ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਦੀ ਅਗਵਾਈ ਵਿਚ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਵਾਤਾਵਰਣ ਦੀ ਸੰਭਾਲ ਲਈ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਨੀਲੇ ਅਸਮਾਨ ਲਈ ਸਾਫ਼ ਹਵਾ ਦਾ ਅੰਤਰਰਾਸ਼ਟਰੀ ਦਿਵਸ ਸਬੰਧੀ ਜਾਗਰੁਕਤਾ ਹਫਤਾ ਮਨਾਇਆ ਜਾ ਰਿਹਾ ਹੈ, ਕਿਉਂ ਕਿ ਸਾਫ਼ ਹਵਾ ਲੋਕਾਂ ਦੀ ਸਿਹਤ ਅਤੇ ਰੋਜ਼ਾਨਾ ਜੀਵਨ ਲਈ ਮਹੱਤਵਪੂਰਨ ਹੈ ਤੇ ਹਵਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਸਭ ਤੋਂ ਵੱਡਾ ਵਾਤਾਵਰਣ ਨਾਲ ਜੁੜਿਆ ਹੋਇਆ ਖਤਰਾ ਹੈ।
ਇਹ ਵਿਸ਼ਵ ਪੱਧਰ ਉੱਤੇ ਮੌਤ ਅਤੇ ਬਿਮਾਰੀ ਦੇ ਮੁੱਖ ਬਚਾਅ ਯੋਗ ਕਾਰਨਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਇਹ ਹਫ਼ਤਾ ਸਾਫ ਹਵਾ ਲਈ ਇਕੱਠੇ ਹੋਵੋ ਥੀਮ ੋਤੇ ਕੇਂਦਰਿਤ ਹੈ।ਇਸ ਥੀਮ ਦਾ ਉਦੇਸ਼ ਹਵਾ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਮਜ਼ਬੂਤ ਸਾਂਝੇਦਾਰੀ, ਸਰਕਾਰਾਂ ਵੱਲੋਂ ਨਿਵੇਸ਼ ਅਤੇ ਸਾਂਝੀ ਜ਼ਿੰਮੇਵਾਰੀ ਦੀ ਤੁਰੰਤ ਲੋੜ ਨੂੰ ਉਜਾਗਰ ਕਰਨਾ ਹੈ।
ਇਹ ਮਨੁੱਖੀ ਅਤੇ ਈਕੋਸਿਸਟਮ ਦੀ ਸਿਹਤ ਤੇ ਹਵਾ ਪ੍ਰਦੂਸ਼ਣ ਦੇ ਸਿੱਧੇ ਪ੍ਰਭਾਵ ਨੂੰ ਵੀ ਰੇਖਾਂਕਿਤ ਕਰਦਾ ਹੈ ਅਤੇ ਵਾਯੂਮੰਡਲ ਦੀ ਸੁਰੱਖਿਆ ਅਤੇ ਹਰੇਕ ਲਈ ਸਿਹਤਮੰਦ ਹਵਾ ਨੂੰ ਯਕੀਨੀ ਬਣਾਉਣ ਦੀ ਸਾਂਝੀ ਜ਼ਿੰਮੇਵਾਰੀ ਨੂੰ ਵੀ ਦਰਸਾਉਂਦਾ ਹੈ। ਇਸ ਮੌਕੇ ਬਲਾਕ ਐਕਸਟੇਸ਼ਨ ਐਜੂਕੇਟਰ ਮਹਾਵੀਰ ਸਿੰਘ ਨੇ ਦੱਸਿਆ ਕਿ ਸੀ.ਐਚ.ਸੀ. ਚਨਾਰਥਲ ਕਲਾਂ ਅਧੀਨ ਸਿਹਤ ਸੰਸਥਾਵਾ ਵਿੱਚ ਇਸ ਵਿਸ਼ੇ ਅਧੀਨ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜ਼ੋ ਵਾਤਾਵਰਣ ਨੂੰ ਬਚਾਉਣ ਲਈ ਹਰੇਕ ਵਿਅਕਤੀ ਆਪਣੀ ਜਿੰਮੇਵਾਰੀ ਨਿਭਾਏ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਨੂੰ ਬਾਲਣ ਦੇ ਤੌਰ ਤੇ ਊਰਜਾ ਲਈ ਕੀਤਾ ਜਾ ਰਿਹਾ ਬਹੁਤ ਜਿਆਦਾ ਇਸਤੇਮਾਲ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਹਵਾ ਵਿਚ ਵਧਾ ਰਿਹਾ ਹੈ ਜਿਸ ਨਾਲ ਧਰਤੀ ਦੇ ਔਸਤ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਮੌਸਮੀ ਚੱਕਰ ਵਿੱਚ ਤਬਦੀਲੀ ਆ ਰਹੀ ਹੈ, ਜਿਸ ਦੇ ਪ੍ਰਤੱਖ ਸਬੂਤ ਇਸ ਵਾਰ ਪੰਜਾਬ ਸਮੇਤ ਉੱਤਰੀ ਭਾਰਤ ਨੇ ਵੇਖੇ ਹਨ।
ਅਜਿਹੇ ਕੁਦਰਤੀ ਖਿਲਵਾੜ ਜਿੱਥੇ ਮਨੁੱਖੀ ਜਾਨ ਦਾ ਖੌਅ ਬਣ ਰਹੇ ਹਨ, ਉੱਥੇ ਪਸ਼ੂ ਅਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਆਰਥਿਕ ਨੁਕਸਾਨ ਵੀ ਪੁੱਜਾ ਰਹੇ ਹਨ। ਇਸ ਤੋਂ ਇਲਾਵਾ ਪ੍ਰਦੂਸ਼ਣ ਨਾਲ ਜੁੜ੍ਹੇ ਹੋਏ ਸਾਹ ਦੇ ਰੋਗ, ਫੇਫੜਿਆਂ ਦਾ ਕੈਂਸਰ ਅਤੇ ਦਿਲ ਦੇ ਰੋਗਾਂ ਵਿੱਚ ਵਾਧਾ ਪੰਜਾਬੀਆਂ ਦੀ ਔਸਤ ਜਿੰਦਗੀ ਵਿੱਚ ਕਮੀ ਲਿਆ ਰਿਹਾ ਹੈ।
ਸਾਨੂੰ ਵਾਤਾਵਰਣ ਨੂੰ ਬਚਾਉਣ ਲਈ ਕੀਤੇ ਜਾ ਸਕਦੇ ਯਤਨਾਂ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਹਸਪਤਾਲਾਂ ਵਿੱਚ ਬੂਟੇ ਲਗਾਏ ਜਾਣਗੇ, ਵਾਤਾਵਰਣ ਸੰਭਾਲ ਪ੍ਰਤੀ ਸਕੂਲਾਂ ਕਾਲਜਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਜਾਣਗੇ, ਬਿਜਲੀ ਦੇ ਦੁਰ—ਉਪਯੋਗ ਤੇ ਬਰਬਾਦੀ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੁਕ ਕੀਤਾ ਜਾਵੇਗਾ।
ਇਸ ਮੌਕੇ ਮੈਡੀਕਲ ਅਫਸਰ ਡਾ. ਪੁਨੀਤ ਕੌਰ, ਮਹਾਵੀਰ ਸਿੰਘ ਬੀ.ਈ.ਈ., ਏ.ਐਨ.ਐਮ. ਗੀਤਾ ਗੌਤਮ, ਨਿਰਪਾਲ ਸਿੰਘ ਫਾਰਮੇਸੀ ਅਫਸਰ, ਸੀ.ਐਚ.ਓ. ਬੇਅੰਤ ਕੌਰ, ਚਰਨਵੀਰ ਸਿੰਘ ਕੌਂਸਲਰ, ਅਮਨਦੀਪ ਸਿੰਘ ਆਯੁਸ਼ਮਾਨ ਮਿਤਰਾ, ਗੁਰਚਰਨ ਸਿੰਘ ਤੇ ਹੋਰ ਹਾਜ਼ਰ ਸਨ।