ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਪਿੰਡਾਂ ਦੇ ਵਿੱਚ ਛੱਪੜਾਂ ਨੂੰ ਖਾਲੀ ਕਰਨ ਅਤੇ ਉਹਨਾਂ ਦੀ ਸਫਾਈ ਕਰਵਾਉਣ ਦਾ ਕੰਮ ਕਣਕ ਦੀ ਵਾਢੀ ਦੇ ਨਾਲ ਹੀ ਸ਼ੁਰੂ ਕਰ ਦੇਣ । ਅੱਜ ਆਪਣੇ ਦਫਤਰ ਵਿੱਚ ਆਏ ਵੱਖ ਵੱਖ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਪਿੰਡਾਂ ਦੀ ਵੱਡੀ ਸਮੱਸਿਆ ਇਸ ਵੇਲੇ ਗੰਦੇ ਪਾਣੀ ਦੀ ਨਿਕਾਸੀ ਦੀ ਹੈ ਅਤੇ ਉਸ ਦਾ ਹੱਲ ਪਿੰਡਾਂ ਦੇ ਛੱਪੜਾਂ ਦੀ ਸਫਾਈ ਨਾਲ ਹੀ ਹੋਣਾ ਹੈ, ਇਸ ਲਈ ਸਾਡੀ ਸਰਕਾਰ ਨੇ ਇਸ ਵਾਰ ਦੇ ਬਜਟ ਵਿੱਚ ਪਿੰਡਾਂ ਲਈ ਵਿਸ਼ੇਸ਼ ਤੌਰ ਉੱਤੇ ਪੈਸਾ ਰੱਖਿਆ ਹੈ।
ਉਹਨਾਂ ਕਿਹਾ ਕਿ ਪੰਚਾਇਤ ਵਿਭਾਗ ਦੇ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਖੇਤਾਂ ਵਿੱਚੋਂ ਕਣਕ ਦੀ ਕਟਾਈ ਹੁੰਦੇ ਸਾਰ ਹੀ ਗੰਦੇ ਪਾਣੀ ਨੂੰ ਕੱਢ ਕੇ ਛੱਪੜਾਂ ਨੂੰ ਡੂੰਘਾ ਕੀਤਾ ਜਾਵੇ ਅਤੇ ਛੱਪੜਾਂ ਨੂੰ ਥਾਪਰ ਮਾਡਲ ਵਜੋਂ ਵਿਕਸਿਤ ਕਰਕੇ ਇਸ ਪਾਣੀ ਨੂੰ ਫਸਲਾਂ ਦੀ ਵਰਤੋਂ ਵਿੱਚ ਲਿਆਂਦਾ ਜਾਵੇ, ਤਾਂ ਜੋ ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਵੀ ਹੋ ਜਾਵੇ ਅਤੇ ਇਹ ਪਾਣੀ ਫਾਲਤੂ ਗਲੀਆਂ ਵਿੱਚ ਫੈਲਣ ਦੀ ਥਾਂ ਫਸਲਾਂ ਦੀ ਸਿੰਚਾਈ ਲਈ ਵਰਤਣ ਦੇ ਕੰਮ ਆ ਸਕੇ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪਿੰਡਾਂ ਵਿੱਚ ਸਫਾਈ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਚਲਾਈ ਜਾਵੇ, ਜਿਸ ਤਹਿਤ ਕੂੜਾ ਇਕੱਠਾ ਕਰਨ ਤੇ ਇਸ ਨੂੰ ਅੱਗੇ ਪ੍ਰੋਸੈਸ ਕਰਨ ਲਈ ਕੰਮ ਸ਼ੁਰੂ ਕੀਤੇ ਜਾਣ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਇਸ ਸਬੰਧੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਕੰਮ ਤੁਰੰਤ ਪ੍ਰਭਾਵ ਨਾਲ ਸ਼ੁਰੂ ਕੀਤੇ ਜਾਣੇ ਯਕੀਨੀ ਬਣਾਏ ਜਾਣ।