ਪੰਜਾਬ ਸਰਕਾਰ ਵਲੋਂ 0-5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਮਾਰੂ ਬੀਮਾਰੀਆਂ ਤੋਂ ਬਚਾਉਣ ਲਈ ਰੁਟੀਨ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਰੂਟੀਨ ਟੀਕਾਕਰਨ ਦੌਰਾਨ ਕਿਸੇ ਕਾਰਨ ਵਾਂਝੇ ਰਹਿ ਗਏ ਬੱਚਿਆਂ ਦਾ ਟੀਕਾਕਰਨ ਮੁਕੰਮਲ ਕਰਨ ਲਈ ਪੰਜਾਬ ਸਰਕਾਰ ਵਲੋਂ ਤੀਬਰ ਮਿਸ਼ਨ ਇੰਦਰਧਨੁਸ਼ ਮੁਹਿੰਮ ਚਲਾਈ ਜਾ ਰਹੀ ਹੈ ।
ਇਸ ਮੁਹਿੰਮ ਦੇ ਸਬੰਧ ਵਿੱਚ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦਫਤਰ ਡਿਪਟੀ ਕਮਿਸ਼ਨਰ ਵਿਖੇ ਕੀਤੀ ਹੋਈ ਅਤੇ ਮਿਸ਼ਨ ਇੰਦਰਧਨੁਸ਼ ਸਬੰਧੀ ਜਾਗਰੁਕਤਾ ਬੈਨਰ ਜਾਰੀ ਕੀਤਾ ਗਿਆ। ਇਸ ਮੌਕੇ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਿਸ਼ਨ ਦਾ ਮਕਸਦ 5 ਸਾਲ ਤੋਂ ਛੋਟੇ ਬੱਚਿਆਂ ਅਤੇ ਗਰਭਵਤੀ ਮਾਵਾਂ ਦੇ ਨਿਯਮਿਤ ਟੀਕਾਕਰਨ ਵਿਚ ਪਏ ਪਾੜੇ ਨੂੰ ਭਰ ਕੇ ਮੁਕੰਮਲ ਟੀਕਾਕਰਨ ਕਰਨਾ ਹੈ ।
ਉਨ੍ਹਾ ਕਿਹਾ ਕਿ ਇਹ ਮੁਹਿੰਮ ਜਿਲ੍ਹੇ ਅੰਦਰ ਤਿੰਨ ਗੇੜਾਂ ਵਿਚ ਇੱਕ-ਇੱਕ ਹਫ਼ਤਾ ਚੱਲੇਗੀ ਅਤੇ ਇਸ ਮਿਸ਼ਨ ਅਧੀਨ ਬੱਚਿਆਂ ਅਤੇ ਗਰਭਵਤੀ ਮਾਵਾਂ ਦੇ 100 ਪ੍ਰਤੀਸ਼ਤ ਟੀਕਾਕਰਣ ਨੂੰ ਯਕੀਨੀ ਬਨਾਇਆ ਜਾਵੇਗਾ ਤਾਂ ਜ਼ੋ ਗਰਭਵਤੀਆਂ ਅਤੇ ਨਵ ਜਨਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ। ਉਹਨਾਂ ਦੱਸਿਆ ਕਿ ਇਹ ਮੁਹਿੰਮ ਤਿੰਨ ਗੇੜਾਂ ਵਿੱਚ ਪਹਿਲਾ ਗੇੜ 11 ਸਤੰਬਰ ਤੋਂ 16 ਸਤੰਬਰ 2023 ਤੱਕ ਚਲਾਇਆ ਜਾਵੇਗਾ ਗਿਆ।
ਦੂਜਾ ਗੇੜ 9 ਅਕਤੂਬਰ ਤੋਂ 14 ਅਕਤੂਬਰ 2023 ਤੱਕ ਅਤੇ ਤੀਜਾ ਗੇੜ 20 ਨਵੰਬਰ ਤੋਂ 25 ਨਵੰਬਰ 2023 ਤੱਕ ਚਲਾਇਆ ਜਾਵੇਗਾ ।ਉਨ੍ਹਾ ਜਿਲ੍ਹਾ ਸਿੱਖਿਆ ਅਫਸਰ ਨੂੰ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿਚ ਦਾਖਲ ਹੋਣ ਲਈ ਆ ਰਹੇ ਬੱਚਿਆਂ ਦੇ ਮਾਪਿਆਂ ਤੋਂ ਉਨ੍ਹਾ ਦਾ ਟੀਕਾਕਰਨ ਕਾਰਡ ਮੰਗਿਆ ਜਾਵੇ ਅਤੇ ਜੇਕਰ ਵੈਕਸੀਨ ਦੀ ਕੋਈ ਡੋਜ਼ ਨਹੀ ਲੱਗੀ ਹੈ ਤਾਂ ਉਸ ਬੱਚੇ ਦੇ ਮਾਪਿਆਂ ਨੂੰ ਉਸਦਾ ਟੀਕਾਕਰਨ ਪੂਰਾ ਕਰਵਾਉਣ ਲਈ ਨੇੜੇ ਦੇ ਸਿਹਤ ਕੇਂਦਰ ਭੇਜਿਆ ਜਾਵੇ।
ਉਨ੍ਹਾ ਜਿਲ੍ਹਾ ਪ੍ਰੋਗਰਾਮ ਅਫਸਰ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਉਹ ਆਂਗਣਵਾੜੀ ਸੈਂਟਰਾਂ ਵਿਚ ਰਜਿਸਟਰਡ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ ਅਤੇ ਆਂਗਣਵਾੜੀ ਵਰਕਰਾ ਦੁਆਰਾ ਸਿਹਤ ਵਿਭਾਗ ਨੂੰ ਇਸ ਮੁਹਿੰਮ ਦੋਰਾਨ ਸਹਿਯੋਗ ਦਿੱਤਾ ਜਾਵੇ।ਉਨ੍ਹਾ ਵਲੋਂ ਬਾਕੀ ਵਿਭਾਗਾਂ ਦੇ ਮੁਖੀਆਂ ਨੂੰ ਵੀ ਇਸ ਮੁਹਿੰਮ ਦੋਰਾਨ ਵੱਧ ਤੋਂ ਵੱਧ ਪ੍ਰਚਾਰ ਕਰਨ ਅਤੇ ਸਹਿਯੋਗ ਦੇਣ ਲਈ ਹਦਾਇਤਾਂ ਦਿੱਤੀਆਂ ਗਈਆਂ।
ਇਸ ਮੌਕੇ ਡਾ ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਗਰਭਵਤੀ ਮਾਵਾਂ ਅਤੇ ਪੰਜ ਸਾਲ ਤੱਕ ਦੇ ਜਿਹੜੇ ਬੱਚੇ ਕਿਸੇ ਕਾਰਣ ਟੀਕਾਕਰਣ ਤੋਂ ਵਾਂਝੇ ਰਹਿ ਗਏ ਜਾਂ ਫਿਰ ਅਧੂਰਾ ਟੀਕਾਕਰਣ ਹੋਇਆ ਹੈ, ਉਹਨਾਂ ਦਾ ਵਿਸ਼ੇਸ਼ ਕੈਂਪਾਂ ਰਾਹੀਂ ਟੀਕਾਕਰਣ ਕੀਤਾ ਜਾਵੇਗਾ।ਉਨ੍ਹਾ ਕਿਹਾ ਕਿ ਇਸ ਮੁਹਿੰਮ ਵਿੱਚ ਟੀਕਾਕਰਣ ਤੋਂ ਛੁੱਟ ਗਏ ਏਰੀਏ, ਹਾਈ ਰਿਸਕ ਏਰੀਏ, ਸਲੱਮ ਏਰੀਏ, ਮਾਈਗ੍ਰੇਟਰੀ ਆਬਾਦੀ, ਝੁੱਗੀਆਂ ਝੌਂਪੜੀਆਂ, ਭੱਠੇ, ਖਾਲੀ ਸਬ ਸੈਂਟਰਾਂ ਜਿਥੇ 2 ਜਾਂ 3 ਨਿਯਮਿਤ ਟੀਕਾਕਰਣ ਸ਼ੈਸ਼ਨ ਨਾ ਹੋਏ ਹੋਣ, ਪਹੁੰਚ ਤੋਂ ਦੂਰ ਆਬਾਦੀ, ਆਉੂਟਬ੍ਰੇਕ ਵਾਲੀ ਆਬਾਦੀ ਅਤੇ ਹੋਰ ਮੁਸ਼ਕਿਲ ਏਰੀਏ ਕਵਰ ਕੀਤੇ ਜਾਣਗੇ ।
ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਗਰਭਵਤੀਆਂ ਅਤੇ ਬੱਚਿਆਂ ਦਾ ਟੀਕਾਕਰਣ ਸੰਪੂਰਨ ਕਰਨ ਲਈ ਇਸ ਮੁਹਿੰਮ ਦਾ ਪੂਰਾ ਲਾਭ ਉਠਾਉਣ। ਇਸ ਮੌਕੇ ਡਾ ਰੀਟਾ ਬਾਲਾ ਸਿਵਲ ਸਰਜਨ, ਸ਼੍ਰੀ ਕੰਵਰਜੀਤ ਸਿੰਘ ਐਸ.ਡੀ.ਐਮ., ਡਬਲਿਊ ਐਚ.ਓ. ਤੋਂ ਡਾ. ਮੇਗਾ ਪ੍ਰਕਾਸ਼, ਡਾ. ਦੁਪਿੰਦਰ ਕੁਮਾਰ ਜਿਲ਼੍ਹਾ ਸਿਹਤ ਅਫਸਰ, ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ, ਰਾਜੀਵ ਛਾਬੜਾ ਜਿਲ੍ਹਾ ਸਿੱਖਿਆ ਅਫਸਰ, ਰਜ਼ਨੀਸ਼ ਕੁਮਾਰ ਈ.ਓ. ਐਮ.ਸੀ., ਡਾ ਵਰੁਣ ਵਰਮਾ ਐਪੀਡੀਮੋਲੋਜਿਸਟ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਦੀਪਕ ਕੁਮਾਰ ਡੀ.ਪੀ.ਐਮ. ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਮੌਜੂਦ ਸਨ।