ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲਾ ਸੰਗਰੂਰ ਵਿਖੇ ਰਾਜ ਪੱਧਰੀ ਖੇਡ ਮੁਕਾਬਲੇ ਜਾਰੀ ਹਨ। ਸੁਨਾਮ ਦੀ ਗੁਰੂ ਹਰਿਗੋਬਿੰਦ ਸਾਹਿਬ ਧਰਮਸ਼ਾਲਾ ਵਿੱਚ ਸ਼ੁਰੂ ਹੋਏ ਰਾਜ ਪੱਧਰੀ ਵੇਟ ਲਿਫਟਿੰਗ ਮੁਕਾਬਲਿਆਂ ਦੇ ਉਦਘਾਟਨੀ ਸਮਾਰੋਹ ਵਿੱਚ ਅੱਜ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖੁਦ ਵੀ 75 ਕਿਲੋ ਭਾਰ ਚੁੱਕ ਕੇ ਨੌਜਵਾਨ ਵੇਟ ਲਿਫਟਰਾਂ ਨੂੰ ਆਪਣੇ ਨਿਰਧਾਰਿਤ ਟੀਚਿਆਂ ਦੀ ਪ੍ਰਾਪਤੀ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਨ ਲਈ ਪ੍ਰੇਰਿਆ।
ਉਨਾਂ ਕਿਹਾ ਕਿ ਜ਼ਿੰਦਗੀ ਲਗਾਤਾਰ ਸਿੱਖਦੇ ਰਹਿਣ ਦਾ ਨਾਮ ਹੈ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਬਿਹਤਰ ਤੋਂ ਬਿਹਤਰ ਸਿੱਖਣ ਦੀ ਭਾਵਨਾ ਸ਼ਾਨਦਾਰ ਨਤੀਜੇ ਸਾਹਮਣੇ ਲਿਆਉਂਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਖਿਡਾਰੀਆਂ ਨੂੰ ਮਿਲ ਰਹੀ ਹੌਂਸਲਾ ਅਫਜ਼ਾਈ ਦੇ ਸਦਕਾ ਇਹ ਹਰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ।
ਉਨ੍ਹਾਂ ਕਿਹਾ ਕਿ ਖੁਦ ਉਤੇ ਧਿਆਨ ਦੇ ਕੇ ਜਿਥੇ ਆਪਣੇ ਵਿਅਕਤੀਗਤ ਵਿਕਾਸ ਵਿੱਚ ਸੁਧਾਰ ਲਿਆਉਣ ਦੀ ਲੋੜ ਹੁੰਦੀ ਹੈ ਉਥੇ ਹੀ ਸਮੇਂ ਦਾ ਯੋਗ ਪ੍ਰਬੰਧਨ ਕਰਨ ਲਈ ਵੀ ਨਿਰੰਤਰ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਸ ਮੌਕੇ ਅਰਜੁਨਾ ਐਵਾਰਡੀ ਵੇਟ ਲਿਫਟਰ ਤਾਰਾ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਪੁੱਜ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਔਲਖ ਵੀ ਹਾਜ਼ਰ ਸਨ।