ਅੰਮ੍ਰਿਤਸਰ ਸੀਟ ਲਈ ਅਕਾਲੀ-ਭਾਜਪਾ ਉਮੀਦਵਾਰ ਅਰੁਣ ਜੇਤਲੀ ਨੇ ਹਲਕਾ ਮਜੀਠਾ ਦੇ ਪਿੰਡ ਨਾਗ ਕਲਾਂ ਵਿਖੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਯੋਜਿਤ ਇਕ ਰੈਲੀ ਦੌਰਾਨ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੀ ਸਖਤ ਅਲੋਚਨਾ ਕੀਤੀ । ਉਹਨਾਂ ਅਕਾਲੀ ਭਾਜਪਾ ਨੂੰ ਸਹਿਯੌਗ ਦੇਣ ਅਤੇ ਦੇਸ਼ ਦੀ ਦੁਰਦਸ਼ਾ ਕਰਨ, ਦੇਸ਼ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ, ਪ੍ਰਧਾਨ ਮੰਤਰੀ ਅਹੁਦੇ ਨੂੰ ਬੌਨਿਆਂ ਕਰਨ ਵਾਲੀ ਕੇਂਦਰ ਦੀ ਕਾਂਗਰਸ ਦੀ ਬਈਮਾਨ ਸਰਕਾਰ ਨੂੰ ਜੜੋਂ ਉਖਾੜ ਸੁੱਟਣ ਤੋਂ ਇਲਾਵਾ ਰਾਜਸੀ ਅਸਥਿਰਤਾ ਪੈਦਾ ਕਰਨ ਵਾਲੀਆਂ ਤੀਜੇ ਮੋਰਚੇ ਵਰਗੀਆਂ ਤਾਕਤਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦੇਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਦੀਆਂ ਕੋਸ਼ਿਸ਼ਾਂ ਸਕਦਾ ਪੰਜਾਬ ਵਿੱਚ ਭਾਈਚਾਰਕ ਸਾਂਝ ਵਿੱਚ ਮਜ਼ਬੂਤੀ ਆਈ । ਉਨ੍ਹਾਂ ਕਿਹਾ ਕਿ ਇਸ ਵਾਰ ਰਾਜਸੀ ਬਦਲਾਵ ਲਿਆਉਣ ਲਈ ਇਹ ਇਕ ਚੰਗਾ ਇਤਿਹਾਸਕ ਮੌਕਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਮੋਦੀ ਦੀ ਪੰਜਾਬ ਹਿਤੈਸ਼ੀ ਸਰਕਾਰ ਆਉਣ ਵਾਲੀ ਹੈ , ਫਿਰ ਪੰਜਾਬ ਦੇ ਵਿਕਾਸ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਸ: ਬਿਕਰਮ ਸਿੰਘ ਮਜੀਠੀਆ ਦੀ ਕਾਰਗੁਜ਼ਾਰੀ ਦੀ ਸਿਫਤ ਕਰਦਿਆਂ ਕਿਹਾ ਕਿ ਮਜੀਠਾ ਹਲਕੇ ਦਾ ਨਾਅ ਸੁਣਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਸਮੇਤ ਉਸਦੀ ਪੂਰੀ ਕਾਂਗਰਸੀ ਟੀਮ ਦੀ ਘਬਰਾਹਟ ਸ਼ੁਰੂ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਪੰਜਾਬ ਨਾਲ ਕਾਂਗਰਸ ਵੱਲੋਂ ਕੀਤੇ ਗਏ ਵਿਤਕਰਿਆਂ ਦੇ ਸਿੱਟੇ ਵੱਜੋਂ ਚੋਣਾਂ ਦੇ ਇਤਿਹਾਸ ਵਿੱਚ ਉਹ ਇਹ ਪਹਿਲੀ ਵਾਰ ਵੇਖ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਲਈ ਕੇਂਦਰ ਵਿੱਚੋਂ ਕੋਈ ਵੀ ਲੀਡਰ ਚੋਣ ਪ੍ਰਚਾਰ ਕਰਨ ਦਾ ਹੌਂਸਲਾ ਨਹੀਂ ਵਿਖਾ ਰਹੇ।
ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਛੋਟੇ ਜਿਹੇ ਖ਼ਜ਼ਾਨੇ ਵਿੱਚੋਂ ਮਜੀਠੇ ਹਲਕੇ ਦਾ ਵਿਕਾਸ ਕਰਵਾ ਕੇ ਹਲਕੇ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕੀਤੀ। ਜੇ ਲੋਕ ਸ੍ਰੀ ਜੇਤਲੀ ਨੂੰ ਜਿੱਤਾ ਕੇ ਭੇਜਦੇ ਹਨ ਤਾਂ ਕੇਂਦਰ ਦੇ ਵਡੇ ਖ਼ਜ਼ਾਨੇ ਨਾਲ ਮਜੀਠੇ ਹਲਕੇ ਦੇ ਵਿਕਾਸ ਕਾਰਜਾਂ 'ਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਨੇ ਮਾਲਵੇ ਚੋਂ ਭਜਾਇਆ ਹੈ। ਜੇ ਉਸ ਵਿੱਚ ਕੋਈ ਕਾਬਲੀਅਤ ਹੁੰਦੀ ਤੇ ਅੱਜ ਉਹ ਕਿਸੇ ਮੁਕਾਮ 'ਤੇ ਪਹੁੰਚਿਆ ਹੁੰਦਾ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਕੁੱਤਿਆਂ ਦੀਆਂ ਦੌੜਾਂ, ਤਾਸ਼ ਖੇਡਣ, ਮੱਛੀ ਖਾਣ ਆਦਿ ਦਾ ਸ਼ੌਕੀਨ ਹੋਵੇ ਉਸ ਤੋਂ ਲੋਕ ਕੀ ਆਸ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਮਸੀਹੀ ਭਾਈਚਾਰੇ ਨਾਲ ਅਕਾਲੀ ਦਲ ਸੀ ਗੂੜ੍ਹੀ ਸਾਂਝ ਬਣੀ ਹੈ ਅਤੇ ਗੁੱਡ ਫਰਾਈਡੇ ਦੀ ਸਰਕਾਰੀ ਛੁੱਟੀ ਸ: ਬਾਦਲ ਵੱਲੋਂ ਹੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕੇਂਦਰ ਨੇ ਹਲਕਾ ਮਜੀਠਾ ਦੀ ਇੱਕ ਵੀ ਇੱਟ ਲਾਈ ਸਾਬਿਤ ਕਰ ਦੇਵੇ ਤਾਂ ਉਹ ਉਨ੍ਹਾਂ ਦਾ ਵਿਰੋਧ ਕਰਨਾ ਛੱਡ ਦੇਣਗੇ। ਉਨ੍ਹਾਂ ਜੇਤਲੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਤਲ ਦੀ ਜਿੱਤ ਅੰਮ੍ਰਿਤਸਰ ਦੀ ਜਿੱਤ ਹੋਵੇਗੀ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਦੇ ਭਰਾਤਾ ਦਲਜੀਤ ਸਿੰਘ ਕੋਹਲੀ, ਮਨਜੀਤ ਸਿੰਘ ਜੀ ਕੇ , ਬਲਬੀਰ ਸਿੰਘ ਚੰਦੀ, ਕਰਨੈਲ ਸਿੰਘ ਨਾਗਨਚੇ, ਸਰਬਜੀਤ ਸਿੰਘ ਨਾਗਕਲਾਂ, ਹਰਕੀਰਤ ਸਿੰਘ ਸ਼ਹੀਦ, ਸੁਖਵੰਤ ਨਾਗਕਲਾਂ, ਮਨਜੀਤ ਸਿੰਘ ਸਰਪੰਚ ਨਾਗ, ਨਿਰਮਲ ਸਿੰਘ ਨਿੰਮਾ, ਸੁੱਚਾ ਸਿੰਘ ਨਾਗ, ਬਲਦੇਵ ਸਿੰਘ, ਬਲਦੇਵ ਸਿੰਘ ਡੱਡੀਆਂ, ਪ੍ਰਭਦਿਆਲ ਨੰਗਲ ਪਨਵਾ, ਮੈਨੇਜਰ ਮਲ੍ਹੀ, ਯਕੂ ਮਸੀਹ, ਸੂਬੇਦਾਰ ਤਰਸੇਮ ਮਸੀਹ, ਅਮਰੀਕ ਸਿੰਘ, ਮੇਜਰ ਸ਼ਿਵੀ, ਜਗਰੂਪ ਚੰਡੀ ਅਤੇ ਪ੍ਰੋ: ਸਰਚਾਂਦ ਆਦਿ ਮੌਜੂਦ ਸਨ।