ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਮੌਕ ਡਰਿੱਲ ਕਰਵਾਉਣ ਸਬੰਧੀ ਬੈਠਕ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਦੌਰਾਨ ਫੈਸਲਾ ਕੀਤਾ ਗਿਆ ਕਿ ਜਲਦ ਹੀ ਜਿ਼ਲ੍ਹੇ ਵਿਚ ਹੜ੍ਹਾਂ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਇਕ ਮੌਕ ਡਰਿਲ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰਾਂ ਦੀ ਮੌਕ ਡਰਿਲ ਨਾਲ ਸਾਨੂੰ ਆਪਣੀਆਂ ਸਮਰੱਥਾਵਾਂ ਅਤੇ ਕਮੀਆਂ ਦੀ ਪਤਾ ਲਗਦਾ ਹੈ ਅਤੇ ਜਦੋਂ ਅਸਲ ਵਿਚ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਸਾਰੇ ਵਿਭਾਗ ਬਿਤਹਰ ਤਾਲਮੇਲ ਨਾਲ ਇਸ ਦਾ ਵਧੀਆ ਤਰੀਕੇ ਨਾਲ ਹੱਲ ਕਰ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਸਾਰੇ ਵਿਭਾਗ ਆਪਣੇ ਸਬੰਧੀ ਤਿਆਰੀਆਂ ਰੱਖਣ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀ ਮੌਕ ਡਰਿੱਲ ਕਰਨ ਨਾਲ ਲੋਕਾਂ ਵਿਚ ਵੀ ਜਾਗਰੂਕਤਾ ਪੈਦਾ ਹੁੰਦੀ ਹੈ। ਇਸ ਮੌਕੇ ਐਨਡੀਆਰਫ ਬਠਿੰਡਾ ਤੋਂ ਇੰਸਪੈਕਟਰ ਸ੍ਰੀ ਆਸ਼ੀਸ ਨੇ ਕੁਦਰਤੀ ਆਫ਼ਤਾਂ ਤੋਂ ਬਚਾਓ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਉਪਰਾਲਿਆਂ ਦਾ ਉਦੇਸ਼ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਇਸਦੇ ਨਾਲ ਨਾਲ ਸਰਕਾਰੀ ਤੰਤਰ ਨੂੰ ਅਭਿਆਸ ਕਰਵਾਉਣਾ ਹੈ ਕਿ ਕੁਦਰ਼ਤੀ ਆਫ਼ਤ ਆ ਜਾਣ ਤੇ ਉਸ ਨਾਲ ਕਿਵੇਂ ਨਿਪਟਿਆ ਜਾਣਾ ਹੈ।
ਬੈਠਕ ਵਿਚ ਡੀਐਸਪੀ ਬਲਕਾਰ ਸਿੰਘ, ਤਹਿਸੀਲਦਾਰ ਨਵਜੀਵਨ ਛਾਬੜਾ, ਸਿਵਲ ਸਰਜਨ ਡਾ: ਐਰਿਕ, ਪਸ਼ੂ ਪਾਲਣ ਵਿਭਾਗ ਦੇ ਐਸਵੀਓ ਡਾ: ਮਨਦੀਪ ਸਿੰਘ ਅਤੇ ਬਾਕੀ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।