ਭਾਰਤ ਦੀ ਵਿਕਾਸ ਗਾਥਾ ਉਨ੍ਹਾਂ ਲੋਕਾਂ ਵਲੋਂ ਲਿਖੀ ਜਾਵੇਗੀ ਜੋ ਅੱਜ ਇਸਦੇ ਵਿਚਾਰਾਂ ਨੂੰ ਸਰੂਪ ਦੇ ਰਹੇ ਹਨ। ਦੇਸ਼ ਭਰ ਵਿੱਚ, ਨੌਜਵਾਨ ਭਾਰਤੀ ਇਸ ਬਾਰੇ ਡੂੰਘਾਈ ਨਾਲ ਸੋਚ ਰਹੇ ਹਨ ਕਿ ਭਾਰਤ ਕਿਵੇਂ ਤੇਜ਼ੀ ਨਾਲ ਤਰੱਕੀ ਕਰ ਸਕਦਾ ਹੈ, ਬਿਹਤਰ ਸ਼ਾਸਨ ਕਰ ਸਕਦਾ ਹੈ ਅਤੇ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣ ਸਕਦਾ ਹੈ। ਉਨ੍ਹਾਂ ਦੇ ਵਿਚਾਰ ਯੂਨੀਵਰਸਿਟੀ ਕੈਂਪਸਾਂ ਅਤੇ ਭਾਈਚਾਰਿਆਂ ਵਿੱਚ, ਸਟਾਰਟ-ਅੱਪਸ ਅਤੇ ਖੇਡ ਦੇ ਮੈਦਾਨਾਂ ਵਿੱਚ, ਕਲਾਸਰੂਮਾਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਉਭਰ ਰਹੇ ਹਨ। ਅਸਲ ਸਵਾਲ ਹੁਣ ਇਹ ਨਹੀਂ ਹੈ ਕਿ ਕੀ ਨੌਜਵਾਨਾਂ ਕੋਲ ਯੋਗਦਾਨ ਪਾਉਣ ਲਈ ਕੁਝ ਹੈ, ਪਰ ਕੀ ਉਨ੍ਹਾਂ ਦੇ ਵਿਚਾਰਾਂ ਨੂੰ ਦੇਸ਼ ਦੀ ਦਿਸ਼ਾ ਨੂੰ ਪ੍ਰਭਾਵਿਤ ਕਰਨ ਲਈ ਇੱਕ ਸ਼ਕਤੀਸ਼ਾਲੀ ਮੰਚ ਦਿੱਤਾ ਜਾ ਰਿਹਾ ਹੈ।
ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ (ਵੀਬੀਵਾਈਐੱਲਡੀ) ਨੂੰ ਅਜਿਹਾ ਹੀ ਮੰਚ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਅੱਜ, ਭਾਰਤ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ ਹੈ। ਇਸ ਲਈ, ਇਹ ਸੁਭਾਵਿਕ ਹੈ ਕਿ ਦੇਸ਼ ਦੀ ਭਵਿੱਖ ਦੀ ਦਿਸ਼ਾ ਸਿਰਫ਼ ਨੀਤੀਆਂ ਜਾਂ ਸੰਸਥਾਵਾਂ ਵਲੋਂ ਨਹੀਂ, ਸਗੋਂ ਇਸਦੇ ਨੌਜਵਾਨ ਨਾਗਰਿਕਾਂ ਦੀ ਕਲਪਨਾ, ਦ੍ਰਿੜਤਾ ਅਤੇ ਹਿੰਮਤ ਨਾਲ ਤੈਅ ਕੀਤੀ ਜਾਵੇਗੀ।
ਨੌਜਵਾਨ ਸ਼ਕਤੀ ਦਾ ਇਹ ਵਿਸ਼ਾਲ ਭੰਡਾਰ ਸਿਰਫ਼ ਇੱਕ ਜਨਸੰਖਿਅਕ ਲਾਭ ਨਹੀਂ ਹੈ; ਇਹ ਭਾਰਤ ਦੀ ਸਭ ਤੋਂ ਵੱਡੀ ਰਾਸ਼ਟਰੀ ਸੰਪਤੀ ਹੈ, ਜੋ ਨਵੀਨਤਾ ਨੂੰ ਅੱਗੇ ਵਧਾਉਣ, ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਦੇਸ਼ ਨੂੰ ਸੰਮਲਿਤ ਅਤੇ ਟਿਕਾਊ ਵਿਕਾਸ ਵੱਲ ਲਿਜਾਣ ਦੇ ਸਮਰੱਥ ਹੈ। ਭਾਰਤ ਦੀ ਨੌਜਵਾਨ ਪੀੜ੍ਹੀ ਦੀਆਂ ਇੱਛਾਵਾਂ ਮੰਤਵ ਅਤੇ ਸੰਭਾਵਨਾ ਦੀ ਇੱਕ ਮਜ਼ਬੂਤ ਭਾਵਨਾ ਨਾਲ ਨਿਰਦੇਸ਼ਤ ਹਨ। ਅੱਜ ਦੇ ਨੌਜਵਾਨ ਸਿਰਫ਼ ਨਿੱਜੀ ਤਰੱਕੀ ਤੋਂ ਪ੍ਰੇਰਿਤ ਨਹੀਂ ਹਨ; ਉਹ ਜ਼ਿੰਮੇਵਾਰੀ ਲੈਣ ਅਤੇ ਇੱਕ ਅਰਥਪੂਰਨ ਪ੍ਰਭਾਵ ਪਾਉਣ ਦੀ ਇੱਛਾ ਤੋਂ ਵੀ ਪ੍ਰੇਰਿਤ ਹਨ।
ਉਹ ਅਜਿਹੇ ਰਾਹ ਲੱਭਦੇ ਹਨ ਜਿੱਥੇ ਉਨ੍ਹਾਂ ਦੀ ਸਿਰਜਣਾਤਮਕਤਾ ਨੂੰ ਹੱਲ ਵਿੱਚ ਬਦਲਿਆ ਜਾ ਸਕੇ, ਉਨ੍ਹਾਂ ਦੀ ਊਰਜਾ ਨੂੰ ਲੀਡਰਸ਼ਿਪ ਵਿੱਚ ਅਤੇ ਉਨ੍ਹਾਂ ਦੀ ਇੱਛਾ ਨੂੰ ਸੇਵਾ ਵਿੱਚ ਬਦਲਿਆ ਜਾ ਸਕੇ। ਯੁਵਾ ਮਾਮਲੇ ਅਤੇ ਖੇਡ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ, ਮੈਨੂੰ ਕਈ ਸਥਿਤੀਆਂ - ਯੂਨੀਵਰਸਿਟੀ ਕੈਂਪਸਾਂ ਵਿੱਚ, ਪੇਂਡੂ ਜ਼ਿਲ੍ਹਿਆਂ ਵਿੱਚ, ਖੇਡਾਂ ਦੇ ਮੈਦਾਨਾਂ ਵਿੱਚ ਅਤੇ ਨੌਜਵਾਨਾਂ ਦੀ ਅਗਵਾਈ ਵਾਲੇ ਭਾਈਚਾਰਕ ਪਹਿਲਕਦਮੀਆਂ ਵਿੱਚ ਨੌਜਵਾਨ ਭਾਰਤੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ।
ਜੋ ਹਮੇਸ਼ਾ ਸਪੱਸ਼ਟ ਤੌਰ 'ਤੇ ਦਿਖਾਈ ਦਿੰਦਾ ਹੈ ਉਹ ਇਹ ਹੈ ਕਿ ਨੌਜਵਾਨ ਦੇਸ਼ ਦੇ ਭਵਿੱਖ ਦੀ ਕਿੰਨੀ ਗੰਭੀਰਤਾ ਨਾਲ ਪਰਵਾਹ ਕਰਦੇ ਹਨ। ਮੈਨੂੰ ਪੇਂਡੂ ਨੌਜਵਾਨ ਵਲੰਟੀਅਰਾਂ ਦੇ ਇੱਕ ਸਮੂਹ ਨੂੰ ਮਿਲਣਾ ਯਾਦ ਹੈ, ਜਿਨ੍ਹਾਂ ਨੇ ਆਪਣੇ ਪਿੰਡਾਂ ਵਿੱਚ ਗੈਰ-ਰਸਮੀ ਸਿੱਖਿਆ ਕੇਂਦਰ ਬਣਾਏ ਸਨ। ਸੀਮਤ ਸਰੋਤਾਂ ਦੇ ਬਾਵਜੂਦ, ਉਹ ਸਥਾਨਕ ਤੌਰ 'ਤੇ ਤਿਆਰ ਕੀਤੇ ਗਏ ਦਖਲ ਨਾਲ ਸਿੱਖਿਆ ਅਤੇ ਹੁਨਰ ਵਿਕਾਸ ਵਿੱਚ ਪਾੜੇ ਨੂੰ ਦ੍ਰਿੜਤਾ ਨਾਲ ਦੂਰ ਕਰ ਰਹੇ ਸਨ। ਉਨ੍ਹਾਂ ਦੇ ਵਿਚਾਰ ਵਿਹਾਰਕ ਸਨ, ਹਕੀਕਤਾਂ 'ਤੇ ਅਧਾਰਤ ਸਨ ਅਤੇ ਜ਼ਿੰਮੇਵਾਰੀ ਦੀ ਸਪੱਸ਼ਟ ਭਾਵਨਾ ਤੋਂ ਪ੍ਰੇਰਿਤ ਸਨ।
ਅਜਿਹੇ ਤਜ਼ਰਬੇ ਇੱਕ ਸਧਾਰਨ ਸੱਚਾਈ ਦੀ ਪੁਸ਼ਟੀ ਕਰਦੇ ਹਨ: ਜਦੋਂ ਨੌਜਵਾਨਾਂ 'ਤੇ ਭਰੋਸਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਮਰੱਥ ਬਣਾਇਆ ਜਾਂਦਾ ਹੈ, ਤਾਂ ਉਹ ਨਾ ਸਿਰਫ਼ ਹਿੱਸਾ ਲੈਂਦੇ ਹਨ ਸਗੋਂ ਅਗਵਾਈ ਵੀ ਕਰਦੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਅਜਿਹੇ ਇੱਕ ਲੱਖ ਨੌਜਵਾਨਾਂ ਨੂੰ, ਬਿਨਾਂ ਕਿਸੇ ਸਿਆਸੀ ਪਿਛੋਕੜ ਤੋਂ ਜਨਤਕ ਜੀਵਨ ਵਿੱਚ ਲਿਆਉਣ ਦਾ ਸੱਦਾ ਦਿੱਤਾ ਸੀ। ਪ੍ਰਧਾਨ ਮੰਤਰੀ ਦੀ ਇਸ ਭਾਵਨਾ ਤੋਂ ਪ੍ਰੇਰਿਤ ਹੋ ਕੇ, 'ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ' ਪ੍ਰੋਗਰਾਮ ਜਨਵਰੀ 2025 ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਰਾਸ਼ਟਰੀ ਯੁਵਾ ਉਤਸਵ ਨੂੰ ਇੱਕ ਬਿਲਕੁਲ ਨਵੇਂ ਫਾਰਮੈਟ ਵਿੱਚ ਮੁੜ ਲਿਆਂਦਾ ਗਿਆ ਸੀ।
ਇਸ ਨੂੰ ਬੇਮਿਸਾਲ ਹੁੰਗਾਰਾ ਮਿਲਿਆ ਸੀ। 'ਵਿਕਸਿਤ ਭਾਰਤ ਚੁਣੌਤੀ' ਰਾਹੀਂ 30 ਲੱਖ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ, ਦੋ ਲੱਖ ਤੋਂ ਵੱਧ ਲੇਖ ਪੇਸ਼ ਕੀਤੇ ਗਏ ਅਤੇ ਹਜ਼ਾਰਾਂ ਨੌਜਵਾਨਾਂ ਨੇ ਸੂਬਾ ਪੱਧਰ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਇਹ ਸਮਾਗਮ ਦਿੱਲੀ ਦੇ ਭਾਰਤ ਮੰਡਪਮ ਵਿਖੇ ਸਮਾਪਤ ਹੋਇਆ, ਜਿੱਥੇ 3,000 ਨੌਜਵਾਨ ਨੇਤਾਵਾਂ ਨੂੰ ਪ੍ਰਧਾਨ ਮੰਤਰੀ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਉਨ੍ਹਾਂ ਦੇ ਵਿਚਾਰ ਸੁਣਨ ਅਤੇ ਉਨ੍ਹਾਂ ਨੂੰ ਅਗਵਾਈ ਕਰਨ ਲਈ ਪ੍ਰੇਰਿਤ ਕਰਨ ਵਿੱਚ ਕਈ ਘੰਟੇ ਬਿਤਾਏ।
ਗਿਣਤੀ ਤੋਂ ਪਰੇ, ਸ਼ਮੂਲੀਅਤ ਦੀ ਪ੍ਰਕਿਰਤੀ ਨੇ ਸੱਚਮੁੱਚ ਇਸ ਸੰਵਾਦ ਨੂੰ ਇਤਿਹਾਸਕ ਬਣਾ ਦਿੱਤਾ। ਇਸਨੇ ਸ਼ਬਦਾਂ ਅਤੇ ਭਾਵਨਾ ਦੋਵਾਂ ਵਿੱਚ, ਇਹ ਮੰਨਿਆ ਕਿ 2047 ਦੇ ਭਾਰਤ ਨੂੰ ਸਰੂਪ ਦੇਣ ਵਿੱਚ ਭਾਰਤ ਦੇ ਨੌਜਵਾਨਾਂ ਦੀ ਆਵਾਜ਼ ਮਾਇਨੇ ਰੱਖਦੀ ਹੈ। ਨੌਜਵਾਨ ਭਾਗੀਦਾਰਾਂ ਨੂੰ ਰਾਸ਼ਟਰੀ ਚੁਣੌਤੀਆਂ ਬਾਰੇ ਆਲੋਚਨਾਤਮਕ ਤੌਰ 'ਤੇ ਸੋਚਣ, ਹੱਲ ਪੇਸ਼ ਕਰਨ ਅਤੇ ਵਿਅਕਤੀਗਤ ਇੱਛਾਵਾਂ ਨੂੰ ਸਾਂਝੇ ਮੰਤਵ ਨਾਲ ਜੋੜਨ ਲਈ ਉਤਸ਼ਾਹਿਤ ਕੀਤਾ ਗਿਆ, ਜਿਸ ਨਾਲ ਇੱਛਾ ਅਤੇ ਅਮਲ ਦਾ ਪਾੜਾ ਦੂਰ ਹੋਇਆ।
ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ ਦੀ ਤਾਕਤ ਸਿਰਫ਼ ਇਸਦੇ ਪੈਮਾਨੇ ਵਿੱਚ ਨਹੀਂ, ਸਗੋਂ ਇਸਦੇ ਡਿਜ਼ਾਈਨ ਵਿੱਚ ਹੈ। ਇਸ ਪਹਿਲਕਦਮੀ ਦੇ ਢਾਂਚੇ ਵਿੱਚ ਵਿਚਾਰਾਂ, ਭਾਸ਼ਾ, ਸੱਭਿਆਚਾਰ ਅਤੇ ਅਹਿਸਾਸ ਦੀ ਭਿੰਨਤਾ ਵਿੱਚ ਸਮਾਈ ਹੋਈ ਹੈ। ਸ਼ਹਿਰੀ ਅਤੇ ਪੇਂਡੂ ਭਾਰਤ ਦੇ ਨੌਜਵਾਨ, ਵਿਦਿਆਰਥੀ ਅਤੇ ਪੇਸ਼ੇਵਰ, ਨਵੀਨਤਾਕਾਰੀ ਅਤੇ ਜ਼ਮੀਨੀ ਪੱਧਰ ਦੇ ਨੇਤਾ ਇੱਕ ਮੰਚ ਸਾਂਝਾ ਕਰਦੇ ਹਨ। ਭਾਗੀਦਾਰੀ ਦੇ ਕਈ ਪੱਧਰ ਇਹ ਯਕੀਨੀ ਬਣਾਉਂਦੇ ਹਨ ਕਿ ਵਿਚਾਰਾਂ ਨੂੰ ਭੂਗੋਲ, ਭਾਸ਼ਾ ਜਾਂ ਪਿਛੋਕੜ ਕਰਕੇ ਛਾਂਟਣ ਦੀ ਬਜਾਏ, ਸੰਵਾਦ ਅਤੇ ਆਦਾਨ-ਪ੍ਰਦਾਨ ਨਾਲ ਸੁਧਾਰਿਆ ਜਾਂਦਾ ਹੈ।
ਅਜਿਹਾ ਕਰਕੇ, ਸੰਵਾਦ ਇਹ ਯਕੀਨੀ ਬਣਾਉਂਦਾ ਹੈ ਕਿ ਭਾਗ ਲੈਣ ਵਾਲੇ ਹਰ ਨੌਜਵਾਨ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲੇ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਇੱਕ ਮੰਚ ਮਿਲੇ। ਭਾਰਤ ਦੇ ਨੌਜਵਾਨਾਂ ਨੇ ਆਜ਼ਾਦੀ ਸੰਘਰਸ਼ ਤੋਂ ਲੈ ਕੇ ਆਜ਼ਾਦ ਭਾਰਤ ਦੀਆਂ ਸੰਸਥਾਵਾਂ ਦੀ ਉਸਾਰੀ ਤੱਕ ਹਮੇਸ਼ਾ ਦੇਸ਼ ਦੇ ਪਰਿਭਾਸ਼ਿਤ ਪਲਾਂ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਹਰ ਮੋੜ 'ਤੇ, ਨੌਜਵਾਨ ਭਾਰਤੀ ਹਿੰਮਤ, ਆਤਮਵਿਸ਼ਵਾਸ ਅਤੇ ਅਗਵਾਈ ਕਰਨ ਦੀ ਇੱਛਾ ਨਾਲ ਅੱਗੇ ਵਧੇ ਹਨ।
ਸਿਰਫ਼ ਭਾਗੀਦਾਰੀ ਲਈ ਹੀ ਨਹੀਂ, ਸਗੋਂ ਭਾਰਤ ਦੀ ਵਿਕਾਸ ਕਹਾਣੀ ਦੀ ਸਾਂਝੀ ਸਿਰਜਣਾ ਦੀ ਅਗਵਾਈ ਕਰਨ ਅਤੇ ਇਸਨੂੰ ਤੇਜ਼ ਬਣਾਉਣ ਲਈ ਅੱਜ ਦੇਸ਼ ਇੱਕ ਵਾਰ ਫਿਰ ਆਪਣੇ ਨੌਜਵਾਨਾਂ ਵੱਲ ਦੇਖ ਰਿਹਾ ਹੈ। 2047 ਵਿੱਚ ਇੱਕ ਵਿਕਸਿਤ ਭਾਰਤ ਦਾ ਦ੍ਰਿਸ਼ਟੀਕੋਣ ਆਰਥਿਕ ਤਰੱਕੀ ਤੱਕ ਸੀਮਤ ਨਹੀਂ ਹੈ; ਇਹ ਸਮਾਜਿਕ ਸਦਭਾਵਨਾ, ਵਾਤਾਵਰਣ ਜ਼ਿੰਮੇਵਾਰੀ, ਤਕਨੀਕੀ ਮਾਰਗਦਰਸ਼ਨ ਅਤੇ ਸੰਮਲਿਤ ਵਿਕਾਸ ਦੀ ਵੀ ਮੰਗ ਕਰਦਾ ਹੈ।
ਇਨ੍ਹਾਂ ਗੁੰਝਲਦਾਰ ਚੁਣੌਤੀਆਂ ਲਈ ਨਵੀਂ ਸੋਚ, ਅਨੁਕੂਲਤਾ ਅਤੇ ਨਵੀਨਤਾ ਨੂੰ ਅਪਣਾਉਣ ਦੀ ਯੋਗਤਾ ਦੀ ਲੋੜ ਹੈ: ਉਹ ਗੁਣ ਜੋ ਭਾਰਤ ਦੀ ਨੌਜਵਾਨ ਸ਼ਕਤੀ ਵਿੱਚ ਮਜ਼ਬੂਤੀ ਨਾਲ ਭਰੇ ਹੋਏ ਹਨ। ਪਹਿਲੇ ਐਡੀਸ਼ਨ ਦੀ ਸ਼ਾਨਦਾਰ ਸਫ਼ਲਤਾ ਦੇ ਅਧਾਰ 'ਤੇ, ਵੀਬੀਵਾਈਐੱਲਡੀ 2026, ਜੋ 9-12 ਜਨਵਰੀ, 2026 ਨੂੰ ਕਰਵਾਇਆ ਜਾਵੇਗਾ, ਉਹ ਇੱਕ ਰਾਸ਼ਟਰੀ ਯੁਵਾ ਕਾਨਫਰੰਸ ਤੋਂ ਇੱਕ ਆਲਮੀ ਗੂੰਜ ਵਾਲੇ ਮੰਚ ਤੱਕ ਇੱਕ ਫ਼ੈਸਲਾਕੁੰਨ ਛਾਲ ਦਾ ਸੰਕੇਤ ਦਾ ਹੈ। 'ਭਾਰਤ ਲਈ ਡਿਜ਼ਾਈਨ' ਅਤੇ 'ਵਿਕਸਿਤ ਭਾਰਤ ਲਈ ਤਕਨਾਲੋਜੀ' ਵਰਗੀਆਂ ਨਵੀਆਂ ਪਹਿਲਕਦਮੀਆਂ ਅਤੇ ਅੰਤਰਰਾਸ਼ਟਰੀ ਭਾਰਤੀ ਯੁਵਾ ਪ੍ਰਵਾਸੀਆਂ ਦੀ ਭਾਗੀਦਾਰੀ ਦੇ ਨਾਲ, ਗੱਲਬਾਤ ਹੁਣ ਸਰਹੱਦਾਂ ਤੋਂ ਪਾਰ ਤੱਕ ਫੈਲ ਗਈ ਹੈ।
ਫਿਰ ਵੀ, ਇਸਦਾ ਮੁੱਖ ਮੰਤਵ ਬਦਲਿਆ ਨਹੀਂ ਹੈ, ਜੋ ਨੌਜਵਾਨਾਂ ਨੂੰ ਦਲੇਰੀ ਨਾਲ ਸੋਚਣ, ਨਿਡਰਤਾ ਨਾਲ ਸਿਰਜਣ ਅਤੇ ਦ੍ਰਿੜਤਾ ਨਾਲ ਅਗਵਾਈ ਕਰਨ ਲਈ ਸਮਰੱਥ ਬਣਾਉਣ ਬਾਰੇ ਹੈ। ਇਸ ਸਾਲ ਦੇ ਪ੍ਰੋਗਰਾਮ ਦਾ ਪੈਮਾਨਾ ਇਸ ਇੱਛਾ ਦੀ ਡੂੰਘਾਈ ਨੂੰ ਦਰਸਾਉਂਦਾ ਹੈ। 50 ਲੱਖ ਤੋਂ ਵੱਧ ਨੌਜਵਾਨ ਭਾਗੀਦਾਰਾਂ ਨੇ ਵਿਕਸਿਤ ਭਾਰਤ ਪ੍ਰਸ਼ਨੋਤਰੀ ਵਿੱਚ ਹਿੱਸਾ ਲਿਆ, ਜੋ ਕਿ ਵੀਬੀਵਾਈਐੱਲਡੀ 2026 ਲਈ ਚੋਣ ਦਾ ਪਹਿਲਾ ਪੜਾਅ ਹੈ। ਇਹ ਇਸ ਨੂੰ ਆਪਣੀ ਕਿਸਮ ਦੇ ਸਭ ਤੋਂ ਵੱਡੇ ਨੌਜਵਾਨ ਸ਼ਮੂਲੀਅਤ ਸਮਾਗਮਾਂ ਵਿੱਚੋਂ ਇੱਕ ਬਣਾਉਂਦਾ ਹੈ।
ਇਨ੍ਹਾਂ ਚਾਰ ਦਿਨਾਂ ਦੌਰਾਨ, ਦੇਸ਼ ਦੇ ਹਰ ਕੋਨੇ ਤੋਂ ਭਾਗੀਦਾਰ ਪ੍ਰਮੁੱਖ ਰਾਸ਼ਟਰੀ ਅਤੇ ਆਲਮੀ ਹਸਤੀਆਂ ਨਾਲ ਗੱਲਬਾਤ ਕਰਨਗੇ, ਵਿਹਾਰਕ ਜਾਣਕਾਰੀ, ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਦਾ ਲਾਭ ਲੈਣਗੇ, ਜੋ ਅਨੁਸ਼ਾਸਨਾਂ ਅਤੇ ਭੂਗੋਲਿਕ ਹੱਦਾਂ ਤੋਂ ਪਾਰ ਹਨ। ਵੀਬੀਵਾਈਐੱਲਡੀ 2026 ਨੂੰ ਅਸਲ ਵਿੱਚ ਵੱਖਰਾ ਬਣਾਉਣ ਵਾਲੀ ਗੱਲ ਇਹ ਹੈ ਕਿ ਇਹ ਸਾਡੀ ਨੌਜਵਾਨ ਤਾਕਤ ਨੂੰ ਨਾ ਸਿਰਫ਼ ਬੋਲਣ ਦਾ ਮੌਕਾ ਦਿੰਦਾ ਹੈ, ਸਗੋਂ ਸੁਣੇ ਜਾਣ ਦਾ ਵੀ ਮੌਕਾ ਦਿੰਦਾ ਹੈ।
ਇਹ ਮੰਚ ਨੌਜਵਾਨ ਭਾਰਤੀਆਂ ਨੂੰ ਆਪਣੇ ਵਿਚਾਰ, ਇੱਛਾਵਾਂ ਅਤੇ ਹੱਲ ਸਿੱਧੇ ਭਾਰਤ ਦੇ ਪ੍ਰਧਾਨ ਮੰਤਰੀ ਅੱਗੇ ਪੇਸ਼ ਕਰਨ ਦੇ ਯੋਗ ਬਣਾਉਂਦਾ ਹੈ। ਵਿਵੇਕਾਨੰਦ ਦੀ ਯਾਦ ਵਿੱਚ ਦੇਸ਼ ਭਰ ਵਿੱਚ ਰਾਸ਼ਟਰੀ ਯੁਵਾ ਦਿਵਸ ਵਜੋਂ 12 ਜਨਵਰੀ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਾਰਤ ਮੰਡਪਮ ਵਿੱਚ ਨੌਜਵਾਨਾਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਕਰਨਗੇ, ਉਨ੍ਹਾਂ ਨੂੰ ਸੁਣਨਗੇ ਕਿ ਉਹ ਭਾਰਤ ਦੇ ਭਵਿੱਖ ਦੀ ਕਲਪਨਾ ਕਿਵੇਂ ਕਰਦੇ ਹਨ ਅਤੇ ਉਹ ਇਸਨੂੰ ਕਿਵੇਂ ਸਰੂਪ ਦੇਣ ਦਾ ਇਰਾਦਾ ਰੱਖਦੇ ਹਨ।
ਜਿਵੇਂ-ਜਿਵੇਂ ਭਾਰਤ ਆਪਣੀ ਆਜ਼ਾਦੀ ਦੀ ਸ਼ਤਾਬਦੀ ਵੱਲ ਵਧ ਰਿਹਾ ਹੈ, ਦੇਸ਼ ਨੂੰ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਦੀ ਲੋੜ ਹੈ ਜਿਨ੍ਹਾਂ ਕੋਲ ਵੱਡੇ ਸੁਪਨੇ ਦੇਖਣ ਦੀ ਹਿੰਮਤ ਹੈ ਅਤੇ ਆਪਣੇ ਵਿਚਾਰਾਂ ਨੂੰ ਸਾਰਥਕ ਕਾਰਵਾਈ ਵਿੱਚ ਬਦਲਣ ਦਾ ਦ੍ਰਿੜ ਇਰਾਦਾ ਹੈ। ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ ਸਿਰਫ਼ ਗੱਲਬਾਤ ਲਈ ਇੱਕ ਮੰਚ ਤੋਂ ਵੱਧ, ਇੱਕ ਮੁਹਿੰਮ ਹੈ ਜੋ ਭਾਰਤੀ ਨੌਜਵਾਨਾਂ ਨੂੰ ਅੱਗੇ ਵਧਣ, ਰਾਸ਼ਟਰੀ ਚੁਣੌਤੀਆਂ ਦਾ ਹੱਲ ਕੱਢਣ ਅਤੇ ਵਿਕਸਿਤ ਭਾਰਤ ਨਾਲ ਆਪਣੀਆਂ ਆਸਾਂ ਨੂੰ ਜੋੜਨ ਦਾ ਸੱਦਾ ਦਿੰਦੀ ਹੈ।
ਵਿਕਸਿਤ ਭਾਰਤ ਦਾ ਨਿਰਮਾਣ ਉਨ੍ਹਾਂ ਵਲੋਂ ਕੀਤਾ ਜਾਵੇਗਾ, ਜਿਨ੍ਹਾਂ ਕੋਲ ਅਗਵਾਈ ਕਰਨ ਦਾ ਆਤਮਵਿਸ਼ਵਾਸ ਅਤੇ ਸੇਵਾ ਕਰਨ ਦੀ ਵਚਨਬੱਧਤਾ ਹੈ। ਭਾਰਤ ਦੇ ਨੌਜਵਾਨ ਤਿਆਰ ਹਨ। ਰਾਸ਼ਟਰ ਨੂੰ ਉਨ੍ਹਾਂ ਦੇ ਨਾਲ ਚੱਲਣ ਲਈ ਤਿਆਰ ਰਹਿਣਾ ਚਾਹੀਦਾ ਹੈ।