ਜਿਨੇਵਾ ਵਿਖੇ ਹਾਲ ਹੀ ਵਿੱਚ ਸਮਾਪਤ ਹੋਏ ਵਰਲਡ ਹੈਲਥ ਅਸੈਂਬਲੀ ਵਿੱਚ, ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ-WHO) ਵੱਲੋਂ ਭਾਰਤ ਨੂੰ ਟ੍ਰੈਕੋਮਾ-ਮੁਕਤ ਐਲਾਨ ਕਰਨਾ, ਸਿਰਫ਼ ਜਨਤਕ ਸਿਹਤ ਖੇਤਰ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਨਹੀਂ ਹੈ। ਇਹ ਸਮੂਹਿਕ ਰਾਸ਼ਟਰੀ ਇੱਛਾ ਸ਼ਕਤੀ ਦਾ ਇੱਕ ਸ਼ਾਨਦਾਰ ਪ੍ਰਮਾਣ ਹੈ। ਸਵੱਛਤਾ, ਸਫਾਈ ਅਤੇ ਜਾਗਰੂਕਤਾ ਵਿੱਚ ਦਹਾਕਿਆਂ ਦੇ ਸਰਗਰਮ ਯਤਨਾਂ ਰਾਹੀਂ ਪ੍ਰਾਪਤ ਕੀਤੀ ਇਹ ਉਪਲਬਧੀ, ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਤਪੇਦਿਕ (ਟੀਬੀ) ਨਾਲ ਕਿਸ ਤਰ੍ਹਾਂ ਨਜਿੱਠ ਰਿਹਾ ਹੈ।
ਵਾਸਤਵ ਵਿੱਚ, ਟ੍ਰੈਕੋਮਾ 'ਤੇ ਜਿੱਤ ਦੀ ਗੂੰਜ, ਟੀਬੀ-ਮੁਕਤ ਭਾਰਤ ਵੱਲ ਰਾਸ਼ਟਰ ਦੀ ਮਹੱਤਵਾਕਾਂਖੀ ਅਭਿਯਾਨ ਵਿੱਚ ਦ੍ਰਿੜਤਾ ਨੂੰ ਦਰਸਾਉਂਦੀ ਹੈ। ਜਿਸ ਤਰ੍ਹਾਂ ਬੁਨਿਆਦੀ ਜਨਤਕ ਸਿਹਤ ਸਿਧਾਂਤਾਂ ‘ਤੇ ਨਿਰੰਤਰ ਧਿਆਨ ਨੇ ਟ੍ਰੈਕੋਮਾ ਦੇ ਵਿਰੁੱਧ ਲੜਾਈ ਨੂੰ ਰੇਖਾਂਕਿਤ ਕੀਤਾ, ਉਸੇ ਤਰ੍ਹਾਂ ਟੀਬੀ ਵਿਰੁੱਧ ਮੌਜੂਦਾ ਲੜਾਈ ਵੀ ਸਮਾਨ ਰੂਪ ਵਿੱਚ ਵਿਆਪਕ ਅਤੇ ਮਹੱਤਵਪੂਰਨ ਤੌਰ 'ਤੇ ਗਹਿਰਾਈ ਨਾਲ ਨਿਹਿਤ ਜਨ ਭਾਗੀਦਾਰੀ (Jan Bhagidari) ਅਰਥਾਤ ਲੋਕਾਂ ਦੀ ਭਾਗੀਦਾਰੀ ਦੇ ਸਿਧਾਂਤ ਨਾਲ ਲੜੀ ਜਾ ਰਹੀ ਹੈ।
ਇਹ ਸਿਰਫ਼ ਇੱਕ ਨਾਅਰਾ ਨਹੀਂ ਹੈ, ਸਗੋਂ ਇਹ ਸਰਕਾਰ ਦੀ ਰਣਨੀਤੀ ਦਾ ਅਧਾਰ ਹੈ। ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ 100 ਦਿਨਾਂ ਦਾ ਟੀਬੀ ਖਾਤਮਾ ਅਭਿਯਾਨ ਇਸ ਸੰਕਲਪ ਦੀ ਸ਼ਾਨਦਾਰ ਉਦਾਹਰਣ ਹੈ। ਇਸ ਅਭਿਯਾਨ ਦੇ ਤਹਿਤ, 12 ਕਰੋੜ 97 ਲੱਖ ਲੋਕਾਂ ਦੀ ਜਾਂਚ ਕੀਤੀ ਗਈ ਅਤੇ 7 ਲੱਖ 19 ਹਜ਼ਾਰ ਤੋਂ ਵੱਧ ਟੀਬੀ ਮਰੀਜ਼ਾਂ ਦੀ ਜਾਣਕਾਰੀ ਦਿੱਤੀ ਗਈ।
ਪਰ ਜੋ ਇਸ ਯਤਨ ਨੂੰ ਸਚਮੁੱਚ ਵਖਰਾ ਬਣਾਉਂਦਾ ਹੈ, ਉਹ ਹੈ ਟੀਬੀ ਦੇ ਸਮਾਜਿਕ ਲੱਛਣਾ ਨੂੰ ਖਤਮ ਕਰਨ ਦੀ ਸਮਾਨਾਂਤਰ ਪ੍ਰਤੀਬੱਧਤਾ। 13.46 ਕਰੋੜ "ਨੀ-ਕਸ਼ੈ ਕੈਂਪਾਂ" ਜਾਂ ਕਮਿਊਨਿਟੀ ਸਕ੍ਰੀਨਿੰਗ ਅਤੇ ਜਾਗਰੂਕਤਾ ਕੈਂਪਾਂ ਦਾ ਆਯੋਜਨ, ਇਸ ਮਾਨਤਾ ਬਾਰੇ ਬਹੁਤ ਕੁਝ ਕਹਿੰਦਾ ਹੈ ਕਿ ਪ੍ਰਭਾਵਸ਼ਾਲੀ ਇਲਾਜ ਦਵਾਈ ਤੋਂ ਪਰੇ ਕਲੰਕ, ਮਿੱਥਾਂ ਅਤੇ ਗਲਤ ਸੂਚਨਾਵਾਂ ਦੇ ਖਾਤਮੇ ਤੱਕ ਫੈਲਿਆ ਹੋਇਆ ਹੈ। ਟੀਬੀ ਦੇ ਖਾਤਮੇ ਦੇ ਸੰਦਰਭ ਵਿੱਚ ਜਨ-ਭਾਗੀਦਾਰੀ ਜੀਵੰਤ ਅਤੇ ਬਹੁ-ਪੱਖੀ ਹੈ। ਇਹ ਇੱਕ ਅਜਿਹੀ ਵਿਧੀ ਹੈ ਜੋ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਜਿਹੇ ਕਮਿਊਨਿਟੀ ਸਿਹਤ ਵਰਕਰਾਂ ਦੇ ਅਣਥੱਕ ਸਮਰਪਣ ਦਾ ਸਮਰਥਨ ਕਰਦਾ ਹੈ, ਜੋ ਦੂਰ-ਦੁਰਾਡੇ ਪਿੰਡਾਂ ਵਿੱਚ ਸੰਪਰਕ ਦਾ ਸਭ ਤੋਂ ਮੁੱਲਵਾਨ ਮਾਧਿਅਮ ਹੈ।
ਉਹ ਸੰਭਾਵੀ ਮਾਮਲਿਆਂ ਦੀ ਪਹਿਚਾਣ ਕਰਨ, ਇਲਾਜ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਮਹੱਤਵਪੂਰਨ ਪੋਸ਼ਣ ਸਹਾਇਤਾ ਪ੍ਰਦਾਨ ਕਰਨ ਵਾਲੇ ਗੁੰਮਨਾਮ ਨਾਇਕ ਹਨ। ਇਸ ਨੀਂਹ 'ਤੇ ਸਥਾਨਕ ਸਵੈ-ਸਹਾਇਤਾ ਸਮੂਹਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਵਿਸ਼ਵਾਸ-ਅਧਾਰਿਤ ਸੰਗਠਨਾਂ ਦੁਆਰਾ ਸਰੋਤਾਂ ਦੀ ਲਾਮਬੰਦੀ ਦੁਆਰਾ ਮਹੱਤਵਪੂਰਨ ਮਰੀਜ਼ ਸਹਾਇਤਾ ਨੈੱਟਵਰਕ ਸਥਾਪਿਤ ਕਰਕੇ ਕਮਿਊਨਿਟੀ-ਅਗਵਾਈ ਵਾਲੇ ਯਤਨਾਂ ਨੂੰ ਹੋਰ ਮਜ਼ਬੂਤੀ ਮਿਲਦੀ ਹੈ।
ਹਾਲਾਂਕਿ, ਮੋਹਰੀ ਲਾਈਨ ਦੇ ਇਨ੍ਹਾਂ ਯੋਧਿਆਂ ਦੇ ਮੈਦਾਨ ਵਿੱਚ ਉਤਰਨ ਤੋਂ ਪਹਿਲਾਂ ਹੀ, ਭਾਰਤ ਦੇ ਸਸ਼ਕਤ ਮੀਡੀਆ ਦੁਆਰਾ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। 100 ਦਿਨਾਂ ਦੇ ਅਭਿਯਾਨ ਦਾ ਆਕਰਸ਼ਕ ਨਾਅਰਾ, 'ਜਨ-ਜਨ ਕਾ ਰਖੇ ਧਿਆਨ, ਟੀਬੀ-ਮੁਕਤ ਭਾਰਤ ਅਭਿਯਾਨ', ਸਿਰਫ਼ ਇੱਕ ਆਕਰਸ਼ਕ ਮੁਹਾਵਰਾ ਨਹੀਂ ਹੈ, ਇਹ ਇੱਕ ਰਾਸ਼ਟਰੀ ਸੱਦਾ ਹੈ ਜੋ ਅਣਗਿਣਤ ਸਥਾਨਕ ਭਾਸ਼ਾਵਾਂ ਵਿੱਚ ਟੈਲੀਵਿਜ਼ਨ, ਰੇਡੀਓ ਅਤੇ ਜਨਤਕ ਥਾਵਾਂ 'ਤੇ ਗੂੰਜ ਰਿਹਾ ਹੈ।
ਇਸ ਵਿਆਪਕ ਜਾਗਰੂਕਤਾ ਸਿਰਜਣ ਨੂੰ ਅਟੁੱਟ ਰਾਜਨੀਤੀਕ ਇੱਛਾ ਸ਼ਕਤੀ ਦੁਆਰਾ ਮਹੱਤਵਪੂਰਨ ਰੂਪ ਵਿੱਚ ਹੁਲਾਰਾ ਦਿੱਤਾ ਗਿਆ ਹੈ। ਜਿਸ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸਮੇਤ ਸਰਕਾਰ ਦੇ ਸਰਵਉੱਚ ਪੱਧਰ ਦੇ ਅਧਿਕਾਰੀ ਲਗਾਤਾਰ ਭਾਰਤ ਦੀ ਪ੍ਰਗਤੀ ਦਾ ਅਧਾਰ ਰੱਖ ਰਹੇ ਹਨ। ਮਾਣਯੋਗ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦੀ ਅਗਵਾਈ ਵਿੱਚ ਇੱਕ “ਸੰਪੂਰਨ- ਸਰਕਾਰ” ਦਾ ਦ੍ਰਿਸ਼ਟੀਕੌਣ ਜਿਸ ਤਰ੍ਹਾਂ ਨਾਲ ਮੰਤਰਾਲਿਆਂ ਵਿੱਚ ਸਹਿਯੋਗ ਨੂੰ ਹੁਲਾਰਾ ਦੇ ਰਹੀ ਹੈ ਅਤੇ ਰਾਜ ਪੱਧਰ ‘ਤੇ ਸਰਗਰਮ ਯਤਨ ਜਾਰੀ ਹੈ, ਉਹ ਏਕੀਕ੍ਰਿਤ ਰਾਸ਼ਟਰੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਟੀਬੀ ਦੇ ਖਿਲਾਫ ਭਾਰਤ ਦੀ ਲੜਾਈ ਦੀ ਇੱਕ ਹੋਰ ਅਧਾਰਸ਼ਿਲਾ, ਇਸ ਦੀ ਪੰਚਾਇਤੀ ਰਾਜ ਸੰਸਥਾਵਾਂ ਦੀ ਵਿਆਪਕ ਪਹੁੰਚ ਹੈ। 2,50,000 ਤੋ ਜ਼ਿਆਦਾ ਪੰਚਾਇਤਾਂ ਟੀਬੀ ਖਾਤਮੇ ਨੂੰ ਚਰਚਾ ਵਿੱਚ ਲਿਆ ਰਹੀਆਂ ਹਨ ਅਤੇ ਸਰਪੰਚਾਂ ਅਤੇ ਗ੍ਰਾਮ ਪ੍ਰਧਾਨਾਂ ਨੂੰ ਜਨਤਕ ਸਿਹਤ ਦੇ ਮੋਹਰੀ ਦੇ ਤੌਰ ਵਿੱਚ ਸ਼ਾਮਲ ਕਰ ਰਹੀਆਂ ਹਨ। ਟੀਬੀ ਦੇ ਬਾਰੇ ਵਿੱਚ ਹੁਣ ਖੁੱਲ੍ਹ ਕੇ ਚਰਚਾ ਕੀਤੀ ਜਾਂਦੀ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਗ੍ਰਾਮੀਣ ਪੱਧਰ ‘ਤੇ ਇਸ ‘ਤੇ ਕਾਰਵਾਈ ਕੀਤੀ ਜਾਂਦੀ ਹੈ।
ਜਨਤਕ ਸਿਹਤ ਸਹਿਯੋਗੀ ਦੇ ਰੂਪ ਵਿੱਚ ਮੀਡੀਆ
ਇਸ ਮਹਾਨ ਯਤਨ ਵਿੱਚ ਮੀਡੀਆ ਦੀ ਭੂਮਿਕਾ ਲਾਜ਼ਮੀ ਹੈ। ਸਰਕਾਰੀ ਪਹਿਲਕਦਮੀਆਂ, ਸਮਾਜਿਕ ਯੋਜਨਾਵਾਂ ਅਤੇ ਕਮਿਊਨਿਟੀ ਦੁਆਰਾ ਸੰਚਾਲਿਤ ਉਪਾਵਾਂ ਦੀਆਂ ਪ੍ਰੇਰਕ ਕਹਾਣੀਆਂ ‘ਤੇ ਚਾਣਨਾ ਪਾ ਕੇ, ਮੀਡੀਆ ਜਨਤਾ ਦਾ ਵਿਸ਼ਵਾਸ ਵਧਾਉਂਦੀ ਹੈ ਅਤੇ ਦੇਖਭਾਲ ਲਈ ਅੱਗੇ ਆਉਣ ਲਈ ਉਤਸ਼ਾਹਿਤ ਕਰਦੀ ਹੈ। ਇਹ ਵਿਕੇਂਦਰੀਕ੍ਰਿਤ, ਜਨ-ਕੇਂਦ੍ਰਿਤ ਮਾਡਲ ਨੀ-ਕਸ਼ੈ–ਮਿੱਤਰ (Ni-kshay Mitra) ਪਹਿਲਕਦਮੀ ਦੇ ਰੂਪ ਵਿੱਚ ਆਪਣੇ ਪ੍ਰਗਟਾਵੇ ਨੂੰ ਉਜਾਗਰ ਕਰਦਾ ਹੈ।
ਪੋਸ਼ਣ ਅਤੇ ਟੀਬੀ ਇਲਾਜ ਨਤੀਜਿਆਂ ਨੂੰ ਜੋੜ੍ਹਣ ਵਾਲੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਸਬੂਤਾਂ ਬਾਰੇ ਵਿਆਪਕ ਮੀਡੀਆ ਕਵਰੇਜ ਨੇ ਕਮਿਊਨਿਟੀ ਕਾਰਵਾਈ ਦੀ ਇੱਕ ਸ਼ਕਤੀਸ਼ਾਲੀ ਲਹਿਰ ਨੂੰ ਜਗਾਇਆ, ਜਿਸ ਨਾਲ ਕਾਰਪੋਰੇਸ਼ਨਾਂ, ਗੈਰ-ਸਰਕਾਰੀ ਸੰਗਠਨਾਂ, ਵਿਅਕਤੀਆਂ ਅਤੇ ਇੱਥੋਂ ਤੱਕ ਕਿ ਬੱਚੇ ਵੀ ਨੀ-ਕਸ਼ੈ–ਮਿੱਤਰ (Ni-kshay Mitra) ਬਣਨ ਲਈ ਅੱਗੇ ਆਏ। ਹਾਲ ਹੀ ਵਿੱਚ 100 ਦਿਨਾਂ ਦੇ ਅਭਿਯਾਨ ਦੌਰਾਨ 1.05 ਲੱਖ ਤੋਂ ਵੱਧ ਨੀ-ਕਸ਼ੈ–ਮਿੱਤਰਾਂ (Ni-kshay Mitra) ਦੁਆਰਾ ਟੀਬੀ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ 3.06 ਲੱਖ ਤੋਂ ਵੱਧ ਭੋਜਨ ਟੋਕਰੀਆਂ ਵੰਡੀਆਂ ਗਈਆਂ, ਜੋ ਜ਼ਮੀਨੀ ਪੱਧਰ 'ਤੇ ਇਸ ਦ੍ਰਿਸ਼ਟੀਕੋਣ ਦੇ ਦੂਰਗਾਮੀ ਪ੍ਰਭਾਵ ਨੂੰ ਸਪੱਸ਼ਟ ਤੌਰ 'ਤੇ ਉਜਾਗਰ ਕਰਦੀਆਂ ਹਨ।
ਸੰਭਵਤ: ਸਭ ਤੋਂ ਸ਼ਕਤੀਸ਼ਾਲੀ ਰੂਪ ਵਿੱਚ, ਟੀਬੀ ਤੋਂ ਉੱਭਰਣ ਵਾਲੇ ਲੋਕਾਂ ਦੇ ਜੇਤੂਆਂ ਵਜੋਂ ਸਾਹਮਣੇ ਆਉਣ ਨਾਲ ਇਹ ਕਹਾਣੀ ਬਦਲ ਗਈ ਹੈ। ਇਹ ਵਿਅਕਤੀ, ਸਫ਼ਲਤਾਪੂਰਨ ਆਪਣੇ ਖੁਦ ਦੇ ਠੀਕ ਹੋਣ ਦੀਆਂ ਕਹਾਣੀਆਂ ਨੂੰ ਅੱਗੇ ਵਧਾਉਂਦੇ ਹੋਏ, ਹੁਣ ਇੰਟੈਗਰਲ (ਅਨਿੱਖੜਵਾਂ) ਸਹਿਯੋਗੀ ਹਨ, ਜੋ ਹਮਦਰਦੀ, ਮਾਰਗਦਰਸ਼ਨ ਅਤੇ ਸਬੂਤ ਦਿੰਦੇ ਹਨ ਕਿ ਟੀਬੀ ਪੂਰੀ ਤਰ੍ਹਾਂ ਇਲਾਜਯੋਗ ਹੈ।
ਉਨ੍ਹਾਂ ਦੀ ਢਾਂਚਾਗਤ ਟ੍ਰੇਨਿੰਗ - ਜਿੱਥੇ ਉਹ ਟੀਬੀ ਦੇ ਵਿਗਿਆਨ ਨੂੰ ਸਮਝਦੇ ਹਨ, ਉਹ ਤਰੀਕੇ ਜਿਨ੍ਹਾਂ ਨਾਲ ਇਹ ਮਰੀਜ਼ ਨੂੰ ਮਨੋਵਿਗਿਆਨਕ ਤੌਰ 'ਤੇ ਪ੍ਰਭਾਵਿਤ ਕਰਦੇ ਹਨ ਅਤੇ ਕਮਿਊਨਿਟੀ ਨੈੱਟਵਰਕ ਬਣਾਉਣ ਦੀਆਂ ਤਕਨੀਕਾਂ - ਅਤੇ ਤਜ਼ਰਬਿਆਂ ਨੂੰ ਜਨਤਕ ਤੌਰ ‘ਤੇ ਸਾਂਝਾ ਕਰਨ ਨਾਲ ਇਲਾਜ ਦੀ ਪਾਲਣਾ ਨੂੰ ਪ੍ਰੇਰਿਤ ਕਰਦੇ ਹਨ ਅਤੇ ਮਹੱਤਵਪੂਰਨ ਕਮਿਊਨਿਟੀ ਹਮਦਰਦੀ ਦਾ ਨਿਰਮਾਣ ਕਰਦੇ ਹਨ।ਜਿਵੇਂ-ਜਿਵੇਂ ਦੇਸ਼ ਟੀਬੀ-ਮੁਕਤ ਭਾਰਤ ਵੱਲ ਵਧ ਰਿਹਾ ਹੈ, ਇਨ੍ਹਾਂ ਮੁੱਖ ਉਤਪ੍ਰੇਰਕਾਂ ਅਤੇ ਜਨ-ਭਾਗੀਦਾਰੀ ਦੀ ਭਾਵਨਾ ਦਰਮਿਆਨ ਨਿਰੰਤਰ ਤਾਲਮੇਲ ਸਭ ਤੋਂ ਮਹੱਤਵਪੂਰਨ ਹੋਵੇਗਾ। ਸੂਚਨਾ ਦੇਣ, ਪ੍ਰੇਰਿਤ ਕਰਨ ਅਤੇ ਲੋਕਾਂ ਨੂੰ ਇਕੱਠੇ ਕਰਨ ਦੀ ਉਨ੍ਹਾਂ ਦੀ ਸੰਯੁਕਤ ਸ਼ਕਤੀ ਬੇਸ਼ੱਕ ਭਾਰਤ ਦੀ ਸਭ ਤੋਂ ਵੱਡੀ ਸੰਪਤੀ ਹੈ।
ਟੈਕਨੋਲੋਜੀ ਦਾ ਰਣਨੀਤਕ ਲਾਭ ਚੁੱਕਣ, ਇਨੋਵੇਟਿਵ ਸੰਚਾਰ ਰਣਨੀਤੀਆਂ ਨੂੰ ਉਤਸ਼ਾਹਿਤ ਕਰਕੇ ਅਤੇ ਕਮਿਊਨਿਟੀ ਭਾਗੀਦਾਰੀ ਨੂੰ ਮਜ਼ਬੂਤ ਕਰਕੇ, ਭਾਰਤ ਸਿਰਫ਼ ਇੱਕ ਬਿਮਾਰੀ ਨੂੰ ਖਤਮ ਕਰਨ ਦਾ ਯਤਨ ਨਹੀਂ ਕਰ ਰਿਹਾ ਹੈ, ਸਗੋਂ ਇੱਕ ਸਿਹਤਮੰਦ, ਵਧੇਰੇ ਸਰਗਰਮ ਸਮਾਜ ਦਾ ਵੀ ਨਿਰਮਾਣ ਕਰ ਰਿਹਾ ਹੈ ਜਿੱਥੇ ਹਰ ਨਾਗਰਿਕ ਜਾਗਰੂਕ ਹੈ, ਹਰ ਮਰੀਜ਼ ਨੂੰ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਜਿੱਥੇ ਟੀਬੀ ਵਾਸਤਵ ਵਿੱਚ ਅਤੀਤ ਦੀ ਗੱਲ ਬਣ ਜਾਂਦੀ ਹੈ।