ਜ਼ਿਲ੍ਹੇ ਦੀਆਂ ਪ੍ਰਮੁੱਖ ਸੜਕਾਂ ਦੇ ਥੱਲੇ ਵਗਣ ਵਾਲੇ ਨਾਲਿਆਂ ਅਤੇ ਖਾਲਿਆਂ ਵਿੱਚ ਨਜਾਇਜ਼ ਤੌਰ ‘ਤੇ ਕਬਜ਼ਾ ਹੋਣ ਕਰਕੇ ਮੀਂਹ ਦਾ ਪਾਣੀ ਸੜਕਾਂ ਦੇ ਦੋਵੇਂ ਪਾਸੇ ਇਕੱਠਾ ਹੋਇਆ ਸੀ। ਜੇਕਰ ਸੜਕਾਂ ਦੇ ਥੱਲੇ ਇਹ ਨਾਲੇ ਅਤੇ ਖਾਲੇ ਪਹਿਲਾਂ ਵਾਂਗ ਚੱਲਦੇ ਰਹਿੰਦੇ ਤਾਂ ਇਸ ਤਰ੍ਹਾਂ ਦੀ ਸਮੱਸਿਆ ਪੈਦਾ ਹੋਣ ਤੋਂ ਬਚਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਚੰਡੀਗੜ੍ਹ ਰੋਡ ਸਥਿਤ ਪਿੰਡ ਜਾਡਲਾ ਤੇ ਜਾਡਲੀ ਵਿਚਕਾਰ ਲੋਕਾਂ ਵਲੋਂ ਸੜਕ ਥੱਲੇ ਨਜਾਇਜ਼ ਤੌਰ ਬੰਦ ਕੀਤੇ ਗਏ ਖਾਲੇ ਨੂੰ ਖੁੱਲਵਾਉਣ ਦੌਰਾਨ ਇਹ ਗੱਲ ਕਰੀ। ਉਨ੍ਹਾਂ ਨੇ ਨਵਾਂਸ਼ਹਿਰ ਤੋਂ ਬਲਾਚੌਰ ਤੱਕ ਸੜਕਾਂ ਦੇ ਥੱਲੇ ਬਣੇ ਖਾਲੇ ਜੋ ਕਿ ਨਜਾਇਜ਼ ਤੌਰ ‘ਤੇ ਕਬਜ਼ੇ ਕਾਰਨ ਬੰਦ ਪਏ ਸਨ ਸਬੰਧੀ ਵਿਭਾਗ ਦੇ ਅਧਿਕਾਰੀਆਂ ਤੋਂ ਜਾਣਕਾਰੀ ਲਈ ਅਤੇ ਇਨ੍ਹਾਂ ਨੂੰ ਖੁਲਵਾਉਣ ਸਬੰਧੀ ਨਿਰਦੇਸ਼ ਜਾਰੀ ਕੀਤੇ।
ਉਨ੍ਹਾਂ ਕਿਹਾ ਕਿ ਪੂਰੇ ਜ਼ਿਲ੍ਹੇ ਵਿੱਚ ਮੀਂਹ ਤੋਂ ਬਾਅਦ ਇਸ ਤਰ੍ਹਾਂ ਦੀ ਸਮੱਸਿਆ ਦੇਖਣ ਨੂੰ ਮਿਲੀ ਹੈ ਕਿ ਜ਼ਿਲ੍ਹੇ ਵਿੱਚ ਚੱਲਣ ਵਾਲੇ ਖਾਲੇ ਅਤੇ ਨਾਲੇ ਜੋ ਕਿ ਪਾਣੀ ਦੀ ਨਿਕਾਸੀ ਦਾ ਪ੍ਰਮੁੱਖ ਰਸਤਾ ਹੁੰਦੇ ਹਨ ਲੋਕਾਂ ਵਲੋਂ ਵਾਹੀ ਕਰਕੇ ਜਾਂ ਤਾਂ ਬੰਦ ਕਰ ਦਿੱਤੇ ਗਏ ਹਨ ਜਾਂ ਫਿਰ ਇਨ੍ਹਾਂ ਉਪਰ ਕਬਜ਼ਾ ਕਰ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਅਦਾਤਰ ਪਿੰਡਾਂ ਵਿੱਚ ਵੀ ਇਸ ਤਰ੍ਹਾਂ ਦੀ ਸਮੱਸਿਆ ਦੇਖਣ ਨੂੰ ਮਿਲੀ ਹੈ।
ਉਨ੍ਹਾ ਕਿਹਾ ਕਿ ਪਿੰਡ ਪੰਚਾਇਤਾਂ ਅਤੇ ਸਰਪੰਚਾਂ ਦੀ ਇਹ ਮੁਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਪਿੰਡਾਂ ਵਿਚੋਂ ਨਿਕਲਣ ਵਾਲੇ ਖਾਲੇ ਅਤੇ ਨਾਲੇ ਬੰਦ ਨਾ ਕੀਤੇ ਜਾਣ। ਜੇਕਰ ਕਿਸੇ ਪਿੰਡ ਵਾਸੀ ਵਲੋਂ ਇਸ ਤਰ੍ਹਾਂ ਨਾਲ ਨਾਲੇ ਬੰਦ ਕਰ ਦਿੱਤੇ ਜਾਂਦੇ ਹਨ ਤਾਂ ਪੂਰੇ ਪਿੰਡ ਵਾਸੀ ਅਤੇ ਕਿਸਾਨ ਮੀਂਹ ਦੇ ਦੌਰਾਨ ਇਸ ਤਰ੍ਹਾਂ ਦੀ ਸਮੱਸਿਆ ਦੀ ਸਾਹਮਣਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਗਲਤੀ ਇਕ ਜਾਂ ਦੋ ਦੀ ਹੁੰਦੀ ਹੈ ਅਤੇ ਭੁਗਤਣਾ ਸਾਰੇ ਪਿੰਡਾਂ ਨੂੰ ਪੈਂਦਾ ਹੈ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਭਵਿੱਖ ਵਿੱਚ ਖਾਲੇ ਜਾਂ ਨਾਲਿਆਂ ਉਪਰ ਨਜਾਇਜ਼ ਕਬਜਾ ਕਰਨ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਨੇ ਸਮੂਹ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜੇ ਪ੍ਰੀ-ਮਾਨਸੂਨ ਚੱਲ ਰਿਹਾ ਹੈ ਅਤੇ ਮੌਸਮ ਕਦੇ ਵੀ ਬਦਲ ਸਕਦਾ ਹੈ, ਇਸ ਲਈ ਸਾਰੇ ਸਰਪੰਚਾਂ ਦਾ ਇਹ ਫਰਜ਼ ਬਣਦਾ ਹੈ ਕਿ ਪਿੰਡਾਂ ਵਿਚੋਂ ਨਿਕਲਣ ਵਾਲੇ ਨਾਲੇ ਅਤੇ ਖਾਲੇ ਪੂਰੀ ਤਰ੍ਹਾਂ ਨਾਲ ਖੁਲਵਾ ਦਿੱਤੇ ਜਾਣ। ਜੇਕਰ ਕੋਈ ਇਸ ਸਬੰਧੀ ਵਿਘਨ ਪਾਉਂਦਾ ਹੈ ਤਾਂ ਨਿਯਮਾਂ ਅਨੁਸਾਰ ਪੁਲਿਸ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ।