਼ਾ ਕਰ ਰਹੇ ਹਨ ਜਿਸ ਨਾਲ ਅਸਾਮ ਅਤੇ ਰਾਸ਼ਟਰ ਦੋਹਾਂ ਦੀ ਸੁਰੱਖਿਆ ਨੂੰ ਗੰਭੀਰ ਖਤਰਾ ਹੈ। 

ਉਨ੍ਹਾਂ ਨੇ ਲੋਕਾਂ ਨੂੰ ਵਿਰੋਧੀ ਧਿਰ ਤੋਂ ਸੁਚੇਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਕੋ-ਇਕ ਨੀਤੀ ਘੁਸਪੈਠੀਆਂ ਨੂੰ ਪਨਾਹ ਦੇਣਾ ਅਤੇ ਸੱਤਾ ਹਾਸਲ ਕਰਨਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਅਤੇ ਉਸ ਦੇ ਸਹਿਯੋਗੀ ਪੂਰੇ ਦੇਸ਼ ਵਿੱਚ ਇਹੀ ਰਣਨੀਤੀ ਅਪਣਾ ਰਹੇ ਹਨ, ਉਨ੍ਹਾਂ ਨੇ ਉਦਾਹਰਣ ਦਿੰਦਿਆਂ ਦੱਸਿਆ ਕਿ ਬਿਹਾਰ ਵਿੱਚ ਵਿਰੋਧੀ ਧਿਰ ਨੇ ਘੁਸਪੈਠੀਆਂ ਨੂੰ ਪਨਾਹ ਦੇਣ ਲਈ ਮਾਰਚ ਅਤੇ ਰੈਲੀਆਂ ਕੀਤੀਆਂ, ਪਰ ਬਿਹਾਰ ਦੀ ਜਨਤਾ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। 

ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਅਸਾਮ ਦੀ ਜਨਤਾ ਵੀ ਵਿਰੋਧੀ ਧਿਰ ਨੂੰ ਕਰਾਰਾ ਜਵਾਬ ਦੇਵੇਗੀ। ਸ਼੍ਰੀ ਮੋਦੀ ਨੇ ਕਿਹਾ ਕਿ ਅਸਾਮ ਦਾ ਵਿਕਾਸ ਪੂਰੇ ਉੱਤਰ-ਪੂਰਬੀ ਖੇਤਰ ਦੀ ਤਰੱਕੀ ਦੇ ਨਵੇਂ ਦਰਵਾਜ਼ੇ ਖੋਲ੍ਹ ਰਿਹਾ ਹੈ ਅਤੇ ਐਕਟ ਈਸਟ ਪਾਲਿਸੀ ਨੂੰ ਦਿਸ਼ਾ ਦੇ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਅਸਾਮ ਤਰੱਕੀ ਕਰੇਗਾ, ਤਦ ਹੀ ਉੱਤਰ-ਪੂਰਬੀ ਖੇਤਰ ਤਰੱਕੀ ਕਰੇਗਾ ਅਤੇ ਸਰਕਾਰ ਦੇ ਯਤਨਾਂ ਅਤੇ ਜਨਤਾ ਦੇ ਵਿਸ਼ਵਾਸ ਨਾਲ ਇਹ ਖੇਤਰ ਨਵੀਆਂ ਉਚਾਈਆਂ ਛੂਹੇਗਾ। 

ਆਪਣੇ ਸੰਬੋਧਨ ਦੇ ਅਖੀਰ ਵਿੱਚ ਪ੍ਰਧਾਨ ਮੰਤਰੀ ਨੇ ਅੱਜ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਲਈ ਸਾਰਿਆਂ ਨੂੰ ਇੱਕ ਵਾਰ ਫਿਰ ਵਧਾਈ ਦਿੱਤੀ। ਇਸ ਪ੍ਰੋਗਰਾਮ ਵਿੱਚ ਅਸਾਮ ਦੇ ਰਾਜਪਾਲ ਸ਼੍ਰੀ ਲਕਸ਼ਮਣ ਪ੍ਰਸਾਦ ਆਚਾਰੀਆ, ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤਾ ਬਿਸਵਾ ਸਰਮਾ, ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਅਤੇ ਸ਼੍ਰੀ ਪਬਿੱਤਰ ਮਾਰਗਰੀਟਾ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ 6,950 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਾਜ਼ੀਰੰਗਾ ਐਲੀਵੇਟਿਡ ਕੌਰੀਡੋਰ ਪ੍ਰੋਜੈਕਟ (ਐੱਨਐੱਚ-715 ਦੇ ਕਾਲੀਆਬੋਰ-ਨੁਮਾਲੀਗੜ੍ਹ ਖੰਡ ਦਾ 4-ਲੇਨ ਨਿਰਮਾਣ) ਦਾ ਨੀਂਹ ਪੱਥਰ ਰੱਖਿਆ। 86 ਕਿੱਲੋਮੀਟਰ ਲੰਬਾ ਕਾਜ਼ੀਰੰਗਾ ਐਲੀਵੇਟਿਡ ਕੌਰੀਡੋਰ ਪ੍ਰੋਜੈਕਟ ਵਾਤਾਵਰਨ ਪ੍ਰਤੀ ਜਾਗਰੂਕ ਇੱਕ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਹੈ। ਇਸ ਵਿੱਚ 35 ਕਿੱਲੋਮੀਟਰ ਦਾ ਐਲੀਵੇਟਿਡ ਵਾਈਲਡਲਾਈਫ ਕੌਰੀਡੋਰ ਹੋਵੇਗਾ ਜੋ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚੋਂ ਹੋ ਕੇ ਲੰਘੇਗਾ, ਨਾਲ ਹੀ 21 ਕਿੱਲੋਮੀਟਰ ਦਾ ਬਾਈਪਾਸ ਖੰਡ ਅਤੇ ਐੱਨਐੱਚ-715 ਦੇ ਮੌਜੂਦਾ ਹਾਈਵੇਅ ਖੰਡ ਦਾ 30 ਕਿੱਲੋਮੀਟਰ ਤੱਕ ਵਿਸਥਾਰ ਕਰਕੇ ਇਸ ਨੂੰ ਦੋ ਲੇਨ ਤੋਂ ਚਾਰ ਲੇਨ ਦਾ ਬਣਾਇਆ ਜਾਵੇਗਾ। 

ਇਸ ਪ੍ਰੋਜੈਕਟ ਦਾ ਉਦੇਸ਼ ਪਾਰਕ ਦੀ ਅਮੀਰ ਜੈਵ-ਵਿਭਿੰਨਤਾ ਦੀ ਸੁਰੱਖਿਆ ਯਕੀਨੀ ਬਣਾਉਂਦੇ ਹੋਏ ਖੇਤਰੀ ਸੰਪਰਕ ਨੂੰ ਬਿਹਤਰ ਬਣਾਉਣਾ ਹੈ। ਇਹ ਪ੍ਰੋਜੈਕਟ ਨਾਗਾਂਵ, ਕਾਰਬੀ ਆਂਗਲੋਂਗ ਅਤੇ ਗੋਲਾਘਾਟ ਜ਼ਿਲ੍ਹਿਆਂ ਵਿੱਚੋਂ ਹੋ ਕੇ ਲੰਘੇਗਾ ਅਤੇ ਉਪਰਲੇ ਅਸਾਮ, ਖਾਸ ਕਰਕੇ ਡਿਬਰੂਗੜ੍ਹ ਅਤੇ ਤਿਨਸੁਕੀਆ ਨਾਲ ਸੰਪਰਕ ਨੂੰ ਕਾਫੀ ਬਿਹਤਰ ਬਣਾਏਗਾ। ਇਹ ਐਲੀਵੇਟਿਡ ਵਾਈਲਡਲਾਈਫ ਕੌਰੀਡੋਰ ਜਾਨਵਰਾਂ ਦੀ ਬਿਨਾਂ ਰੁਕਾਵਟ ਆਵਾਜਾਈ ਯਕੀਨੀ ਬਣਾਏਗਾ ਅਤੇ ਮਨੁੱਖ-ਜੰਗਲੀ ਜੀਵ ਸੰਘਰਸ਼ ਨੂੰ ਘੱਟ ਕਰੇਗਾ। 

ਇਸ ਨਾਲ ਸੜਕ ਸੁਰੱਖਿਆ ਵਿੱਚ ਵੀ ਸੁਧਾਰ ਹੋਵੇਗਾ, ਯਾਤਰਾ ਦਾ ਸਮਾਂ ਅਤੇ ਹਾਦਸੇ ਦੀ ਦਰ ਘੱਟ ਹੋਵੇਗੀ, ਅਤੇ ਵਧਦੀ ਯਾਤਰੀ ਅਤੇ ਮਾਲ ਆਵਾਜਾਈ ਆਸਾਨ ਹੋਵੇਗੀ। ਇਸ ਪ੍ਰੋਜੈਕਟ ਤਹਿਤ, ਜਾਖਲਬੰਧਾ ਅਤੇ ਬੋਕਾਖਾਟ ਵਿੱਚ ਬਾਈਪਾਸ ਬਣਾਏ ਜਾਣਗੇ। ਇਹ ਸ਼ਹਿਰਾਂ ਵਿੱਚ ਭੀੜ-ਭੜੱਕਾ ਘੱਟ ਕਰਨ, ਸ਼ਹਿਰੀ ਆਵਾਜਾਈ ਨੂੰ ਬਿਹਤਰ ਬਣਾਉਣ ਅਤੇ ਸਥਾਨਕ ਵਾਸੀਆਂ ਦੇ ਜੀਵਨ ਪੱਧਰ ਨੂੰ ਸੁਧਾਰਨ ਵਿੱਚ ਸਹਾਈ ਹੋਣਗੇ।

ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਦੋ ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ - ਗੁਹਾਟੀ (ਕਾਮਾਖਿਆ)-ਰੋਹਤਕ ਅੰਮ੍ਰਿਤ ਭਾਰਤ ਐਕਸਪ੍ਰੈੱਸ ਅਤੇ ਡਿਬਰੂਗੜ੍ਹ-ਲਖਨਊ (ਗੋਮਤੀ ਨਗਰ) ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਨਵੀਆਂ ਰੇਲ ਸੇਵਾਵਾਂ ਉੱਤਰ-ਪੂਰਬ ਅਤੇ ਉੱਤਰੀ ਭਾਰਤ ਵਿਚਕਾਰ ਰੇਲ ਸੰਪਰਕ ਨੂੰ ਮਜ਼ਬੂਤ ਕਰਨਗੀਆਂ ਜਿਸ ਨਾਲ ਲੋਕਾਂ ਲਈ ਸੁਰੱਖਿਅਤ ਅਤੇ ਵਧੇਰੇ ਸੁਵਿਧਾਜਨਕ ਯਾਤਰਾ ਸੰਭਵ ਹੋ ਸਕੇਗੀ।

 

Tags: Narendra Modi , Modi , BJP , Bharatiya Janata Party , Prime Minister of India , Prime Minister , Narendra Damodardas Modi , Himanta Biswa Sarma , Sarbananda Sonowal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD