ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਮਹਿਸਮਪੁਰਾ ਅਤੇ ਸੈਦਪੁਰ ਵਿਚ ਕਰੀਬ 13 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ ।ਇੰਨਾ ਸੜਕਾਂ ਵਿੱਚ ਪਿੰਡ ਸੈਦਪੁਰ ਤੋਂ ਧਰਮੂ ਚੱਕ ਅਤੇ ਸੈਦਪੁਰ ਤੋਂ ਅੰਮ੍ਰਿਤਸਰ ਮਹਿਤਾ ਰੋਡ ਵਾਇਆ ਜਲਾਲ ਸੜਕ ਸ਼ਾਮਿਲ ਹੈ।
ਇਸ ਦੇ ਨਾਲ ਹੀ ਸੈਦਪੁਰ ਕਾਲੇ ਕੇ ਬਟਾਰੀ ਰੋਡ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ਮੌਕੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਹਲਕੇ ਵਿਚ ਵਿਕਾਸ ਦੇ ਨਾਮ ਤੇ ਵੋਟਾਂ ਮੰਗਾਂਗੇ। ਉਨਾਂ ਪਿਛਲੇ ਸਮੇਂ ਦੇ ਵਿਧਾਇਕਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਸਾਡੇ ਵੱਲੋ ਹਲਕੇ ਦਾ ਵੱਧ ਵਿਕਾਸ ਅਤੇ ਹੁਣ ਤੱਕ ਦੀਆਂ ਸਭ ਤੋ ਵੱਧ ਗਰਾਟਾਂ ਦਿੱਤੀਆਂ ਗਈਆਂ ਹਨ।
ਉੱਨਾਂ ਕਿਹਾ ਕਿ ਮੈਂ ਆਪਣੇ ਹਲਕੇ ਵਿੱਚ ਕੋਈ ਵੀ ਸਰਕਾਰੀ ਸਕੂਲ ਅਜਿਹਾ ਨਹੀਂ ਰਹਿਣ ਦਿੱਤਾ ਜਿਸ ਵਿੱਚ ਉਹਨਾਂ ਦੀ ਜਰੂਰਤ ਅਨੁਸਾਰ ਲੋੜਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਹਲਕੇ ਦੀਆਂ ਬਹੁਤੀਆਂ ਸੜਕਾਂ ਚੌੜੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਬਾਕੀ ਸੜਕਾਂ ਵੀ ਨਵੀਆਂ ਬਣ ਰਹੀਆਂ ਹਨ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਜਿਨਾਂ ਵਾਅਦਿਆਂ ਨਾਲ ਸੱਤਾ ਵਿੱਚ ਆਈ ਸੀ, ਉਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਹਰਭਜਨ ਸਿੰਘ ਨੇ ਕਿਹਾ ਕਿ ਅਸੀਂ ਇਹਨਾਂ ਕੰਮਾਂ ਦੇ ਆਧਾਰ ਉੱਤੇ ਹੀ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ ਅਤੇ ਵੱਡੀ ਫਰਕ ਨਾਲ ਮੁੜ ਜਿੱਤ ਪ੍ਰਾਪਤ ਕਰਾਂਗੇ।ਇਸ ਮੌਕੇ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ ਹੋ ਕੇ ਪਿੰਡ ਸੈਦਪੁਰ ਹਲਕਾ ਜੰਡਿਆਲਾ ਗੁਰੂ ਦੀ ਸਮੁੱਚੀ ਮੌਜੂਦਾ ਪੰਚਾਇਤ ਅਨੇਕਾਂ ਪਰਿਵਾਰਾਂ ਸਮੇਤ ਆਪਣੀਆ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਈ।
ਕੈਬਨਿਟ ਮੰਤਰੀ ਨੇ ਇਹਨਾਂ ਸ਼ਾਮਿਲ ਹੋਏ ਮੋਹਤਬਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਹਰੇਕ ਵਰਕਰ ਦਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਡੇ ਵਰਕਰ ਸਾਡਾ ਪਰਿਵਾਰ ਹਨ।