ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਢਾਈ ਸਾਲ ਦੇ ਸਮੇਂ ਦੌਰਾਨ ਬਰਨਾਲਾ ਹਲਕੇ ਦੇ ਪਿੰਡਾਂ ਵਿੱਚ ਕਮਿਊਨਟੀ ਹਾਲ, ਲਾਇਬ੍ਰੇਰੀਆਂ, ਛੱਪੜਾਂ ਦੇ ਕੰਮ, ਧਰਮਸ਼ਾਲਾਵਾਂ, ਸਕੂਲ, ਸਟੇਡੀਅਮ ਤੇ ਖੇਡ ਗਰਾਊਂਡਾਂ ਦਾ ਕੰਮ, ਗਲੀਆਂ-ਨਾਲ਼ੀਆਂ ਦੇ ਕੰਮ, ਨਹਿਰੀ ਪਾਣੀ ਲਈ ਪਾਈਪਲਾਈਨ ਦਾ ਕੰਮ ਉੱਤੇ ਪ੍ਰਤੀ ਪਿੰਡ 4 ਤੋਂ 5 ਕਰੋੜ ਰੁਪਏ ਤੱਕ ਖ਼ਰਚੇ ਜਾ ਰਹੇ ਹਨ। ਨਹਿਰੀ ਪਾਣੀ ਦੇ ਕੰਮ ਉੱਪਰ 100 ਕਰੋੜ ਰੁਪਏ ਦੇ ਕਰੀਬ ਖ਼ਰਚੇ ਜਾ ਰਹੇ ਹਨ। ਇਸੇ ਤਰ੍ਹਾਂ ਬਰਨਾਲਾ ਸ਼ਹਿਰ ਦੇ ਚੌਕਾਂ, ਸੜਕਾਂ, ਪੁਲਾਂ ਹੇਠ ਖੇਡ ਗਰਾਉੂਂਡ, ਪੀਣ ਵਾਲੇ ਪਾਣੀ ਤੇ ਸੀਵਰੇਜ ਆਦਿ ਦੇ ਕੰਮ ਵੱਡੇ ਪੱਧਰ ਉੱਤੇ ਕੀਤੇ ਜਾ ਰਹੇ ਹਨ।
ਇਹ ਗੱਲ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਆਪ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੇ ਬਰਨਾਲਾ ਜ਼ਿਮਨੀ ਚੋਣ ਲਈ ਪ੍ਰਚਾਰ ਕਰਦਿਆਂ ਬਰਨਾਲਾ ਹਲਕੇ ਦੇ ਪਿੰਡਾਂ ਹੰਡਿਆਇਆ, ਫਰਵਾਹੀ, ਬਡਬਰ, ਬਾਜ਼ੀਗਰ ਬਸਤੀ, ਭੈਣੀ ਮਹਿਰਾਜ ਤੇ ਮਾਨਾ ਪਿੰਡੀ ਅਤੇ ਬਰਨਾਲਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਉੱਤੇ ਜੁੜੇ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਹੀ। ਇਸ ਤੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀ ਸਵੇਰ ਹੰਡਿਆਇਆ ਵਿਖੇ ਗੁਰਪੁਰਬ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਮੀਤ ਹੇਅਰ ਤੇ ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਦੇ ਮਹਾਨ ਦਿਨ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਵੱਲੋਂ ਦਿਖਾਈਆਂ ਸਿੱਖਿਆਵਾਂ ਉੱਤੇ ਚੱਲੀਏ ਅਤੇ ਸਭ ਲਈ ਬਰਾਬਰ ਦਾ ਸਮਾਜ ਸਿਰਜੀਏ।
ਮੀਤ ਹੇਅਰ ਨੇ ਬੋਲਦਿਆਂ ਕਿਹਾ ਕਿ ਬਰਨਾਲਾ ਰਜਬਾਹੇ ਦੀ ਕੰਕਰੀਟ ਰੀਲਾਈਨਿੰਗ ਦੇ ਪ੍ਰਾਜੈਕਟ ਉਤੇ 81.53 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ ਜਿਸ ਨਾਲ ਰਜਬਾਹੇ ਵਿੱਚ ਪਾਣੀ ਸਮਰੱਥਾ ਵਿੱਚ 20 ਫੀਸਦੀ ਵਾਧਾ ਹੋਵੇਗਾ। ਇਸੇ ਤਰ੍ਹਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਪਿੰਡਾਂ ਵਿਚ ਖੇਡ ਸਟੇਡੀਅਮਾਂ ਦੇ ਕੰਮ ਕਰਵਾਏ ਗਏ ਹਨ। ਕਈ ਸਾਲ ਪੁਰਾਣੇ ਛੱਪੜ ਥਾਪਰ ਮਾਡਲ ਵਿੱਚ ਬਦਲੇ ਹਨ। ਕਰੋੜਾਂ ਰੁਪਏ ਨਹਿਰੀ ਪਾਣੀ ਦੇ ਪਾਇਪਲਾਈਨ ਪ੍ਰੋਜੈਕਟ 'ਤੇ ਖਰਚੇ ਗਏ। ਬਡਬਰ ਤੇ ਭੈਣੀ ਮਹਿਰਾਜ ਵਿਖੇ ਸਾਢੇ 9 ਕਰੋੜ ਦੇ ਵਿਕਾਸ ਕੰਮ ਕਰਵਾਏ ਹਨ। ਹੁਣ ਐਮਪੀ ਕੋਟੇ ਵਿੱਚੋਂ ਪਿੰਡਾਂ ਨੂੰ ਵੱਡੀ ਗਰਾਂਟ ਮਿਲੇਗੀ। ਹਰਿੰਦਰ ਸਿੰਘ ਧਾਲੀਵਾਲ ਨਾਲ ਮਿਲ ਕੇ ਸੂਬਾ ਸਰਕਾਰ ਤੋਂ ਹੋਰ ਫੰਡ ਵੀ ਲਿਆਂਦੇ ਜਾਣਗੇ।
ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਬਰਨਾਲਾ ਹਲਕੇ ਦੀਆਂ ਲਿੰਕ ਸੜਕਾਂ ਲਈ ਸਰਕਾਰ ਵਲੋਂ 25 ਕਰੋੜ ਰੁਪਏ ਜਾਰੀ ਕੀਤੇ ਗਏ। ਬਰਨਾਲਾ ਸ਼ਹਿਰ ਦੇ ਜਲ ਸਪਲਾਈ ਅਤੇ ਸੀਵਰੇਜ ਪ੍ਰੋਜੈਕਟ ਦਾ 87 ਕਰੋੜ ਦਾ ਟੈਂਡਰ ਲਾਇਆ ਗਿਆ ਹੈ। ਬਰਨਾਲਾ ਸ਼ਹਿਰ ਵਿਚ ਕਰੀਬ 1 ਕਰੋੜ ਦੀ ਲਾਗਤ ਨਾਲ ਮੁੱਖ ਚੌਂਕਾਂ ਦਾ ਕੰਮ ਕਰਵਾਇਆ ਜਾ ਰਿਹਾ ਹੈ। ਪਿੰਡਾਂ ਵਿਚ ਯੂਥ ਲਾਇਬ੍ਰੇਰੀਆਂ ਅਤੇ ਕਮਿਊਨਿਟੀ ਹਾਲ ਬਣਾਏ ਗਏ ਹਨ।
ਇਸ ਦੌਰਾਨ ਬਰਨਾਲਾ ਵਿਖੇ ਹਰਿੰਦਰ ਸਿੰਘ ਧਾਲੀਵਾਲ ਨੇ ਬਰਨਾਲਾ ਜ਼ਿਲਾ ਇੰਡਸਟਰੀਅਲ ਚੈਂਬਰ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਵਪਾਰੀ ਭਰਾਵਾਂ ਲਈ ਆਪ ਸਰਕਾਰ ਸੁਖਾਵਾਂ ਮਾਹੌਲ ਬਣਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਨਅਤਕਾਰ ਮਿਲਣੀਆਂ ਕੀਤੀਆਂ ਗਈਆਂ। ਗਰੀਨ ਸਟੈਂਪ ਸ਼ੁਰੂ ਕੀਤੀ ਗਈ।
ਸਰਕਾਰ ਇਹ ਸਮਝਦੀ ਹੈ ਕਿ ਸੂਬੇ ਦੇ ਵਿਕਾਸ ਲਈ ਉਦਯੋਗਿਕ ਤਰੱਕੀ ਬਹੁਤ ਜ਼ਰੂਰੀ ਹੈ।ਉਨ੍ਹਾਂ ਵਪਾਰੀਆਂ ਭਰਾਵਾਂ ਵੱਲੋਂ ਚੋਣ ਵਿੱਚ ਸਾਥ ਦੇਣ ਲਈ ਸ਼ੁਕਰੀਆ ਕੀਤਾ।