ਚਾਲੀ ਮੁਕਤਿਆਂ ਦੀ ਸ਼ਹੀਦੀ ਨੂੰ ਨਮਨ ਕਰਦਿਆਂ ਮਾਘੀ ਦੇ ਪਵਿੱਤਰ ਜੋੜ ਮੇਲੇ ’ਤੇ ਗੁਰੂ ਗੋਬਿੰਦ ਸਿੰਘ ਪਾਰਕ, ਸ੍ਰੀ ਮੁਕਤਸਰ ਸਾਹਿਬ ਵਿੱਚ ਕਰਵਾਇਆ ਗਿਆ ਲਾਈਟ ਐਂਡ ਸਾਉਂਡ ਸ਼ੋਅ ‘ਸਰਬੰਸਦਾਨੀ’ ਮਹਾਂਨਾਟਕ ਆਪਣੀਆਂ ਅਮਿਟ ਯਾਦਾਂ ਛੱਡਦਾ ਸਮਾਪਤ ਹੋਇਆ। ਦੂਜੇ ਅਤੇ ਆਖਰੀ ਦਿਨ ਦੇ ਸ਼ੋਅ ਦੌਰਾਨ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਡਾ. ਰੂਹੀ ਦੁੱਗ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਿਤ ਕੀਤੀ।
ਡਿਪਟੀ ਕਮਿਸ਼ਨਰ ਨੇ ਇਸ ਮਹਾਂਨਾਟਕ ਨੂੰ ਸਫ਼ਲ ਬਣਾਉਣ ਲਈ ਡਾਇਰੈਕਟਰ, ਪੰਜਾਬ ਆਰਟ ਥੀਏਟਰ ਹਰਬਖਸ਼ ਸਿੰਘ ਲਾਟਾ, ਹਰਸ਼ਵੀਰ ਸਿੰਘ ਲਾਟਾ ਅਤੇ ਸਾਰੀ ਹੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ ਅਤੇ ਇਲਾਕੇ ਦੇ ਲੋਕਾਂ ਵੱਲੋਂ ਇਸ ਮਹਾਂਨਾਟਕ ਨੂੰ ਬਹੁਤ ਪਸੰਦ ਕੀਤਾ ਹੈ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਇਤਿਹਾਸ ਨਾਲ ਸਬੰਧਤ ਪੇਸ਼ਕਾਰੀਆਂ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ।
ਇਸ ਮੌਕੇ ਪ੍ਰਧਾਨ ਕੱਚਾ ਆੜ੍ਹਤੀਆ ਐਸੋਸੀਏਸ਼ਨ, ਸ੍ਰੀ ਸੁਖਜਿੰਦਰ ਸਿੰਘ ਕਾਕਾ ਉੜਾਂਗ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਜਿਨ੍ਹਾਂ ਨੇ ਪਹਿਲੀ ਵਾਰ ਮਾਘੀ ਦੇ ਮੇਲੇ ਦੌਰਾਨ ਇਸ ਤਰ੍ਹਾਂ ਸ਼ਲਾਘਯੋਗ ਉਪਰਾਲਾ ਕੀਤਾ। ਇਸ ਮੌਕੇ ਐਸ.ਡੀ.ਐਮ, ਸ੍ਰੀ ਮੁਕਤਸਰ ਸਾਹਿਬ ਸ੍ਰੀ ਕੰਵਰਜੀਤ ਸਿੰਘ ਨੇ ਆਈ ਹੋਈ ਸਾਰੀ ਹੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਬਦਾਵਾ ਪਾੜ ਕੇ ਜੋ ਟੁੱਟੀ ਗੰਢੀ ਦਾ ਪਾਠ ਪੜ੍ਹਾਇਆ ਗਿਆ ਹੈ ਇਸ ਤੇ ਚਲਦਿਆਂ ਸਾਨੂੰ ਆਪਣੇ ਮਾਤਾ-ਪਿਤਾ ਅਤੇ ਸਮਾਜਿਕ ਰਿਸ਼ਤਿਆਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਹਰ ਦੁੱਖ-ਸੁੱਖ ਵਿੱਚ ਸਾਥ ਦੇਣਾ ਚਾਹੀਦਾ ਹੈ ਅਤੇ ਮਾਤਾ-ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ।
ਇਸ ਮੌਕੇ ’ਤੇ ਉਨ੍ਹਾਂ ਹੁਨਰ ਹਾਟ ਦੀ ਪ੍ਰਦਰਸ਼ਨੀ ਵਿੱਚ ਪਹੁੰਚਣ ਵਾਲੇ ਸਵੈ-ਸਹਾਇਤਾ ਗਰੁੱਪਾਂ ਦਾ ਵੀ ਧੰਨਵਾਦ ਕੀਤਾ ਅਤੇ ਜਿਨ੍ਹਾਂ ਦੇ ਜ਼ਰੀਏ ਲੋਕਾਂ ਵਿੱਚ ਹੱਥੀ ਕਿਰਤ ਕਰਨ ਦਾ ਸਨੇਹਾ ਦਿੱਤਾ ਅਤੇ ਤਿੰਨ ਦਿਨਾਂ ਚੱਲੀ ਇਸ ਹੁਨਰ ਹਾਟ ਪ੍ਰਦਰਸ਼ਨੀ ਨੂੰ ਕਾਮਯਾਬ ਬਣਾਉਣ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਦਾ ਸਾਥ ਦਿੱਤਾ। ਇਸ ਹੁਨਰ ਹਾਟ ਦੌਰਾਨ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਲਈ ਮੁਫ਼ਤ ਦਸਤਾਰਾਂ ਮੁਹੱਈਆ ਕਰਵਾਉਂਦੇ ਹੋਏ ਵਿਗਾਸ ਫਾਊਂਡੇਸ਼ਨ ਵੱਲੋਂ ਦਸਤਾਰ ਸਿਖਲਾਈ ਕੈਂਪ ਦਾ ਆਯੋਜਨ ਵੀ ਕੀਤਾ ਗਿਆ।
ਉਨ੍ਹਾਂ ਇਸ ਮੌਕੇ ਵੱਖ-ਵੱਖ ਵਿਭਾਗਾਂ, ਸਮਾਜਿਕ ਜੱਥੇਬੰਦੀਆਂ ਅਤੇ ਸੰਗਤਾਂ ਦਾ ਇਸ ਮਾਘੀ ਦੇ ਪਵਿੱਤਰ ਮੇਲੇ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਦਿੱਤੇ ਗਏ ਸਹਿਯੋਗ ਲਈ ਵੀ ਧੰਨਵਾਦ ਕੀਤਾ। ਇਸ ਮੌਕੇ ਹਲਕਾ ਇੰਚਾਰਜ ਪਾਰਲੀਮੈਂਟ (ਫਿਰੋਜ਼ਪੁਰ) ਸ੍ਰੀ ਜਗਦੇਵ ਸਿੰਘ ਬਾਂਮ, ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਸੁਖਬੀਰ ਸਿੰਘ ਬਰਾੜ ਤੋਂ ਇਲਾਵਾ ਪਤਪੰਤੇ ਵਿਅਕਤੀ ਹਾਜ਼ਰ ਸਨ।