ਚੰਦੂਮਾਜਰਾ ਨੇ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਸਵੀਕਾਰੀ : ਸਿੱਧੂ
ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਫੇਜ਼ 5 ਵਿਖੇ ਚੋਣ ਪ੍ਰਚਾਰ ਕਰਦੇ ਹੋਏ।
Web Admin
5 ਦਰਿਆ ਨਿਊਜ਼
ਐਸ.ਏ.ਐਸ ਨਗਰ , 25 Apr 2014
Last updated on: Apr 25, 2014, 00:00 IST
ਮੋਹਾਲੀ ਦੇ ਲੋਕਾਂ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਅੰਬਿਕਾ ਸੋਨੀ ਨੂੰ ਦਿੱਤੇ ਜਾ ਰਹੇ ਭਾਰੀ ਸਮਰਥਨ ਨੂੰ ਵੇਖ ਕੇ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਸਵੀਕਾਰ ਕਰ ਲਈ ਹੈ। ਸ੍ਰੀਮਤੀ ਸੋਨੀ ਤਾਂ ਚੋਣ ਪ੍ਰਚਾਰ ਦੌਰਾਨ ਆਪਣੀਆਂ ਪ੍ਰਾਪਤੀਆਂ ਲੋਕਾਂ ਨੂੰ ਦੱਸ ਕੇ ਵੋਟਾਂ ਮੰਗ ਰਹੇ ਹਨ, ਪਰ ਪ੍ਰੇਮ ਸਿੰਘ ਚੰਦੂਮਾਜਰਾ ਕੋਲ ਲੋਕਾਂ ਨੂੰ ਗਿਣਾਉਣ ਲਈ ਕੁੱਝ ਵੀ ਨਹੀਂ ਹੈ, ਜਿਸ ਕਾਰਨ ਚੰਦੂਮਾਜਰਾ ਦੀ ਨਾਕਾਬਲੀਅਤ ਲੋਕਾਂ ਸਾਹਮਣੇ ਪ੍ਰਤੱਖ ਰੂਪ ਵਿਚ ਉਜਾਗਰ ਹੋ ਚੁਕੀ ਹੈ। ਇਹ ਗੱਲ ਅੱਜ ਸਥਾਨਕ ਫੇਜ਼ 5 ਵਿਖੇ ਇਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਆਖੀ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ੍ਰ. ਸਿੱਧੂ ਨੇ ਕਿਹਾ ਕਿ ਸ਼ਹਿਰ ਦਾ ਹਰ ਇਕ ਵਰਗ ਚੱਟਾਨ ਦੀ ਤਰ੍ਹਾਂ ਸ੍ਰੀਮਤੀ ਸੋਨੀ ਦੀ ਪਿੱਠ 'ਤੇ ਖੜ੍ਹਾ ਹੈ ਕਿਉਂਕਿ ਸ਼ਹਿਰ ਦੇ ਪੜ੍ਹੇ ਲਿਖੇ ਅਤੇ ਸੂਝਵਾਨ ਲੋਕ ਇਹ ਗੱਲ ਚੰਗੀ ਤਰ੍ਹਾਂ ਸਮਝ ਚੁਕੇ ਹਨ ਕਿ ਸ੍ਰੀਮਤੀ ਸੋਨੀ ਕੋਲ ਇਲਾਕੇ ਦਾ ਵਿਕਾਸ ਕਰਵਾਉਣ ਦੀ ਕਾਬਲੀਅਤ ਹੈ ਜਦਕਿ ਚੰਦੂਮਾਜਰਾ ਨੂੰ ਪੰਜਾਬ ਦੇ ਲੋਕ ਹਰ ਵਾਰ ਚੋਣਾਂ ਵਿਚ ਨਕਾਰ ਦਿੰਦੇ ਹਨ ਅਤੇ ਉਹ ਜਿੱਤ ਦੀ ਤਲਾਸ਼ ਵਿਚ ਹਲਕਾ ਬਦਲਦਾ ਹੈ, ਪਰ ਹਾਰਾਂ ਦੀ ਕਹਾਣੀ ਚੰਦੂਮਾਜਰਾ ਦਾ ਪਿੱਛਾ ਨਹੀਂ ਛੱਡਦੀ। ਉਨ੍ਹਾਂ ਚੰਦੂਮਾਜਰਾ ਨੂੰ ਸਵਾਲ ਪੁੱਛਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀਆਂ ਵਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਬਾਰੇ ਚੰਦੂਮਾਜਰਾ ਆਪਣੀ ਜ਼ੁਬਾਨ ਬੰਦ ਕਿਉਂ ਰੱਖ ਰਿਹਾ ਹੈ ਜਦਕਿ ਲੋਕਾਂ ਵਲੋਂ ਵਾਰ ਵਾਰ ਚੰਦੂਮਾਜਰਾ ਨੂੰ ਵਾਅਦਿਆਂ ਦੀ ਯਾਦ ਦਿਵਾਈ ਜਾ ਰਹੀ ਹੈ। ਸ੍ਰ. ਸਿੱਧੂ ਨੇ ਕਿਹਾ ਕਿ ਪੂਰੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿਚ ਕਾਂਗਰਸ ਪਾਰਟੀ ਦੇ ਪੱਖ ਵਿਚ ਲੋਕਾਂ ਦੇ ਸਮਰਥਨ ਦੀ ਹਨ੍ਹੇਰੀ ਝੂਲ ਰਹੀ ਹੈ ਅਤੇ ਚੰਦੂਮਾਜਰਾ ਦੀ ਹਾਲਤ ਦਿਨ ਪ੍ਰਤੀ ਦਿਨ ਪਾਣੀ ਵਾਂਗ ਪਤਲੀ ਹੁੰਦੀ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸੁਖਜੀਤ ਸਿੰਘ ਲਹਿਲ, ਅਮਰ ਨਾਥ ਮੈਣੀ, ਪ੍ਰੋ. ਕੁਲਦੀਪ ਸਿੰਘ ਸੋਹਲ, ਰਜਨੀਸ਼ ਸ਼ਰਮਾ, ਬਲਬੀਰ ਸਿੰਘ, ਜਗਬੀਰ ਸਿੰਘ ਸਿੱਧੂ, ਕਿਸ਼ੋਰੀ ਲਾਲ, ਰਣਜੀਤ ਸਿੰਘ ਪੰਨੂੰ, ਬਲਬੀਰ ਕੁਮਾਰ, ਗੁਰਜੀਤ ਸਿੰਘ, ਮੇਜਰ ਸਿੰਘ, ਸੁਰਿੰਦਰ ਸਿੰਘ, ਗੁਲਸ਼ਨ ਕੁਮਾਰ, ਦਵਿੰਦਰ ਕੁਮਾਰ, ਹਰਵਿੰਦਰ ਸਿੰਘ ਅਸ਼ੋਕ ਕੁਮਾਰ ਆਦਿ ਵੀ ਹਾਜ਼ਰ ਸਨ।