ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਹੋਈਆਂ ਬਾਰਸ਼ਾਂ ਕਾਰਨ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਦਿੱਤੇ ਹੁਕਮਾਂ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਗਿਰਦਾਵਰੀ ਦਾ ਕੰਮ 90 ਫ਼ੀਸਦੀ ਨਿਪਟਾ ੋਲਿਆ ਗਿਆ ਹੈ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਜ਼ਿਲ੍ਹੇ ਵਿੱਚ ਖਰਾਬੇ ਦੇ ਅਨੁਮਾਨ ਲਈ ਵਿਸ਼ੇਸ਼ ਗਿਰਦਾਵਰੀ ਦੀ ਪ੍ਰਗਤੀ ਜਾਣਨ ਲਈ ਮਾਲ ਅਧਿਕਾਰੀਆਂ ਦੀ ਮੀਟਿੰਗ ਉਪਰੰਤ ਕੀਤਾ।
ਉਨ੍ਹਾਂ ਦੱਸਿਆ ਕਿ ਖਰਾਬੇ ਦਾ ਅੰਦਾਜ਼ਾ ਲਾਉੁਣ ਲਈ ਵਿਸ਼ੇਸ਼ ਗਿਰਦਾਵਰੀ ਤੋਂ ਬਾਅਦ ਅਗਲਾ ਕੰਮ ‘ਅਸੈਸਮੈਂਟ ਰਜਿਸਟਰ’ ਤਿਆਰ ਕਰਨ ਦਾ ਹੁੰਦਾ ਹੈ, ਜਿਸ ਵਿੱਚ ਖਰਾਬੇ ਦੀ ਮਾਤਰਾ ਦਰਜ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਾਲ ਅਧਿਕਾਰੀਆਂ ਨੂੰ ਵਿਸ਼ੇਸ਼ ਗਿਰਦਾਵਰੀ ਨੂੰ 100 ਫ਼ੀਸਦੀ ਕਰਨ ਅਤੇ ਖਰਾਬਾ ਅਨੁਮਾਨ ਰਜਿਸਟਰ ਤੁਰੰਤ ਤਿਆਰ ਕਰਵਾਉਣ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਮੀਟਿੰਗ ’ਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਫ਼ਸਲ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਜਾਣ ਕਾਰਨ ਬਕਾਇਆ ਰਹਿੰਦੀ ਵਿਸ਼ੇਸ਼ ਗਿਰਦਾਵਰੀ ਨੂੰ ਤੁਰੰਤ ਨਿਬੇੜਿਆ ਜਾਵੇ ਤਾਂ ਜੋ ਕੋਈ ਵੀ ਅਜਿਹਾ ਕਾਸ਼ਤਕਾਰ ਜਿਸ ਦਾ ਬਾਰਸ਼ ਕਾਰਨ ਨੁਕਸਾਨ ਹੋਇਆ ਹੈ, ਸਰਕਾਰ ਵੱਲੋਂ ਐਲਾਨੇ ਮੁਆਵਜ਼ੇ ਤੋਂ ਵਾਂਝਾ ਨਾ ਰਹੇ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜੀਵ ਵਰਮਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਵਿੰਦਰ ਕੁਮਾਰ ਸ਼ਰਮਾ ਤੋਂ ਇਲਾਵਾ ਤਹਿਸੀਲਦਾਰ ਨਵਾਂਸ਼ਹਿਰ ਸਰਵੇਸ਼ ਰਾਜਨ, ਤਹਿਸੀਲਦਾਰ ਬੰਗਾ ਗੁਰਸੇਵਕ ਚੰਦ ਅਤੇ ਤਹਿਸੀਲਦਾਰ ਬਲਾਚੌਰ ਰਵਿੰਦਰ ਬਾਂਸਲ ਮੌਜੂਦ ਸਨ।