ਜ਼ੀਰਕਪੁਰ ਵਿਖੇ ਸੁਸ਼ਮਾ ਜੋਇਨੈਸਟ ਅਪਾਰਟਮੈਂਟਸ ਵਿਖੇ ਵਾਪਰੀ ਅੱਗ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਗ ਲੱਗਣ ਦੇ ਕਾਰਨਾਂ ਦੀ ਵਿਸਥਾਰਤ ਰਿਪੋਰਟ ਮੰਗੀ ਹੈ। ਵੇਰਵਿਆਂ ਦਾ ਖੁਲਾਸਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਪਾਰਟਮੈਂਟ ਦੀ ਸੱਤਵੀਂ ਮੰਜ਼ਿਲ 'ਤੇ ਅੱਗ ਲੱਗਣ ਦੀ ਘਟਨਾ ਨੂੰ ਚੇਤਾਵਨੀ ਵਜੋਂ ਲਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਗ ਤੋਂ ਸੁਰੱਖਿਆ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ/ਡਿਵੈਲਪਰਾਂ/ਸਾਂਭ ਸੰਭਾਲ ਏਜੰਸੀਆਂ ਦੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਐੱਸ ਡੀ ਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੂੰ ਤੁਰੰਤ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਲਈ ਸਬ ਡਵੀਜ਼ਨਲ ਅਧਿਕਾਰੀਆਂ ਦੀ ਟੀਮ ਭੇਜਣ ਦੇ ਨਿਰਦੇਸ਼ ਦਿੱਤੇ ਗਏ।
ਨਾਇਬ ਤਹਿਸੀਲਦਾਰ ਜ਼ੀਰਕਪੁਰ ਜਸਕਰਨ ਸਿੰਘ, ਐਮ ਸੀ ਫਾਇਰ ਅਫ਼ਸਰ ਜਸਵੰਤ ਸਿੰਘ ਅਤੇ ਸਾਂਭ ਸੰਭਾਲ ਏਜੰਸੀ ਦੇ ਨੁਮਾਇੰਦੇ ਭੁਪਿੰਦਰ ਸਿੰਘ ਦੀ ਸਾਂਝੀ ਟੀਮ ਨੇ ਅੱਜ ਫਲੈਟ ਦਾ ਦੌਰਾ ਕੀਤਾ। ਅਧਿਕਾਰੀਆਂ ਦੀ ਟੀਮ ਨੇ ਉੱਥੇ ਅੱਗ ਬੁਝਾਊ ਪ੍ਰਬੰਧਾਂ ਦੀ ਜਾਂਚ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਅੱਗ ਲੱਗਣ ਦੀ ਘਟਨਾ ਦੇ ਕਾਰਨਾਂ ਦੀ ਪੂਰੀ ਰਿਪੋਰਟ ਭਲਕੇ ਤੱਕ ਐਮ ਸੀ ਫਾਇਰ ਅਫਸਰ ਤੋਂ ਮੰਗੀ ਗਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਮਾਮੂਲੀ ਜਖਮੀ ਹੋਇਆ ਵਿਅਕਤੀ ਇਲਾਜ ਬਾਅਦ ਘਰ ਪਰਤ ਆਇਆ ਹੈ ਅਤੇ ਹਾਲਤ ਠੀਕ ਹੈ।
ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਜਿਲ੍ਹੇ ਵਿੱਚ ਅਪਾਰਟਮੈਂਟ ਕਲਚਰ ਦੇ ਵਧਣ ਦੇ ਮੱਦੇਨਜ਼ਰ 7ਵੀਂ ਮੰਜ਼ਿਲ 'ਤੇ ਵੀ ਅਜਿਹੀ ਘਟਨਾ ਵਾਪਰਨਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਅਪਾਰਟਮੈਂਟ ਦੇ ਵਸਨੀਕਾਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ ਅਤੇ ਭਲਕੇ ਰਿਪੋਰਟ ਮਿਲਣ ਤੋਂ ਬਾਅਦ ਇਹ ਯਕੀਨੀ ਬਣਾਉਣ ਲਈ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ/ਡਿਵੈਲਪਰਾਂ ਨੂੰ ਤਜਰਬੇਕਾਰ ਸਟਾਫ ਦੀ ਭਰਤੀ ਕਰਕੇ ਅਜਿਹੀਆਂ ਅੱਗ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਢੁਕਵੇਂ ਅੱਗ ਸੁਰੱਖਿਆ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਵਿਸਤ੍ਰਿਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਅੱਗ ਬੁਝਾਊ ਵਿਭਾਗ ਨੂੰ ਇੰਨੀ ਉੱਚੀ ਮੰਜ਼ਿਲ 'ਤੇ ਅੱਗ ਲੱਗਣ ਦੀ ਅਜਿਹੀ ਘਟਨਾ ਨਾਲ ਨਜਿੱਠਣ ਲਈ ਆਪਣੇ ਅੱਗ ਬੁਝਾਊ ਪ੍ਰਬੰਧਾਂ ਵਿੱਚ ਵੀ ਵਾਧਾ ਕਰਨ ਲਈ ਕਿਹਾ ਗਿਆ ਹੈ ਅਤੇ ਐਮ ਸੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਨਿਯਮਤ ਤੌਰ 'ਤੇ ਨਿਰੀਖਣ ਕਰਨ ਕਿਉਂ ਜੋ ਲੋਕ ਸਾਡੀ ਸਭ ਤੋਂ ਵੱਡੀ ਤਰਜੀਹ ਹਨ।