ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀ ਦੂਰਦਰਸ਼ੀ ਸੋਚ ਅਤੇ ਨਗਰ ਨਿਗਮ ਹੁਸ਼ਿਆਰਪੁਰ ਦੀ ਪਹਿਲਕਦਮੀ ਨਾਲ ਅੱਜ ਸ਼ਹਿਰ ਵਿਚ ਅਤਿ-ਆਧੁਨਿਕ ਵੈਕਿਊਮ ਕਲੀਨਿੰਗ ਮਸ਼ੀਨ ਦਾ ਸਫਲ ਟ੍ਰਾਇਲ ਹੋਇਆ। ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਇਸ ਪਹਿਲ ਨਾਲ ਹੁਸ਼ਿਆਰਪੁਰ ਹੁਣ ਵੱਡੇ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਿਲ ਹੋ ਜਾਵੇਗਾ, ਜਿਥੇ ਇਸ ਤਰ੍ਹਾਂ ਦੀ ਆਧੁਨਿਕ ਮਸ਼ੀਨ ਨਾਲ ਸ਼ਹਿਰ ਦੀ ਸਫ਼ਾਈ ਹੋਵੇਗੀ।
ਬੱਸ ਸਟੈਂਡ ਚੌਕ ਹੁਸ਼ਿਆਰਪੁਰ ਤੋਂ ਅੱਜ ਵੈਕਿਊਮ ਕਲੀਨਿੰਗ ਮਸ਼ੀਨ ਦੇ ਟ੍ਰਾਇਲ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਇਸੇ ਲਡੀ ਵਿਚ ਅੱਜ ਹੁਸ਼ਿਆਰਪੁਰ ਵਿਚ ਅਤਿ-ਆਧੁਨਿਕ ਸਫ਼ਾਈ ਮਸ਼ੀਨ ਦਾ ਟ੍ਰਾਇਲ ਕੀਤਾ ਗਿਆ ਹੈ, ਜੋ ਕਿ ਜਲਦ ਹੀ ਹੁਸ਼ਿਆਰਪੁਰ ਦੀ ਸਫ਼ਾਈ ਲਈ ਉਪਲਬੱਧ ਹੋਵੇਗੀ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ। ਉਨ੍ਹਾਂ ਦਸਿਆ ਕਿ ਅਤਿ-ਆਧੁਨਿਕ ਵੈਕਿਊਮ ਕਲੀਨਿੰਗ ਮਸ਼ੀਨ ਦੀ ਖ਼ਰੀਦ ਤੋਂ ਪਹਿਲਾਂ ਇਸ ਲਈ ਟ੍ਰਾਇਲ ਕਰਵਾਇਆ ਗਿਆ ਹੈ, ਤਾਂ ਜੋ ਇਸ ਦੀ ਕਾਰਗੁਜ਼ਾਰੀ ਨੂੰ ਪੂਰੀ ਤਰ੍ਹਾਂ ਨਾਲ ਚੈੱਕ ਕੀਤਾ ਜਾ ਸਕੇ।ਕੈਬਨਿਟ ਮੰਤਰੀ ਨੇ ਦੱਸਿਆ ਕਿ ਟਰੱਕ ਸਮੇਤ ਇਸ ਮਸ਼ੀਨ ਦੀ ਖ਼ਰੀਦ ਕਰੀਬ 55-60 ਲੱਖ ਰੁਪਏ ਹੋਵੇਗੀ ਅਤੇ ਤਿੰਨ ਸਾਲਾਂ ਦੇ ਸਾਲਾਨਾ ਰੱਖ-ਰਖਾਅ ਲਈ ਖ਼ਰਚਾ ਕਰੀਬ 1 ਕਰੋੜ ਰੁਪਏ ਆਵੇਗਾ। ਉਨ੍ਹਾਂ ਦੱਸਿਆ ਕਿ ਨਵੇਂ ਸਾਲ ਦੇ ਆਗਮਨ ’ਤੇ ਸ਼ਹਿਰ ਵਾਸੀਆਂ ਨੂੰ ਇਹ ਤੋਹਫ਼ਾ ਦਿੱਤਾ ਗਿਆ ਹੈ ਤਾਂ ਕਿ ਬਿਨਾਂ ਮਿੱਟੀ-ਘੱਟਾ ਉੜੇ ਸ਼ਹਿਰ ਨੂੰ ਸਾਫ਼ ਕੀਤਾ ਜਾ ਸਕੇ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਹੁਸ਼ਿਆਰਪੁਰ ਨੂੰ ਡੰਪ ਫਰੀ ਸ਼ਹਿਰ ਬਣਾਇਆ ਜਾਵੇ ਅਤੇ ਇਸ ਦੇ ਲਈ ਵੀ ਯਤਨ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਮੁੱਖ ਮੰਤਰੀ ਤੇ ਸਥਾਨਕ ਸਰਕਾਰਾਂ ਮੰਤਰੀ ਵੰਲੋਂ ਹੁਸ਼ਿਆਰਪੁਰ ਨੂੰ ਇਕ ਅਤਿ-ਆਧੁਨਿਕ ਫਾਇਰ ਟੈਂਡਰ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਸ਼ਆਰਪੁਰ ਦੇ ਵਿਕਾਸ ਲਈ ਬੁਨਿਆਦੀ ਢਾਂਚੇ ਦੀ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿਚ ਵਿਕਾਸ ਦੀ ਗਤੀ ਹੋਰ ਤੇਜ਼ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਪਾਲ ਸਿੰਘ ਚੇਚੀ, ਵਰਿੰਦਰ ਸ਼ਰਮਾ ਬਿੰਦੂ, ਸਤਵੰਤ ਸਿੰਘ ਸਿਆਣ, ਵਰਿੰਦਰ ਵੈਦ, ਸੁਮੇਸ਼ ਸੋਨੀ, ਅਮਰਜੀਤ ਸ਼ਰਮਾ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ।