ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਲ ਵਿਭਾਗ ਦੇ ਕੰਮ ਵਿੱਚ ਪਾਰਦਸ਼ਤਾ ਲਿਆਉਣ ਅਤੇ ਲੋਕਾਂ ਦੇ ਸਰਕਾਰੀ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਨ ਲਈ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ, ਇਸ ਮੀਟਿੰਗ ਵਿੱਚ ਸ੍ਰੀ ਸੰਜੀਵ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਜਨਰਲ, ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ.ਸ੍ਰੀ ਮੁਕਤਸਰ ਸਾਹਿਬ, ਡਾ. ਸੰਜੀਵ ਕੁਮਾਰ ਐਸ.ਡੀ.ਐਮ.ਮਲੋਟ, ਡਾ. ਅਜੀਤਪਾਲ ਸਿੰਘ ਐਸ.ਡੀ.ਐਮ. ਗਿੱਦੜਬਾਹਾ ਤੋਂ ਇਲਾਵਾ ਸਰਕਲ ਕਾਨੂੰਗੋਜ਼, ਪਟਵਾਰ ਯੂਨੀਅਨ ਦੇ ਪ੍ਰਧਾਨ ਤੋਂ ਇਲਾਵਾ ਅਰਜ਼ੀ ਨਿਵੇਸਾਂ ਦੇ ਪ੍ਰਧਾਨ ਨੇ ਭਾਗ ਲਿਆ।
ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜਿਸ ਸਮੇਂ ਕੋਈ ਵਿਅਕਤੀ ਆਪਣੀ ਜਾਇਦਾਦ ਨਾਲ ਸਬੰਧਿਤ ਰਜਿਸਟਰੀ ਕਰਵਾਉਣ ਲਈ ਆਉਂਦਾ ਹੈ ਤਾਂ ਉਸਦਾ ਬਿਨ੍ਹਾਂ ਕਿਸੇ ਦੇਰੀ ਅਤੇ ਲਾਲਚ ਤੇ ਸਾਰੇ ਦਸਤਾਵੇਜ਼ ਚੈਕ ਕਰਨ ਉਪਰੰਤ ਰਜਿਸਟਰੀ ਕੀਤੀ ਜਾਵੇ। ਉਹਨਾਂ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਕੰਮ ਕਰਵਾਉਣ ਦੇ ਨਾਮ ਤੇ ਰਿਸ਼ਵਤ ਲੈਂਦਾ ਪਾਇਆ ਜਾਂਦਾ ਹੈ ਤਾਂ ਉਸਨੂੰ ਕਿਸੇ ਵੀ ਕੀਮਤ ਤੇ ਬਖਸਿ਼ਆਂ ਨਹੀਂ ਜਾਵੇਗਾ।
ਉਹਨਾਂ ਜਿ਼ਲ੍ਹੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਜ ਵਿੱਚ ਇਜਤ ਪਾਉਣ ਲਈ ਬਿਨ੍ਹਾਂ ਕਿਸੇ ਲਾਲਚ ਤੇ ਲੋਕਾਂ ਦੇ ਸਰਕਾਰੀ ਜਾਇਜ ਕੰਮਾਂ ਦਾ ਨਿਪਟਾਰਾ ਕੀਤਾ ਜਾਵੇ ਅਤੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਨਾ ਆਉਣ ਦਿੱਤੀ ਜਾਵੇ।