ਰਾਜ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਪ੍ਰਾਈਵੇਟ ਸਕੂਲਾਂ ਵਾਂਗ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪਿਛਲੇ ਸਵਾ ਸਾਲ ਤੋਂ ਸਰਕਾਰੀ ਸਕੂਲਾਂ ਦੇ ਅੰਦਰ ਬਹੁਤ ਸ਼ਾਨਦਾਰ ਕੰਮ ਹੋਇਆ ਹੈ, ਜਿਸ ਦੇ ਨਤੀਜੇ ਹੁਣ ਸਾਨੂੰ ਦੇਖਣ ਨੂੰ ਮਿਲ ਰਹੇ ਹਨ । ਸਕੂਲਾਂ ਦੇ ਵਿੱਚ ਦਾਖਲੇ ਵੀ ਵਧੇ ਹਨ ਅਤੇ ਨਤੀਜੇ ਵੀ ਵਧੀਆ ਆਏ ਹਨ।
ਇਹ ਵਿਚਾਰ ਸ.ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਦਾ ਦੌਰਾ ਕਰਨ ਮੌਕੇ ਪ੍ਰਗਟ ਕੀਤੇ। ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰਾਜ ਦੀ ਜਨਤਾ ਦੇ ਨਾਲ ਇਹ ਵਾਅਦਾ ਸੀ ਕਿ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲ ਵਰਗੀਆਂ ਜਾਂ ਇਹਨਾਂ ਦੇ ਬਰਾਬਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਤੁਸੀਂ ਖੁੱਦ ਦੇਖ ਸਕਦੇ ਹੋ ਕਿ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਸੁਧਾਰ ਹੋਇਆ ਹੈ । ਰਾਜ ਦੇ ਕਈ ਸਕੂਲਾਂ ਵਿੱਚ ਇਨਫਰਾਸਟਰਕਚਰ ਨੂੰ ਲੈ ਕੇ ਲਗਾਤਾਰ ਕੰਮ ਚੱਲ ਰਿਹਾ ਹੈ ।
ਆਉਣ ਵਾਲੇ ਸਮੇਂ ਦੇ ਵਿੱਚ ਸਕੂਲਾਂ ਵਿੱਚ ਕੀਤੇ ਜਾ ਰਹੇ ਕੰਮਾਂ ਸਬੰਧੀ ਉਦਘਾਟਨ ਵੇਖਣ ਨੂੰ ਮਿਲਣਗੇ। ਬੱਚਿਆਂ ਨੂੰ ਵੀ ਹਰ ਖੇਤਰ ਵਿੱਚ ਅੱਗੇ ਵਧਣ ਦੇ ਮੌਕੇ ਦਿੱਤੇ ਜਾ ਰਹੇ ਹਨ।
ਪਿਛਲੇ ਦਿਨੀਂ ਸਕੂਲ ਆਫ ਐਮੀਨੈਂਸ ਦੇ 30 ਬੱਚਿਆਂ ਨੂੰ ਸ੍ਰੀ ਹਰਿਕੋਟਾ ਵਿਖੇ ਇਤਿਹਾਸਕ ਚੰਦਰਯਾਨ -3 ਦੀ ਲਾਂਚਿਗ ਵੀ ਦਿਖਾਈ ਗਈ ਸੀ, ਜਿਸ ਨੂੰ ਲੈ ਕੇ ਵਿਦਿਆਰਥੀਆਂ ਦੇ ਵਿੱਚ ਬਹੁਤ ਉਤਸ਼ਾਹ ਸੀ। ਸਕੂਲਾਂ ਦੇ ਪ੍ਰਿੰਸੀਪਲਾਂ ਦੇ ਦੋ ਬੈਚ ਪਹਿਲਾਂ ਸਿੰਗਾਪੁਰ ਵਿਖੇ ਭੇਜੇ ਗਏ ਸਨ ਅਤੇ ਹੁਣ 22 ਜੁਲਾਈ ਨੂੰ ਹੋਰ ਵੀ 72 ਪ੍ਰਿੰਸੀਪਲਾਂ ਦੇ ਦੋ ਬੈਚ ਮੁੱਖ ਮੰਤਰੀ ਸਾਹਿਬ ਵੱਲੋਂ ਰਵਾਨਾ ਕੀਤੇ ਜਾਣਗੇ।
ਉਹਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਵੱਖ-ਵੱਖ ਜ਼ਿਲਿਆਂ ਦੇ ਸਕੂਲਾਂ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਸਕੂਲ ਮੁਖੀਆਂ ਨਾਲ ਗੱਲ ਕਰਕੇ ਹੋਰ ਵੀ ਸੁਧਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਹੁਸ਼ਿਆਰ ਬੱਚਿਆਂ ਦੇ ਲਈ ਸਕੂਲਾਂ ਦੇ ਵਿੱਚ ਵਿਸ਼ੇਸ਼ ਤੌਰ ‘ਤੇ ਸਕੂਲ ਆਫ ਐਮੀਨੈਂਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਨੂੰ ਵਰਦੀ ਦੇ ਲਈ ਵਿਸ਼ੇਸ਼ ਤੌਰ ‘ਤੇ ਹਰ ਸਾਲ ਚਾਰ ਹਜਾਰ ਰੁਪਏ ਦਿੱਤੇ ਜਾਣਗੇ।
ਇਹਨਾਂ ਦੇ ਲਈ ਟਰਾਂਸਪੋਰਟ ਪੋਲਿਸੀ ਵੀ ਤਿਆਰ ਕੀਤੇ ਗਈ ਹੈ, ਜਿਸ ਦਾ ਐਲਾਨ ਜਲਦ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਨਵਾਂ ਸ਼ਹਿਰ ਦਾ ਸਰਕਾਰੀ ਸਕੂਲ ਬਹੁਤ ਵਧੀਆ ਹੈ ਅਤੇ ਪਹਿਲਾਂ ਤੋਂ ਹੀ ਇਸ ਸਕੂਲ ਦੇ ਵਿੱਚ ਵਧੀਆ ਸਿੱਖਿਆ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਸਕੂਲ ਦੇ ਵਿੱਚ ਵੀ ਇਨਫਰਾਸਟਕਚਰ ਹੋਰ ਵੀ ਵਧੀਆ ਕੀਤਾ ਜਾ ਰਿਹਾ ਹੈ । ਸੂਬੇ ਦੇ ਕਈ ਸਕੂਲਾਂ ਦੇ ਵਿੱਚ ਲਿਫ਼ਟਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ।
ਇਸ ਸਕੂਲ ਦੇ ਵਿੱਚ ਵੀ ਲਿਫ਼ਟ ਲਗਾਉਣ ਦੀ ਯੋਜਨਾ ਹੈ। ਸਕੂਲ ਦੇ ਵਿੱਚ ਚੱਲ ਰਹੇ ਇਨਫਰਾਸਟਰਕਚਰ ਦੇ ਕੰਮ ਦਾ ਉਦਘਾਟਨ ਵੀ ਆਉਣ ਵਾਲੇ ਚਾਰ ਪੰਜ ਮਹੀਨਿਆਂ ਦੇ ਵਿੱਚ ਕੀਤਾ ਜਾਵੇਗਾ।
ਇਸ ਮੌਕੇ ‘ਤੇ ਹਲਕਾ ਇੰਚਾਰਜ ਨਵਾਂਸ਼ਹਿਰ ਲਲਿਤ ਮੋਹਨ ਪਾਠਕ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।