ਪੰਜਾਬ ਸਰਕਾਰ ਕਿਸਾਨਾਂ ਤੇ ਆੜ੍ਹਤੀਆਂ ਦੇ ਹਰ ਸੰਭਵ ਸਹਿਯੋਗ ਲਈ ਤੱਤਪਰ ਹੈ ਅਤੇ ਇਸ ਝੋਨੇ ਦੀ ਖ਼ਰੀਦ ਸੀਜਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਸਥਾਨਕ ਗਿੱਲ ਰੋਡ, ਨੇੜੇ ਅਰੋੜਾ ਪੈਲੇਸ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਮੌਕੇ ਕੀਤਾ।
ਵਿਧਾਇਕ ਸਿੱਧੂ ਨੇ ਕਿਹਾ ਕਿ ਮੇਰਾ ਦਫ਼ਤਰ ਬਿਲਕੁੱਲ ਦਾਣਾ ਮੰਡੀ ਨੇੜੇ ਹੈ ਅਤੇ ਅੰਨਦਾਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਮੰਡੀ ਵਿੱਚ ਪਾਣੀ, ਲਾਈਟਾਂ, ਬੈਠਣ, ਪਖਾਨਿਆਂ ਸਮੇਤ ਲੋੜੀਂਦੇ ਸਾਰੇ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ।
ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਟ੍ਰਾਂਸਪੋਰਟ, ਭੁਗਤਾਨ, ਬਾਰਦਾਨੇ ਤੇ ਲਿਫਟਿੰਗ ਸਬੰਧੀ ਅੰਨਦਾਤਾ ਨੂੰ ਕੋਈ ਦਿੱਕਤ ਨਾ ਆਵੇ ਅਤੇ ਕਿਸਾਨਾਂ ਦਾ ਸਤਿਕਾਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸੂਬੇ ਤੋਂ ਬਾਹਰੋਂ ਝੋਨੇ ਦੀ ਆਮਦ ਨਾ ਹੋਵੇ, ਇਸ ਸਬੰਧੀ ਵੀ ਸਖ਼ਤ ਕਦਮ ਚੁੱਕੇ ਗਏ ਹਨ ਜਿਸ ਤਹਿਤ ਸਰਕਾਰ ਵੱਲੋਂ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਗੱਲ ਯਕੀਨੀ ਬਣਾਈ ਜਾ ਰਹੀ ਹੈ ਕਿ ਫਸਲ ਦੀ ਖਰੀਦ ਸੁਚਾਰੂ ਢੰਗ ਨਾਲ ਹੋਵੇ ਅਤੇ ਖਰੀਦ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ।