ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਜਿੱਥੇ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਭਰੇ ਪਾਣੀ ਵਿੱਚ ਉਤਰ ਕੇ ਲੋਕਾਂ ਦਾ ਹਾਲ ਚਾਲ ਜਾਣ ਕੇ ਰਾਹਤ ਸਮੱਗਰੀ ਦੀ ਵੰਡ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਉਹ ਰਾਹਤ ਕਾਰਜਾਂ ਵਿੱਚ ਪਹੁੰਚ ਕੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲ ਰਹੀਆਂ ਸਾਰੀਆਂ ਸੁਵਿਧਾਵਾਂ ਜਿਵੇਂ ਕਿ ਰਹਿਣ ਸਹਿਣ, ਖਾਣ ਪੀਣ ਤੇ ਦਵਾਈਆਂ ਆਦਿ ਦਾ ਨਿਰੀਖਣ ਵੀ ਕਰ ਰਹੇ ਹਨ।
ਇਸ ਮੌਕੇ ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਮੈਡਮ ਆਰਾਧਨਾ ਅਤੇ ਪੰਚਾਇਤ ਰਾਜ ਐੱਸ.ਡੀ.ਓ ਮਨਪ੍ਰੀਤ ਵੀ ਹਾਜ਼ਰ ਸਨ। ਇਸੇ ਤਹਿਤ ਹੀ ਅੱਜ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਮੰਡੀ ਲਾਧੂਕਾ ਦੇ ਰਾਹਤ ਕੈਂਪ ਪਹੁੰਚੇ ਜਿੱਥੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਲੋਕਾਂ ਨੂੰ ਮਿਲ ਰਹੀ ਰਾਹਤ ਸਮੱਗਰੀ ਦੀ ਜਾਂਚ ਕੀਤੀ ਤੇ ਖੁਦ ਵੀ ਲੋਕਾਂ ਨੂੰ ਰਾਸ਼ਨ ਤੇ ਦਵਾਈਆਂ ਦੀ ਵੰਡ ਕੀਤੀ।
ਉਨ੍ਹਾਂ ਕਿਹਾ ਕਿ ਇਸ ਰਾਹਤ ਕੇਂਦਰ ਵਿੱਚ 100 ਤੋਂ ਵੱਧ ਹੜ੍ਹ ਪੀੜਤ ਲੋਕ ਰਹਿਣ ਆਏ। ਲੋਕਾਂ ਦੀ ਮੁਸ਼ਕਿਲ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਰਾਹਤ ਕੈਂਪਾਂ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਜਿਵੇਂ ਕਿ ਪਸ਼ੂਆਂ ਲਈ ਹਰੇ ਚਾਰੇ ਤੇ ਫੀਡ ਤੇ ਖਾਣ ਲਈ ਰਾਸ਼ਨ ਦੇ ਪ੍ਰਬੰਧ ਪੂਰੇ ਹਨ। ਵਿਧਾਇਕ ਸਵਨਾ ਨੇ ਅੱਗੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੇ ਹੋਏ ਫਸਲਾਂ ਦੇ ਨੁਕਸਾਨੇ ਦੀ ਭਰਪਾਈ ਮੁਆਵਜ਼ੇ ਰਾਹੀਂ ਕੀਤੀ ਜਾਵੇਗੀ ਲੋਕ ਨਾ ਘਬਰਾਉਣ।
ਉਨ੍ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਤੇ ਉਹ ਖੁਦ ਹੜ੍ਹ ਪੀੜਤ ਲੋਕਾਂ ਦੀ ਹਰ ਜ਼ਰੂਰਤਾਂ ਪੂਰੀਆਂ ਕਰਨ ਲਈ ਦਿਨ ਰਾਤ ਲੱਗੇ ਹੋਏ ਹਨ ਤਾਂ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਕੁਦਰਤੀ ਆਫਤ ਵਿੱਚ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਸਮਾਜ ਸੇਵੀ ਸੰਸਥਾਵਾਂ ਹੀ ਆਪਣਾ ਯੋਗਦਾਨ ਪਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਮੇਰੀ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਹੈ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਇਸ ਕੁਦਰਤੀ ਆਫਤ ਦੀ ਮੁਸ਼ਕਲ ਦੀ ਘੜੀ ਵਿੱਚ ਜੋ ਵੀ ਪ੍ਰਸ਼ਾਸਨਿਕ ਅਧਿਕਾਰੀ ਤੇ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਹਨ ਉਨ੍ਹਾਂ ਨੂੰ 26 ਜਨਵਰੀ ਦੇ ਗਣਤੰਤਰ ਦਿਵਸ ਮੌਕੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਏ ਜਾ ਰਹੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।