ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸ਼ੁਰੂ ਕੀਤੇ ਮਿਸ਼ਨ ਚੜ੍ਹਦੀਕਲਾ ਤਹਿਤ ਹਲਕਾ ਬਸੀ ਪਠਾਣਾ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਗ੍ਰਾਮ ਪੰਚਾਇਤਾਂ ਨੇ ਮਦਦ ਲਈ ਹੱਥ ਅੱਗੇ ਵਧਾਉਣੇ ਸ਼ੁਰੂ ਕਰ ਦਿੱਤੇ ਹਨ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਇਹ ਪ੍ਰਗਟਾਵਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਗ੍ਰਾਮ ਪੰਚਾਇਤ ਖੰਟ ਦੀ ਤਰਫੋਂ ਮਿਸ਼ਨ ਚੜ੍ਹਦੀਕਲਾ ਲਈ 4 ਲੱਖ ਰੁਪਏ ਦਾ ਚੈਕ ਪ੍ਰਾਪਤ ਕਰਦਿਆਂ ਕੀਤਾ।
ਵਿਧਾਇਕ ਨੇ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ ਅਤੇ ਹੋਰਨਾਂ ਨੂੰ ਵੀ ਸੇਵਾ ਦੇ ਇਸ ਕਾਰਜ ਵਿੱਚ ਵਧ ਚੜ੍ਹ ਕੇ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਸੂਬੇ ਦੇ ਵੱਡੀ ਗਿਣਤੀ ਜਿ਼ਲਿ੍ਹਆਂ ਨੇ ਹੜ੍ਹਾਂ ਦੀ ਮਾਰ ਝੱਲੀ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਵਜ਼ਾਰਤ, ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਦਿਨ ਰਾਤ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਜੁਟੇ ਰਹੇ ਹਨ।
ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਅਤੇ ਚੜ੍ਹਦੀਕਲਾ ਲਈ ਆਰੰਭੇ ਇਸ ਮਿਸ਼ਨ ਨੂੰ ਚੁਫੇਰਿਓ ਹੁੰਗਾਰਾ ਮਿਲ ਰਿਹਾ ਹੈ ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਔਖੇ ਤੋਂ ਔਖੇ ਸਮੇਂ ਵਿੱਚ ਵੀ ਪੰਜਾਬੀ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਹਨ। ਉਨ੍ਹਾਂ ਨੇ ਹਲਕਾ ਵਾਸੀਆਂ ਨੂੰ ਖੁੱਲ੍ਹੇ ਦਿਲ ਨਾਲ ਇਸ ਮਿਸ਼ਨ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਅਤੇ ਕਿਹਾ ਕਿ ਵੈਬਸਾਈਟ http://rangla.punjab.gov.in ਉਤੇ ਲਾਗਇਨ ਕਰਕੇ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ।
ਚੈਕ ਪ੍ਰਦਾਨ ਕਰਨ ਮੌਕੇ ਬੀਡੀਪੀਓ ਵਨੀਤਾ ਮਿੱਤਲ, ਹੇਮੰਤ ਸੈਣੀ ਜੇਈ, ਜਸਵੀਰ ਸਿੰਘ ਪੰਚਾਇਤ ਸਕੱਤਰ, ਅਮਰਜੀਤ ਕੌਰ ਸਰਪੰਚ, ਪਰਮਜੀਤ ਕੌਰ ਪੰਚ, ਰਜਿੰਦਰ ਕੌਰ ਪੰਚ, ਤੀਰਥ ਸਿੰਘ ਪੰਚ, ਕਸ਼ਮੀਰ ਸਿੰਘ ਪੰਚ, ਪਰਮਿੰਦਰ ਸਿੰਘ ਪੰਚ, ਮਨਪ੍ਰੀਤ ਸਿੰਘ ਪੰਚ, ਧਰਮਿੰਦਰ ਸਿੰਘ, ਵਿਵੇਕ ਲਵਲੀ, ਮਨਦੀਪ ਧਨੌਲਾ, ਦਰਸ਼ਨ ਸ਼ਾਹੀ, ਗੋਗੀ ਅਮਰਾਲਾ, ਮਨਮੋਹਨ ਸਿੰਘ, ਪ੍ਰਭਦੀਪ ਸਰਪੰਚ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।