74ਵੇਂ ਗਣਤੰਤਰਤਾ ਦਿਵਸ ਮੌਕੇ ਅੱਜ ਪੰਜਾਬ ਦੇ ਕਿਰਤ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਮਿਸ ਅਨਮੋਲ ਗਗਨ ਮਾਨ ਵੱਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਜਿਥੇ ਉਹਨਾਂ ਅਜਾਦੀ ਘੁਲਾਟੀਆਂ ਦੇ ਪ੍ਰਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਉਥੇ ਨਾਲ ਹੀ ਆਰਥਿਕ ਤੌਰ ਤੇ ਕਮਜ਼ੋਰ ਅਤੇ ਪਿਛੜੇ ਵਰਗ ਦੇ ਲੋਕਾਂ ਨੂੰ ਟਰਾਈ ਸਾਇਕਲ ਅਤੇ ਸਲਾਈ ਮਸ਼ੀਨਾਂ ਭੇਂਟ ਕੀਤੀਆਂ।
ਪੰਜਾਬ ਸਰਕਾਰ ਦਾ ਸੁਨੇਹਾ ਸਾਂਝਾ ਕਰਦਿਆਂ ਉਹਨਾਂ ਅਪਣੀ ਤਕਰੀਰ ਵਿਚ ਕਿਹਾ ਕਿ ਭਾਰਤ ਵਿਚ ਅਜਾਦੀ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਸਾਰੀ ਦੁਨੀਆਂ ਵਿੱਚ ਸੱਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ ਹੈ। ਉਹਨਾਂ ਅੱਗੇ ਕਿਹਾ ਕਿ ਅੱਜ ਦੇ ਦਿਨ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਯੋਗਦਾਨ ਨੂੰ ਅੱਖੋ-ਪਰੋਖੇ ਨਹੀਂ ਕੀਤਾ ਜਾ ਸਕਦਾ।
ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਪੱਖੀ ਸਕੀਮਾਂ ਬਾਰੇ ਚਾਨਣਾ ਪਾਉਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ਿਆਂ ਨੂੰ ਖਾਲੀ ਕਰਵਾਉਣ ਦੇ ਉਦੇਸ਼ ਨਾਲ ਕਬਜ਼ੇ ਵਿਰੋਧੀ ਮੁਹਿੰਮ ਚਲਾਈ ਗਈ।ਇਸ ਮੁਹਿੰਮ ਤਹਿਤ ਸੂਬਾ ਸਰਕਾਰ ਨੇ ਹੁਣ ਤੱਕ 9300 ਏਕੜ ਤੋਂ ਵੀ ਵੱਧ ਜਮੀਨ ਨੂੰ ਅਪਣੇ ਕਬਜ਼ੇ ਵਿੱਚ ਲਿਆ ਹੈ।
ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਚ ਕੁੱਲ 750 ਪ੍ਰਤੀ ਬਲਾਕ 5 ਸਮਾਰਟ ਪਿੰਡ ਬਣਾਉਣ ਲਈ ਪੇਂਡੂ ਸੜਕੀ ਸੰਪਰਕ, ਸੁਰੱਖਿਅਤ ਸੈਨੀਟੇਸ਼ਨ ਅਭਿਆਸ, ਸਮਾਰਟ ਸਕੂਲ, ਮਾਡਲ ਆਂਗਣਵਾੜੀਆਂ, ਖੇਡ ਮੈਦਾਨ, ਪਾਰਕ, ਸ਼ਮਸ਼ਾਨ ਘਾਟ, ਮੁੱਢਲਾ ਢਾਂਚਾ ਆਦਿ ਮੁਹੱਈਆ ਕਰਵਾਇਆ ਜਾਵੇਗਾ।ਉਹਨਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2023-24 ਵਿੱਚ 622 ਕਰੋੜ ਰੁਪਏ ਦੀ ਲਾਗਤ ਨਾਲ 1050 ਪਿੰਡਾਂ ਵਿੱਚ ਮੌਜੂਦਾ ਜਲ ਸਪਲਾਈ ਦਾ ਪੱਧਰ ਉੱਚਾ ਚੁੱਕਣ ਲਈ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ।
ਉਹਨਾ ਇਹ ਵੀ ਕਿਹਾ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਸੈਨੀਟੇਸ਼ਨ ਨੂੰ ਯਕੀਨੀ ਬਣਾਉਣ ਲਈ 40 ਕਰੋੜ ਰੁਪਏ ਦੀ ਲਾਗਤ ਦੇ 1894 ਕਮਿਊਨਟੀ ਸੈਨੇਟਰੀ ਕੰਪਲੈਕਸ ਦੇ ਕੰਮ ਸ਼ੁਰੂ ਕੀਤੇ ਗਏ ਹਨ।ਸਿਹਤ ਸਹੂਲਤਾਂ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਘਰ੍ਹਾਂ ਦੇ ਨੇੜੇ ਹੀ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸੂਬੇ ਵਿੱਚ 500 ਆਮ ਆਦਮੀ ਕਲੀਨਿਕ ਸਥਾਪਤ ਕਰਨ ਜਾ ਰਹੀ ਹੈ।
ਜਦਕਿ ਸੀ੍ਰ ਮੁਕਤਸਰ ਸਾਹਿਬ ਜਿਲ੍ਹੇ ਵਿੱਚ 16 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਇਸੇ ਤਰ੍ਹਾਂ ਜਿਲ੍ਹੇ ਵਿਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵੱਧ ਕੇ 18 ਹੋ ਜਾਵੇਗੀ ਅਤੇ ਇਹਨ੍ਹਾਂ ਕਲੀਨਿਕਾਂ ਵਿੱਚ ਮਰੀਜਾਂ ਦੇ ਮੁਫਤ ਇਲਾਜ ਤੋਂ ਇਲਾਵਾ ਇਲਾਜ ਨਾਲ ਸਬੰਧਤ ਮੁਫਤ ਦਵਾਈ ਦਿੱਤੀ ਜਾਵੇਗੀ।
ਇਸ ਮੌਕੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਕ ਨਵੀਂ ਪਿਰਤ ਪਾਉਦਿਆਂ ਪਹਿਲਾ, ਦੂਸਰਾ ਤੇ ਤਿਸਰੇ ਸਥਾਨ ਤੇ ਆਉਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਅਤੇ ਝਾਕੀਆਂ ਨੂੰ ਇਨਾਮ ਵੰਡੇ ਗਏ।ਇਸ ਮੌਕੇ ਸਟੇਜ਼ ਸੰਚਾਲਨ ਦੀ ਭੂਮਿਕਾ ਜਿਲ੍ਹਾ ਲੋਕ ਸੰਪਰਕ ਅਫਸਰ ਗੁਰਦੀਪ ਮਾਨ ਵੱਲੋਂ ਬਾਖੂਬੀ ਨਿਭਾਈ ਗਈ।
ਕੈਬਨਿਟ ਮੰਤਰੀ ਨੇ ਸਾਰੇ ਸਮਾਗਮ ਅਤੇ ਖਾਸ ਕਰਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ੍ਰੀ ਰਾਜ ਕੁਮਾਰ ਗਰਗ ਜਿਲ੍ਹਾ ਤੇ ਸ਼ੈਸਨ ਜੱਜ, ਸ੍ਰੀ ਪੀ ਕੇ ਯਾਦਵ, ਆਈ ਜੀ ਫਰੀਦਕੋਟ ਰੇਂਜ, ਸਰਦਾਰ ਜਗਦੀਪ ਸਿੰਘ ਕਾਕਾ ਬਰਾੜ ਹਲਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਸਰਦਾਰ ਗੁਰਮੀਤ ਸਿੰਘ ਖੁੱਡੀਆਂ ਹਲਕਾ ਵਿਧਾਇਕ ਲੰਬੀ, ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ, ਸ੍ਰੀ ਉਪਿੰਦਰ ਸਿੰਘ ਘੁੰਮਣ ਐਸ ਐਸ ਪੀ, ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਏ ਡੀ ਸੀ, ਸ੍ਰੀ ਰਿਸ਼ਭ ਬਾਂਸਲ ਸਹਾਇਕ ਕਮਿਸ਼ਨਰ ਜਨਰਲ, ਸ੍ਰੀ ਸੁਖਜਿੰਦਰ ਸਿੰਘ ਕਾਉਣੀ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸ੍ਰੀ ਜ਼ਸਨ ਬਰਾੜ, ਜਿਲ੍ਹਾ ਪ੍ਰਧਾਨ ਆਮ ਆਦਮੀ, ਸ੍ਰੀ ਜਗਦੇਵ ਸਿੰਘ ਬਾਮ, ਸਾਬਕਾ ਜਿਲ੍ਹਾ ਪ੍ਰਧਾਨ ਆਮ ਆਦਮੀ ਅਤੇ ਅਨਿੰਦਰਵੀਰ ਕੌਰ ਜਿਲ੍ਹਾ ਖੇਡ ਅਫਸਰ ਵੀ ਮੌਜੂਦ ਸਨ।