ਇਨ੍ਹਾਂ ਲੋਕ ਸਭਾ ਚੋਣਾਂ 'ਚ ਕਾਂਗਰਸ ਪਰਟੀ ਲੁਧਿਆਣਾ ਸਮੇਤ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਜਿੱਤ ਦਰਜ਼ ਕਰੇਗੀ ਅਤੇ ਅਕਾਲੀ ਭਾਜਪਾ ਗਠਜੋੜ ਦਾ ਸੂਬੇ ਦੇ ਲੋਕ ਬਿਸਤਰਾ ਗੋਲ ਕਰ ਦੇਣਗੇ। ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ ਤੇ ਵਿਧਾਨ ਸਭਾ ਹਲਕਾ ਪੂਰਬੀ ਦੇ ਇੰਚਾਰਜ ਗੁਰਮੇਲ ਸਿੰਘ ਪਹਿਲਵਾਨ ਲੁਧਿਆਣਾ ਲੋਕ ਸਭਾ ਸੀਟ ਤੋਂ ਉਮੀਦਵਾਰ ਰਵਨੀਤ ਬਿੱਟੂ ਦੇ ਸਮਰਥਨ 'ਚ ਵਾਰਡ ਨੰ. 4, ਮਾਂਗਟ ਕਲੋਨੀ, ਆਯੋਜਿਤ ਪਬਲਿਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਜਿਥੇ ਉਨ੍ਹਾਂ ਨੇ ਲੋਕਾਂ ਨੂੰ ਸ਼ਹਿਰ ਦੇ ਵਿਕਾਸ ਲਈ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ।ਦੀਵਾਨ ਤੇ ਪਹਿਲਵਾਨ ਨੇ ਕਿਹਾ ਕਿ ਬੀਤੇ ਸਾਲਾਂ ਦਾ ਅਕਾਲੀ ਭਾਜਪਾ ਗਠਜੋੜ ਦਾ ਸ਼ਾਸਨਕਾਲ ਪੰਜਾਬ ਦੀ ਅਰਾਥਿਕ ਤੇ ਸਮਾਜਿਕ ਤਬਾਹੀ ਦਾ ਦੌਰ ਰਿਹਾ ਹੈ। ਇਸ ਲੜੀ ਹੇਠ ਇਕੱਲੇ ਲੁਧਿਆਣਾ 'ਚ ਹੀ ਇਨ੍ਹਾਂ ਸੱਤ ਸਾਲਾਂ ਦੌਰਾਨ 2817 ਯੂਨਿਟ ਬੰਦ ਹੋ ਚੁੱਕੇ ਹਨ। ਜਿਸ ਨਾਲ ਸਰਕਾਰ ਨੂੰ ਮਿਲਣ ਵਾਲਾ ਖਜ਼ਾਨਾ ਘੱਟ ਹੋਇਆ ਹੈ ਤੇ ਬੇਰੁਜ਼ਗਾਰੀ ਵੀ ਵੱਧੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਲਾਂ ਦੌਰਾਨ ਸਰਕਾਰ ਉਦਯੋਗ ਹਿਤੈਸ਼ੀ ਨੀਤੀ ਬਣਾਉਣ 'ਚ ਨਾਕਾਮ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸ਼ਾਸਨਕਾਲ 'ਚ ਬਿਜਲੀ 4 ਰੁਪਏ ਪ੍ਰਤੀ ਯੁਨਿਟ ਮਿਲਦੀ ਸੀ। ਜਿਸਦਾ ਰੇਟ ਹੁਣ ਵੱਧ ਕੇ 7.25 ਰੁਪਏ ਪ੍ਰਤੀ ਯੂਨਿਟ ਪਹੁੰਚ ਗਿਆ ਹੈ। ਜਦਕਿ ਪੰਜਾਬ ਨੂੰ ਪਾਵਰ ਸਰਪਲਸ ਬਣਾਉਣ ਸਬੰਧੀ ਸੱਤਾਧਾਰੀ ਗਠਜੋੜ ਦੇ ਦਾਅਵਿਆਂ ਦੀ ਫੂਕ ਕੱਢਦਿਆਂ ਕਿਹਾ ਕਿ ਹੁਣ ਸੂਬੇ ਦੀ ਇੰਡਸਟਰੀ ਹੀ ਨਹੀਂ ਰਹੀ, ਤਾਂ ਬਿਜਲੀ ਦਾ ਇਸਤੇਮਾਲ ਕੌਣ ਕਰੇਗਾ ਅਤੇ ਬਿਜਲੀ ਖੁਦ ਬ ਖੁਦ ਸਰਪਲਸ ਹੋ ਜਾਵੇਗੀ।
ਇਸੇ ਤਰ੍ਹਾਂ, ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਲੁਧਿਆਣਾ ਤੋਂ ਭਾਰੀ ਟੈਕਸ ਵਸੂਲਣ ਦੇ ਬਾਵਜੂਦ ਸ਼ਹਿਰ ਦੇ ਨਾਲ ਪੱਖਪਾਤ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ 'ਚ ਜੋ ਵੀ ਵਿਕਾਸ ਹੋਇਆ ਉਹ ਕੇਂਦਰ ਦੀਆਂ ਸਕੀਮਾਂ ਤਹਿਤ ਹੋਇਆ ਹੈ, ਜਿਸ 'ਚ ਸਿਟੀ ਬੱਸ ਸਰਵਿਸ, ਪਾਸਪੋਰਟ ਸੇਵਾ ਕੇਂਦਰ, ਬੁੱਢੇ ਨਾਲੇ ਦੀ ਸਫਾਈ ਦਾ ਪ੍ਰੋਜੈਕਟ ਜਿਸਦਾ ਪੈਸਾ ਸੂਬਾ ਸਰਕਾਰ ਦਬਾਅ ਬੈਠੀ ਹੈ, ਐਫ.ਐਮ ਰੇਡੀਓ ਸਟੇਸ਼ਨ, ਪਿੰਡਾਂ 'ਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਸੜਕਾਂ ਦਾ ਨਿਰਮਾਣ ਆਦਿ ਸ਼ਾਮਿਲ ਹੈ। ਦੀਵਾਨ ਤੇ ਪਹਿਲਵਾਨ ਨੇ ਪੰਜਾਬ ਤੇ ਖਾਸ ਕਰਕੇ ਲੁਧਿਆਣਾ ਦੇ ਵਿਕਾਸ ਲਈ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ।ਇਸ ਮੌਕੇ 'ਤੇ ਹਰਸਰਨ ਸਿੰਘ ਖੈਹਰਾ, ਸੁਰਿੰਦਰ ਲਾਲੀ, ਮਾਸਟਰ ਜੋਗਿੰਦਰ ਸਿੰਘ, ਵਿਕ੍ਰਮ ਪਹਿਲਵਾਨ, ਰੋਹਿਤ ਪਾਹਵਾ, ਸੁਖਵਿੰਦਰ ਸਿੰਘ, ਕਰਨੈਲ ਸਿੰਘ, ਕਾਕਾ ਭੱਟੀ, ਧੰਨਾ ਸਿੰਘ, ਜਗਦੀਸ਼ ਲਾਲ, ਜੰਗ ਸਿੰਘ, ਗੁਰਿੰਦਰ ਸਿੰਘ, ਦਵਿੰਦਰ ਸਿੰਘ, ਮਹਿੰਦਰ ਸਿੰਘ ਵੀ ਮੌਜ਼ੂਦ ਰਹੇ।