ਸ਼ਹੀਦੀ ਸਭਾ ਦੇ ਪਹਿਲੇ ਦਿਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਗ਼ੈਰ ਸਰਕਾਰੀ ਅਦਾਰਿਆਂ ਵੱਲੋਂ ਵਿਕਾਸ ਅਤੇ ਆਪਣੀਆਂ ਗਤੀਵਿਧੀਆਂ ਨੂੰ ਦਰਸਾਉਂਦੀ ਅਤੇ ਸ਼ਹੀਦੀ ਸਭਾ ਨੂੰ ਸਮਰਪਿਤ ਵਿਸ਼ਾਲ ਵਿਕਾਸ ਪ੍ਰਦਰਸ਼ਨੀ ਦੀ ਸ਼ੁਰੂਆਤ ਕਰਵਾਈ। ਉਪਰੰਤ ਵੱਖ-ਵੱਖ ਸਟਾਲਾਂ 'ਤੇ ਜਾ ਕੇ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕੀਤੀ ਅਤੇ ਵਿਭਾਗਾਂ ਦੇ ਕੰਮਕਾਜ਼ ਦੀ ਸ਼ਲਾਘਾ ਕੀਤੀ।
ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੋਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਿਨੇਸ਼ ਵਸ਼ਿਸ਼ਟ, ਐਸ.ਡੀ.ਐਮ. ਖਮਾਣੋਂ ਪਰਲੀਨ ਕਾਲੇਕਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।ਇਨ੍ਹਾਂ ਪ੍ਰਦਰਸ਼ਨੀਆਂ ਦਾ ਮੁਆਇਨਾ ਉਪਰੰਤ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਨਹੀਂ ਮਿਲਦੀ।
ਉਨ੍ਹਾਂ ਕਿਹਾ ਕਿ ਸ਼੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਸ਼ਹੀਦੀ ਸਭਾ ਮੌਕੇ ਸੰਗਤਾਂ ਦਾ ਵੱਡਾ ਇਤਿਹਾਸਕ ਇਕੱਠ ਹੁੰਦਾ ਹੈ ਅਤੇ ਇਸ ਮੌਕੇ ਆਯੋਜਿਤ ਵਿਸ਼ਾਲ ਪ੍ਰਦਰਸ਼ਨੀ ਲੋਕ ਭਲਾਈ ਸਕੀਮਾਂ ਤੋਂ ਜਾਣੂ ਕਰਵਾਉਣ ਲਈ ਅਹਿਮ ਸਾਬਤ ਹੁੰਦੀ ਹੈ। ਇਸ ਪ੍ਰਦਰਸ਼ਨੀ ਰਾਹੀਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਗ਼ੈਰ ਸਰਕਾਰੀ ਅਦਾਰਿਆਂ ਵੱਲੋਂ ਲੋਕ ਭਲਾਈ ਦੀਆਂ ਸਕੀਮਾਂ ਸਮੇਤ ਉਨਤ ਖੇਤੀ ਲਈ ਈਜਾਦ ਹੋਈਆਂ ਨਵੀਂਆਂ ਤਕਨੀਕਾਂ ਤੇ ਨਵੀਂ ਮਸ਼ੀਨਰੀ ਬਾਰੇ ਇੱਥੇ ਪੁੱਜਣ ਵਾਲਿਆਂ ਨੂੰ ਜਾਣੂ ਕਰਵਾਇਆ ਜਾਂਦਾ ਹੈ।
ਇਸ ਪ੍ਰਦਰਸ਼ਨੀ ਦੌਰਾਨ ਖੇਤੀਬਾੜੀ, ਮੱਛੀ ਪਾਲਣ, ਬਾਗਬਾਨੀ, ਡੇਅਰੀ ਵਿਕਾਸ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਿਹਤ ਵਿਭਾਗ, ਪਸ਼ੂ ਪਾਲਣ, ਪੇਡਾ, ਜੰਗਲਾਤ, ਸਹਿਕਾਰਤਾ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸਮੇਤ ਵੱਖ-ਵੱਖ ਬੈਂਕਾਂ ਅਤੇ ਹੋਰ ਪ੍ਰਾਈਵੇਟ ਅਦਾਰਿਆਂ ਨੇ ਇਸ ਵਿਸ਼ਾਲ ਵਿਕਾਸ ਪ੍ਰਦਰਸ਼ਨੀ ਮੌਕੇ ਆਪਣੇ ਸਟਾਲ ਲਗਾਏ ਅਤੇ ਆਮ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ। ਵੱਡੀ ਗਿਣਤੀ ਸੰਗਤ ਨੇ ਇਸ ਪ੍ਰਦਰਸ਼ਨੀ ਵਿੱਚ ਪੁੱਜਕੇ ਇਸਦਾ ਲਾਭ ਉਠਾਇਆ।
ਇਸ ਵਿਕਾਸ ਪ੍ਰਦਰਸ਼ਨੀ ਦੌਰਾਨ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸ੍ਰੀ ਵਿੱਦਿਆ ਸਾਗਰੀ ਆਰ.ਯੂ. ਆਈਐਫ਼ਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਮੰਡਲ (ਵਿਸਥਾਰ) ਪਟਿਆਲਾ ਵੱਲੋਂ ਸ਼ਹੀਦੀ ਸਭਾ ਮੌਕੇ ਪ੍ਰਦਰਸ਼ਨੀ ਸਟਾਲ ਲਗਾਈ ਗਈ। ਪ੍ਰਦਰਸ਼ਨੀ ਸਟਾਲ ਰਾਹੀਂ ਵਾਤਾਵਰਣ ਜਾਗਰੂਕਤਾ, ਖੇਤੀ ਵਿਭਿੰਨਤਾ, ਰੁੱਖਾਂ ਦੀ ਸਾਂਭ-ਸੰਭਾਲ ਅਤੇ ਵਣ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਪੈਦਾ ਕਰਨ ਹਿੱਤ ਮੁਫ਼ਤ ਸਾਹਿਤ ਵੰਡਿਆ ਗਿਆ। ਆਮ ਲੋਕਾਂ ਅਤੇ ਕਿਸਾਨਾਂ ਨੇ ਇਸ ਸਟਾਲ ਤੇ ਵਿਸ਼ੇਸ਼ ਦਿਲਚਸਪੀ ਦਿਖਾਈ।
ਪ੍ਰਦਰਸ਼ਨੀ ਦਾ ਨਿਰੀਖਣ ਕਰਨ ਪਹੁੰਚੇ ਡੀਸੀ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਵਣ ਮੰਡਲ (ਵਿਸਥਾਰ) ਪਟਿਆਲਾ ਦੀ ਸਟਾਲ ਦੀ ਸ਼ਲਾਘਾ ਕੀਤੀ। ਇਸ ਮੌਕੇ ਵਣ ਰੇੰਜ ਅਫ਼ਸਰ (ਵਿਸਥਾਰ) ਪਟਿਆਲਾ ਸ੍ਰੀ ਸੁਰਿੰਦਰ ਸ਼ਰਮਾ, ਵਣ ਬਲਾਕ ਅਫ਼ਸਰ ਮਹਿੰਦਰ ਸਿੰਘ ਅਤੇ ਵਣ ਬੀਟ ਅਫ਼ਸਰ ਅਮਨ ਅਰੋੜਾ ਨੇ ਡੀਸੀ ਸ੍ਰੀਮਤੀ ਸ਼ੇਰਗਿੱਲ ਨੂੰ ਸਨਮਾਨ ਚਿੰਨ ਭੇੰਟ ਕੀਤਾ। ਅਮਨ ਅਰੋੜਾ ਨੇ ਵਾਤਾਵਰਣ ਜਾਗਰੂਕਤਾ ਹਿੱਤ ਵਣ ਮੰਡਲ (ਵਿਸਥਾਰ) ਪਟਿਆਲਾ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ।