ਮੋਹਾਲੀ ਦੇ ਡਿਪਟੀ ਮੇਅਰ ਕੁਲਵਜੀਤ ਸਿੰਘ ਬੇਦੀ ਨੇ ਗਮਾਡਾ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਬੱਸ ਸਟੈਂਡ ਨੇੜੇ ਨੈਸ਼ਨਲ ਹਾਈਵੇ, ਜੋ ਦਾਰਾ ਸਟੂਡੀਓ ਤੋਂ ਵੇਰਕਾ ਚੌਂਕ ਨੂੰ ਜਾਂਦੀ ਹੈ, ਬਸ ਸਟੈਂਡ ਦੀ ਬੇਸਮੈਂਟ ਕੋਲ ਧੱਸਣੀ ਸ਼ੁਰੂ ਹੋ ਚੁੱਕੀ ਹੈ। ਜੇਕਰ ਇਸਨੂੰ ਤੁਰੰਤ ਠੀਕ ਨਾ ਕੀਤਾ ਗਿਆ ਤਾਂ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ।
ਉਹਨਾਂ ਕਿਹਾ ਕਿ ਪਹਿਲਾਂ ਹੀ ਹਾਈਵੇ ਵੱਲ ਨੂੰ ਜਾਂਦੀ ਸੜਕ ਦਾ ਬੁਰਾ ਹਾਲ ਹੈ ਜਿਸ ਦਾ ਅੱਧਾ ਹਿੱਸਾ ਇਸ ਬਸ ਸਟੈਂਡ ਨੇ ਕਬਜ਼ੇ ਵਿੱਚ ਲਿਆ ਹੋਇਆ ਹੈ ਤੇ ਹੁਣ ਦੂਜੇ ਪਾਸੇ ਵਾਲੀ ਸੜਕ ਵੀ ਧਸਣ ਲੱਗ ਪਈ ਹੈ ਜਿਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਬੇਦੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹਰ ਬਰਸਾਤ ‘ਚ ਇੱਥੇ ਸੜਕ ਧੱਸਣ ਦੀ ਸਮੱਸਿਆ ਉੱਠਦੀ ਰਹੀ ਹੈ ਪਰ ਗਮਾਡਾ ਦੀ ਲਾਪਰਵਾਹੀ ਕਾਰਨ ਹਾਲਾਤ ਹੋਰ ਗੰਭੀਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੀ ਬੇਸਮੈਂਟ ਕਈ ਸਾਲਾਂ ਤੋਂ ਵਿਵਾਦਾਂ ਵਿੱਚ ਹੈ ਅਤੇ ਇਸ ‘ਤੇ ਅਜੇ ਤੱਕ ਕੋਈ ਪੱਕਾ ਫ਼ੈਸਲਾ ਨਹੀਂ ਲਿਆ ਗਿਆ। ਖੁਦ ਉਹ ਇਸ ਮਾਮਲੇ ਨੂੰ ਹਾਈਕੋਰਟ ‘ਚ ਵੀ ਲੈ ਕੇ ਗਏ ਹਨ ਪਰ ਅਜੇ ਤੱਕ ਗਮਾਡਾ ਵੱਲੋਂ ਕੋਈ ਸੰਤੋਸ਼ਜਨਕ ਕਦਮ ਨਹੀਂ ਚੁੱਕਿਆ ਗਿਆ।
ਡਿਪਟੀ ਮੇਅਰ ਨੇ ਦੱਸਿਆ ਕਿ ਇਹ ਸੜਕ ਨੈਸ਼ਨਲ ਹਾਈਵੇ ਦਾ ਹਿੱਸਾ ਹੈ, ਜਿੱਥੋਂ ਰੋਜ਼ਾਨਾ ਪੰਜਾਬ ਦਾ ਵੱਡਾ ਟ੍ਰੈਫ਼ਿਕ, ਖ਼ਾਸ ਕਰਕੇ ਚੰਡੀਗੜ੍ਹ ਤੇ ਪੰਜਾਬ ਅਤੇ ਹਿਮਾਚਲ ਵੱਲ ਜਾਣ ਵਾਲੇ ਵਾਹਨ ਲੰਘਦੇ ਹਨ। ਜੇ ਰਾਤੋਂ-ਰਾਤ ਸੜਕ ਹੋਰ ਧੱਸ ਗਈ ਤਾਂ ਨਾ ਸਿਰਫ਼ ਜਾਨੀ-ਮਾਲੀ ਨੁਕਸਾਨ ਹੋਵੇਗਾ ਸਗੋਂ ਇਸਦੀ ਭਰਪਾਈ ਕਰਨਾ ਵੀ ਮੁਸ਼ਕਲ ਹੋਵੇਗਾ।
ਉਨ੍ਹਾਂ ਕਿਹਾ ਕਿ ਗਮਾਡਾ ਦੇ ਅਫ਼ਸਰ ਸ਼ਾਹੀ ਰਵੱਈਏ ਕਾਰਨ ਇਹ ਪ੍ਰੋਜੈਕਟ ਲੋਕਾਂ ਦੀ ਜਾਨ ਨਾਲ ਖੇਡ ਬਣ ਗਿਆ ਹੈ। ਬੇਦੀ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਤੁਰੰਤ ਅਧਿਕਾਰੀ ਮੌਕੇ ‘ਤੇ ਭੇਜ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਜਾਵੇ ਫੌਰੀ ਤੌਰ ਤੇ ਮੁਰੰਮਤ ਕਾਰਵਾਈ ਆਰੰਭ ਕਰਵਾਈ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਜਿਹੜੀ ਕੰਪਨੀ ਨੇ ਬੱਸ ਸਟੈਂਡ ਬਣਾਇਆ ਸੀ, ਉਸਨੂੰ ਆਪਣੇ ਕੰਮ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਜੇ ਉਹ ਕੰਪਨੀ ਇਸ ਸਮੱਸਿਆ ਦਾ ਹੱਲ ਨਹੀਂ ਕਰਦੀ ਤਾਂ ਗਮਾਡਾ, ਜਿਸ ਕੋਲ ਕਈ ਹਜ਼ਾਰ ਕਰੋੜਾਂ ਰੁਪਏ ਦੇ ਫੰਡ ਹਨ, ਆਪਣੇ ਪੱਧਰ ‘ਤੇ ਇਹ ਕੰਮ ਕਰਵਾਏ।
ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਇਸ ਬੇਸਮੈਂਟ ਅਤੇ ਸੜਕ ਨੂੰ ਮਜ਼ਬੂਤੀ ਨਾਲ ਦੁਬਾਰਾ ਤਿਆਰ ਕਰਨਾ ਲਾਜ਼ਮੀ ਹੈ ਤਾਂ ਜੋ ਭਵਿੱਖ ਵਿੱਚ ਵਾਪਰਨ ਵਾਲੇ ਖਤਰਨਾਕ ਹਾਦਸਿਆਂ ਤੋਂ ਬਚਿਆ ਜਾ ਸਕੇ। ਉਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਇਹ ਸਮੱਸਿਆ ਇੱਕ ਵੱਡੇ ਹਾਦਸੇ ਦਾ ਰੂਪ ਧਾਰ ਸਕਦੀ ਹੈ ਜਿਸਦੀ ਭਰਪਾਈ ਕੋਈ ਨਹੀਂ ਕਰ ਸਕੇਗਾ।