ਕਹਿੰਦੇ ਹਨ ਜੋ ਕੌਮਾਂ ਆਪਣੇ ਇਤਿਹਾਸ ਅਤੇ ਸਭਿਆਚਾਰ ਨੂੰ ਭੁੱਲ ਜਾਂਦੀਆਂ ਹਨ ਉਨ੍ਹਾਂ ਦਾ ਵਜੂਦ ਖ਼ਤਮ ਹੋ ਜਾਂਦਾ ਹੈ। ਪੰਜਾਬ ਆਪਣੇ ਆਪ ਵਿਚ ਇਕ ਮਾਣਮੱਤਾ ਇਤਿਹਾਸ ਅਤੇ ਦੁਨੀਆਂ ਦੇ ਅਮੀਰ ਵਿਰਸਿਆਂ ਵਿਚੋਂ ਇਕ ਵਿਰਸਾ ਆਪਣੀ ਬੁੱਕਲ ਵਿਚ ਲੁਕੋ ਕੇ ਬੈਠਾ ਹੈ। ਇਹ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਨੌਜਵਾਨ ਪੀੜੀ ਨੂੰ ਉਨ੍ਹਾਂ ਦੇ ਅਮੀਰ ਵਿਰਸੇ ਨਾਲ ਜਾਣੂ ਕਰਵਾਇਆ ਜਾਵੇ। ਇਹ ਅਹਿਮ ਗੱਲਾਂ ਪੰਜਾਬ ਦੀ ਮਸ਼ਹੂਰ ਹਸਤੀ ਸਤਿੰਦਰ ਸੱਤੀ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਹੀਆਂ।
ਜ਼ਿਕਰਯੋਗ ਹੈ ਕਿ ਵਿਸ਼ਵ ਪ੍ਰਸਿੱਧ ਐਂਕਰ, ਅਦਾਕਾਰਾ, ਕਵਿੱਤਰੀ, ਗਾਇਕਾ ਅਤੇ ਪੰਜਾਬ ਆਰਟਸ ਕੌਂਸਲ ਦੇ ਸਾਬਕਾ ਚੇਅਰਪਰਸਨ ਸਤਿੰਦਰ ਸੱਤੀ ਮਾਈ ਐੱਫ ਐਮ ਨਾਲ ਮਿਲਕੇ ਰੰਗ ਪੰਜਾਬ ਦੇ ਬੈਨਰ ਹੇਰ ਪੰਜਾਬੀ ਵਿਰਸੇ ਨਾਲ ਸਬੰਧਿਤ ਇਕ ਲੜੀ ਸ਼ੁਰੂ ਕਰਨ ਜਾ ਰਹੇ ਹਨ। ਜਿਸ ਦੀ ਸ਼ੁਰੂਆਤ ਕਰਨ ਉਹ ਮੋਹਾਲੀ ਦੇ ਦੇ ਹੋਟਲ ਬੈੱਸਟ ਵੈਸਟਰਨ ਪਲੱਸ ਵਿਚ ਵਿਚ ਪਹੁੰਚੇ ਸਨ'
ਸਤਿੰਦਰ ਸੱਤੀ ਨੇ ਕਿਹਾ ਕਿ ਪੰਜਾਬ ਦਾ ਵਿਰਸਾ ਬੇਸ਼ੱਕ ਬਹੁਤ ਲੰਬਾ ਇਤਿਹਾਸ ਸਿਰਜ ਕੇ ਬੈਠਾ ਹੈ ਜਿਸ ਨੂੰ ਕਿਸੇ ਸੀਮਤ ਸਮੇਂ ਵਿਚ ਬੰਨ੍ਹ ਕੇ ਬਿਆਨ ਨਹੀਂ ਕੀਤਾ ਜਾ ਸਕਦਾ । ਪਰ ਫਿਰ ਵੀ ਉਨ੍ਹਾਂ ਕੋਸ਼ਿਸ਼ ਕੀਤੀ ਹੈ ਕਿ ਮਿਲੇ ਹੋਏ ਸਮੇਂ ਵਿਚ ਉਹ ਅੱਜ ਦੀ ਪੀੜੀ ਨੂੰ ਪੰਜਾਬੀ ਸਭਿਆਚਾਰ ਨਾਲ ਜਾਣੂ ਕਰਵਾ ਸਕਣ। ਸੱਤੀ ਨੇ ਦੱਸਿਆਂ ਕਿ ਬਾਰਾਂ ਐਪੀਸੋਡ ਦੇ ਇਸ ਪ੍ਰੋਗਰਾਮ ਵਿਚ ਹਰ ਐਪੀਸੋਡ ਨੂੰ ਵੱਖ ਵੱਖ ਰੰਗ ਦੇ ਵਿਰਸੇ ਰਾਹੀਂ ਸਰੋਤਿਆਂ ਨਾਲ ਸਾਂਝਾ ਕੀਤਾ ਜਾਵੇਗਾ।
ਜਿਸ ਵਿਚ ਬਾਬਾ ਬੁੱਲੇ ਸ਼ਾਹ, ਪੁਰਾਤਨ ਸੰਗੀਤ ਸਾਜ, ਅਨਮੋਲ ਵਿਰਸੇ ਦੀ ਕਹਾਣੀਆਂ, ਅਮਰ ਪ੍ਰੇਮ ਕਹਾਣੀਆਂ, ਪੰਜਾਬ ਦਾ ਬਟਵਾਰਾ, ਸ਼ਹੀਦ ਭਗਤ ਸਿੰਘ ਅਤੇ ਹੋਰ ਸੁਤੰਤਰਤਾ ਸੈਨਾਨੀ, ਪੰਜਾਬ ਦੀਆਂ ਵੱਖ ਵੱਖ ਉਪ-ਭਾਸ਼ਾਵਾਂ, ਪੰਜਾਬ ਦੀਆਂ ਖੇਡਾਂ,ਪਾਲੀਵੁੱਡ, ਪੰਜਾਬ ਦੇ ਸਭਿਆਚਾਰਕ ਨ੍ਰਿਤ, ਪੰਜਾਬ ਦੇ ਵਾਰਿਸ ਅਤੇ ਐਨ ਆਰ ਆਈ ਕਲਚਰ ਜਿਹੇ ਵਿਸ਼ੇ ਪ੍ਰਮੁੱਖ ਹਨ।ਇਸ ਦੇ ਨਾਲ ਹੀ ਸਤਿੰਦਰ ਸੱਤੀ ਨੇ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਨੌਜਵਾਨ ਆਧੁਨਿਕਤਾ ਵੱਲ ਆਕਰਸ਼ਿਤ ਹੋਕੇ ਆਪਣੇ ਸਭਿਆਚਾਰ ਅਤੇ ਵਿਰਸੇ ਨੂੰ ਨਾ ਭੁੱਲਣ।
ਕਿਸੇ ਦੂਜੇ ਸਭਿਆਚਾਰ ਨੂੰ ਸਮਝਣਾ ਅਤੇ ਮਹਿਸੂਸ ਕਰਨਾ ਚੰਗਾ ਹੈ ਪਰ ਇਸ ਚੱਕਰ ਵਿਚ ਆਪਣੇ ਸਭਿਆਚਾਰ ਤੋਂ ਦੂਰ ਹੋਣਾ ਉਨ੍ਹਾਂ ਦੇ ਖ਼ੁਦ ਦੇ ਵਜੂਦ ਤੇ ਸਵਾਲ ਖੜਾ ਕਰ ਦੇਵੇਗਾ। ਇਸ ਲਈ ਆਧੁਨਿਕਤਾ ਦੇ ਨਾਲ ਹੀ ਆਪਣੀਆਂ ਜੜਾਂ ਨਾਲ ਜੁੜੇ ਰਹਿ ਕੇ ਆਪਣੇ ਅਮੀਰ ਵਿਰਸੇ ਨੂੰ ਵੀ ਅੱਜ ਪੀੜੀ ਪੂਰੀ ਤਰਾਂ ਯਾਦ ਰੱਖਣ। ਕਿਉਂਕਿ ਐਫ ਐਮ ਅੱਜ ਦੀ ਨੌਜਵਾਨ ਪੀੜੀ ਵਿਚ ਬਹੁਤ ਮਕਬੂਲ ਹੈ ਇਸ ਲਈ ਮਾਈ ਐਫ ਐਮ ਵੱਲੋਂ ਕੀਤੇ ਇਸ ਉਪਰਾਲੇ ਨਾਲ ਉਨ੍ਹਾਂ ਯਕੀਨ ਹੈ ਕਿ ਵੱਡੀ ਗਿਣਤੀ ਵਿਚ ਨੌਜਵਾਨ ਆਪਣੇ ਵਿਰਸੇ ਤੋਂ ਜਾਣੂ ਹੁੰਦੇ ਹੋਏ ਮਾਣ ਮਹਿਸੂਸ ਕਰਨਗੇ। ਸਤਿੰਦਰ ਸੱਤੀ ਨੇ ਮਾਈ ਐਫ ਐਮ ਵੱਲੋਂ ਕੀਤੇ ਇਸ ਉਪਰਾਲੇ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।