ਸਮਾਜਿਕ ਨਿਆ, ਸਸ਼ਕਤੀਕਰਨ ਅਤੇ ਘੱਟ ਗਿਣਤੀ, ਸਮਾਜਿਕ ਸੁਰੱਖਿਆ, ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ, ਡਾ. ਬਲਜੀਤ ਕੌਰ ਨੇ ਕਿਹਾ ਹੈ ਕਿ ਅਪੰਗਤਾ ਨੂੰ ਮਾਨਸਿਕਤਾ `ਤੇ ਭਾਰੂ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਇਸ ਪ੍ਰਤੀ ਨਾਕਾਰਤਮਕ ਸੋਚ ਜੋ ਕਿ ਸਾਡੀ ਮਾਨਸਿਕਤਾ ਦੇ ਅਵਚੇਤਨ ਵਿਚ ਪਈ ਉਸ ਨੂੰ ਦੂਰ ਕਰਨ ਦੀ ਲੋੜ ਹੈ ਅਤੇ ਇਕ ਅਜਿਹਾ ਸਮਾਜਿਕ ਮਾਹੌਲ ਬਣਾ ਕੇ ਦੇਣਾ ਸਮੇਂ ਦੀ ਮੰਗ ਹੈ ਜਿਸ ਦੇ ਵਿਚ ਅਪੰਗ ਔਰਤਾਂ, ਬੱਚਿਆਂ ਅਤੇ ਵਿਅਕਤੀਆਂ ਨੂੰ ਅੱਗੇ ਵਧਣ ਦੇ ਮੌਕੇ ਦਿੱਤੇ ਜਾ ਸਕਣ।
ਉਨ੍ਹਾਂ ਕਿਹਾ ਕਿ ਪੜ੍ਹਾਈ ਸਭ ਤੋਂ ਵੱਡਾ ਹਥਿਆਰ ਹੈ ਜੋ ਅਪੰਗ ਲੋਕਾਂ ਦੇ ਜੀਵਨ ਦੇ ਵਿਕਾਸ ਨੂੰ ਅੱਗੇ ਲੈ ਕੇ ਜਾ ਸਕਦਾ ਹੈ। ਇਸ ਪ੍ਰਤੀ ਸਾਡੇ ਸਮਾਜ ਵਿਚ ਜਾਗਰੂਕਤਾ ਦੀ ਬਹੁਤ ਕਮੀ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਜਿਹੇ ਲੋਕਾਂ ਨੂੰ ਮਾਨਸਿਕ ਤੌਰ `ਤੇ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਕੇ ਪੜ੍ਹਾਈ ਦਾ ਰਸਤਾ ਵਿਖਾਉਣ ਦੀ ਲੋੜ ਹੈ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵੱਲੋਂ ਕਰਵਾਏ ਗਏ ਇਕ ਰੋਜ਼ਾ ਸੈਮੀਨਾਰ ਸਮੇਂ ਮੁੱਖ ਮਹਿਮਾਨ ਦੇ ਤੌਰ `ਤੇ ਇਥੇ ਪੁੱਜੇ ਸਨ। ਉਨ੍ਹਾਂ ਦਾ ਇਥੇ ਆਉਣ `ਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ, ਪ੍ਰੋ. ਕਰਨਜੀਤ ਸਿੰਘ ਕਾਹਲੋਂ, ਡੀਨ, ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ ਅਤੇ ਵਿਭਾਗ ਦੇ ਮੁਖੀ, ਡਾ. ਰਾਜੇਸ਼ ਕੁਮਾਰ ਨੇ ਨਿੱਘਾ ਸਵਾਗਤ ਕੀਤਾ। ਸੈਮੀਨਾਰ ਦੀ ਕਨਵੀਨਰ ਡਾ. ਰਚਨਾ ਸ਼ਰਮਾ ਨੇ ਅਪੰਗ ਇਸਤਰੀਆਂ ਦੇ ਬਰਾਬਰੀ ਦੇ ਅਧਿਕਾਰ ਸਬੰਧੀ ਵਿਸ਼ੇ `ਤੇ ਸੈਮੀਨਾਰ ਕਰਵਾਉਣ ਦੇ ਮਕਸਦ ਤੋਂ ਜਾਣੂ ਕਰਵਾਇਆ। ਪ੍ਰੋ. ਬਹਿਲ ਨੇ ਵਾਈਸ ਚਾਂਸਲਰ ਪ੍ਰੋ. ਸੰਧੂ ਵੱਲੋਂ ਸਹਿਯੋਗ ਦੇਣ ਅਤੇ ਕੈਬਨਿਟ ਮੰਤਰੀ ਦੇ ਉਚੇਚੇ ਤੌਰ `ਤੇ ਇਥੇ ਪੁੱਜਣ `ਤੇ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਉਪ ਕੁਲਪਤੀ ਪ੍ਰੋ. ਸੰਧੂ ਨੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਸਮੇਂ ਯੂਨੀਵਰਸਿਟੀ ਦਾ ਐਚ ਇੰਡੈਕਸ 127 ਹੈ ਜਦੋਂਕਿ ਅੱਜ ਤੋਂ ਪੰਜ ਸਾਲ ਪਹਿਲਾਂ ਇਹ 64 ਸੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਤਰੀ ਭਾਰਤ ਦੀਆਂ ਯੂਨੀਵਰਸਿਟੀ ਵਿਚੋਂ ਇਕੋ ਇਕ ਕੈਟਾਗਿਰੀ ਵਨ ਯੂਨੀਵਰਸਿਟੀ ਹੈ।
ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਨੂੰ ਧਿਆਨ ਵਿਚ ਰਖਦਿਆਂ ਵੱਖ ਵੱਖ ਵਿਭਾਗ ਖੋਲ੍ਹੇ ਗਏ ਹਨ ਜਿਨ੍ਹਾਂ ਵਿਚੋਂ ਇਕ ਖੇਤੀਬਾੜੀ ਵਿਭਾਗ ਹੈ ਜਿਸ ਦੇ ਵਿਚ ਅਤਿ ਆਧੁਨਿਕ ਖੇਤੀ ਨੂੰ ਕਿਵੇਂ ਲੀਹਾਂ `ਤੇ ਲਿਆਂਦਾ ਜਾ ਸਕਦਾ ਹੈ ਉਪਰ ਕੇਂਦਰਿਤ ਹੋ ਕੇ ਪੜ੍ਹਾਈ ਕਰਾਈ ਜਾ ਰਹੀ ਹੈ। ਉਨ੍ਹਾਂ ਕੈਬਨਿਟ ਮੰਤਰੀ ਅੱਗੇ ਇਹ ਵੀ ਮੰਗ ਰੱਖੀ ਕਿ ਉਹ ਯੂਨੀਵਰਸਿਟੀ ਨੂੰ ਬਣਦਾ ਫੰਡ ਮਹਈਆ ਕਰਵਾਉਣ ਤਾਂ ਜੋ ਉਚੇਰੀ ਸਿਖਿਆ ਦੇ ਵਿਚ ਹੋਰ ਵੀ ਉਚ ਪੱਧਰ ਦਾ ਮਾਹੌਲ ਪੈਦਾ ਕਰ ਸਕਣ।
ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ ਖਾਸ ਕਰਕੇ ਅਪੰਗ ਔਰਤਾਂ ਵਿਚ ਇਸ ਗੱਲ ਦੀ ਜਾਗਰੂਕਤਾ ਲਿਆਉਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਜੀਵਨ ਨੂੰ ਸੁਖਾਲਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਪੰਗਤਾ ਨੂੰ ਆਪਣੇ ਜੀਵਨ ਦੇ ਵਿਕਾਸ ਵਿਚ ਰੁਕਾਵਟ ਨਹੀਂ ਸਮਝਣਾ ਚਾਹੀਦਾ ਹੈ ਸਗੋਂ ਇਸ ਨੂੰ ਚੁਣੌਤੀ ਦੇ ਤੌਰ `ਤੇ ਲੈ ਕੇ ਆਪਣੇ ਮਿਥੇ ਟੀਚੇ `ਤੇ ਪਹੁੰਚਣਾ ਚਾਹੀਦਾ ਹੈ।
ਇਸ ਮੌਕੇ ਉਨ੍ਹਾਂ ਨੇ ਕਿਸੇ ਨਾ ਕਿਸੇ ਕਾਰਨ ਅਪੰਗ ਰਹੀਂ ਸਫਲ ਔਰਤਾਂ ਦੇ ਜੀਵਨ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਹੀ ਨਹੀਂ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੇ ਵਿਕਾਸ ਵਿਚ ਵੀ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਰਗ ਦੇ ਜੀਵਨ ਵਿਚ ਨਵੀਂ ਜਾਗਰੂਕਤਾ, ਨਵੀਂ ਸੋਚ ਅਤੇ ਨਵੇਂ ਉਦਮ ਪੈਦਾ ਕਰਕੇ ਹੀ ਇਕ ਨਵੀਂ ਸਵੇਰ ਲਿਆਂਦੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਅਪੰਗਤਾ ਜੀਵਨ ਦੇ ਵਿਕਾਸ ਵਿਚ ਉਦੋਂ ਰੁਕਾਵਟ ਨਹੀਂ ਬਣ ਸਕਦੀ ਜਦੋਂ ਤੁਸੀ ਲਗਨ ਅਤੇ ਮਿਹਨਤ ਦੇ ਨਾਲ ਆਪਣੀ ਦ੍ਰਿੜ ਇੱਛਾ ਦੇ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੰਦੇ ਹੋ। ਉਨ੍ਹਾਂ ਕਿਹਾ ਕਿ ਅਪੰਗਤਾ ਦੀ ਆੜ ਜੋ ਲੋਕ ਆਪਣੇ ਆਪ ਨੂੰ ਤਰਸ ਦਾ ਪਾਤਰ ਬਣਾ ਕੇ ਸਮਾਜ ਵਿਚ ਵਿਚਰਦੇ ਹਨ ਉਨ੍ਹਾਂ ਨੂੰ ਉਸ ਮਾਨਸਿਕਤਾ ਵਿਚੋਂ ਕੱਢਣ ਦੀ ਲੋੜ ਹੈ।
ਡਾ. ਬਲਜੀਤ ਕੌਰ ਨੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦਾ ਦੌਰਾ ਕੀਤਾ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਅੱਜ ਹੋਏ ਵੱਖ ਵੱਖ ਤਕਨੀਕੀ ਸੈਸ਼ਨਾਂ ਵਿਚ ਬੁੱਧੀਜੀਵੀਆਂ ਵੱਲੋਂ ਵਿਸ਼ੇ ਨਾਲ ਸਬੰਧਤ ਖੋਜ ਪੱਤਰ ਪੇਸ਼ ਕੀਤੇ ਗਏ। ਇਨ੍ਹਾਂ ਸੈਸ਼ਨਾਂ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੈਂਟਰ ਫਾਰ ਸਟੱਡੀ ਆਫ ਸੋਸ਼ਲ ਸਿਸਟਮ ਤੋਂ ਪ੍ਰੋ. ਨੀਲਿਕਾ ਮਹਿਰੋਤਰਾ, ਪ੍ਰੋ. ਸੁਜਾਤਾ ਭਾਨ, ਸ਼ੰਪਾ ਸੇਨਗੁਪਤਾ, ਅਮਰਜੀਤ ਸਿੰਘ ਆਨੰਦ, ਡਾ. ਸਤਨਾਮ ਸਿੰਘ, ਪ੍ਰੋ. ਭੂਪ ਸਿੰਘ ਗੌੜ, ਡਾ. ਸੁਨੀਲ ਕੁਮਾਰ ਅਤੇ ਉੱਘੇ ਵਿਦਵਾਨ ਹਾਜ਼ਿਰ ਹੋਏ।