ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ " ਖੇਡਾਂ ਵਤਨ ਪੰਜਾਬ ਦੀਆਂ " ਨੇ ਨੌਜਵਾਨਾਂ ਅੰਦਰ ਇੱਕ ਨਵਾਂ ਜੋਸ਼ ਭਰਿਆ ਹੈ ਅਤੇ ਖਿਡਾਰੀ ਅੰਦਰ ਛੁਪੀ ਖੇਡ ਪ੍ਰਤਿਭਾ ਵੀ ਉਭਰ ਕੇ ਸਾਹਮਣੇ ਆ ਰਹੀ ਹੈ। ਇਹ ਪ੍ਰਗਟਾਵਾ ਬਸੀ ਪਠਾਣਾ ਦੇ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਆਈ.ਟੀ.ਆਈ. ਬਸੀ ਪਠਾਣਾ ਵਿਖੇ " ਖੇਡਾਂ ਵਤਨ ਪੰਜਾਬ ਦੀਆਂ " ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਮੁੜ ਤੋਂ ਖੇਡ ਮੈਦਾਨਾਂ ਨਾਲ ਜੋੜ ਕੇ ਸਮਾਜਿਕ ਲਾਹਣਤਾਂ ਦਾ ਖਾਤਮਾ ਕਰਨ ਲਈ ਪੂਰੀ ਗੰਭੀਰਤਾ ਨਾਲ ਉਪਰਾਲੇ ਕਰ ਰਹੀ ਹੈ ਅਤੇ ਇਨ੍ਹਾਂ ਉਪਰਾਲਿਆਂ ਤਹਿਤ ਸਰਕਾਰ ਵੱਲੋਂ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ਲਈ ਖਿਡਾਰੀਆਂ ਅੰਦਰ ਭਰਪੂਰ ਉਤਸ਼ਾਹ ਪਾਇਆ ਜਾ ਰਿਹਾ ਹੈ।
ਸ. ਹੈਪੀ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਜਿੱਤ ਤੇ ਹਾਰ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਖੇਡਾਂ ਹਮੇਸ਼ਾਂ ਅਨੁਸ਼ਾਸ਼ਨ ਵਿੱਚ ਰਹਿ ਕੇ ਹੀ ਖੇਡਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਖਿਡਾਰੀਆਂ ਨੂੰ ਬਣਦੀ ਮਦਦ ਵੀ ਸਰਕਾਰ ਵੱਲੋਂ ਦਿੱਤੀ ਜਾਵੇਗੀ।
ਆਈ.ਟੀ.ਆਈ. ਬਸੀ ਪਠਾਣਾ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਨਤੀਜੇ ਇਸ ਪ੍ਰਕਾਰ ਰਹੇ ਲੜਕਿਆਂ ਦੇ 17 ਸਾਲ ਉਮਰ ਵਰਗ ਦੀ 5000 ਮੀਟਰ ਐਥਲੈਟਿਕਸ ਮੁਕਾਬਲੇ ਵਿੱਚ ਅਮਨ ਜੇਤੂ ਰਹੇ ਜਦੋਂ ਕਿ ਯੁਵਰਾਜ ਸਿੰਘ ਦੂਜੇ ਅਤੇ ਗਗਨਦੀਪ ਸਿੰਘ ਤੀਜੇ ਸਥਾਨ ਤੇ ਰਹੇ। ਜਦੋਂ ਕਿ ਲੜਕੀਆਂ ਦੇ ਮੁਕਾਬਲੇ ਵਿੱਚ ਸੁਖਮਿੰਦਰ ਕੌਰ ਪਹਿਲੇ ਅਤੇ ਪਰਵਿੰਦਰ ਕੌਰ ਦੂਜੇ ਸਥਾਨ ਤੇ ਰਹੀ।
ਲੜਕੀਆਂ ਦੇ 21 ਸਾਲ ਉਮਰ ਵਰਗ ਦੀ 5000 ਮੀਟਰ ਦੀ ਦੌੜ ਵਿੱਚ ਹਰਜੋਤ ਕੌਰ ਨੇ ਹਰਪ੍ਰੀਤ ਕੌਰ ਨੂੰ ਹਰਾਇਆ ਅਤੇ ਲੜਕਿਆਂ ਦੇ 50 ਸਾਲ ਤੋਂ ਵੱਧ ਉਮਰ ਦੀ 400 ਮੀਟਰ ਦੌੜ ਵਿੱਚ ਰਣਜੀਤ ਸਿੰਘ ਪਹਿਲੇ, ਅੱਛਰ ਸਿੰਘ ਦੂਜ਼ੇ ਅਤੇ ਕਮਾਲ ਤੀਜੇ ਸਥਾਨ ਤੇ ਰਿਹਾ। ਲੜਕਿਆਂ ਦੇ 14 ਸਾਲ ਉਮਰ ਵਰਗ ਦੇ ਹੈਂਡਬਾਲ ਦਾ ਮੁਕਾਬਲਾ ਹੈਂਡਬਾਲ ਕੋਚਿੰਗ ਸੈਂਟਰ ਸਲੇਮਪੁਰ ਦੀਟੀਮ ਨੇ ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸਕੂਲ ਦੀ ਟੀਮ ਨੂੰ 10--01 ਦੇ ਫਰਕ ਨਾਲ ਹਰਾਕੇ ਜਿੱਤਿਆ।
ਜਦੋਂ ਕਿ ਲੜਕੀਆਂ ਦਾ ਹੈਂਡਬਾਲ ਮੁਕਾਬਲਾ ਹੈਂਡਬਾਲ ਕੋਚਿੰਗ ਸੈਂਟਰ ਸਰਕਾਰੀ ਸੀਨੀਅਰ ਸਕੂਲ ਪੰਜੋਲੀ ਕਲਾਂ ਦੀ ਟੀਮ ਨੇ ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਦੀ ਟੀਮ ਨੂੰ ਮੈਚ ਦੇ ਪਹਿਲੇ ਰਾਊਂਡ ਵਿੱਚ ਹੀ 07-01 ਦੇ ਫਰਕ ਨਾਲ ਹਰਾ ਕੇ ਜਿੱਤਿਆ। ਲੜਕੀਆਂ ਦਾ 17 ਸਾਲ ਉਮਰ ਵਰਗ ਦੇ ਹੈਂਡਬਾਲ ਮੁਕਾਬਲਾ ਵਿੱਚ ਕੋਚਿੰਗ ਸੈਂਟਰ ਪੰਜੋਲੀ ਕਲਾਂ ਦੀ ਟੀਮ ਜੇਤੂ ਰਹੀ ਜਦੋਂ ਕਿ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਸਕੂਲ ਫ਼ਤਹਿਗੜ੍ਹ ਸਾਹਿਬ ਦੀ ਟੀਮ ਦੂਜੇ ਅਤੇ ਮੰਡੀ ਗੋਬਿੰਦਗੜ੍ਹ ਦੀ ਟੀਮ ਤੀਜੇ ਸਥਾਨ ਤੇ ਰਹੀ।
ਲੜਕੀਆਂ ਦੇ 14 ਸਾਲ ਉਮਰ ਵਰਗ ਦੇ ਹਾਕੀ ਮੁਕਾਬਲੇ ਵਿੱਚ ਐਮ.ਬੀ.ਸੀ.ਟੀ. ਬਸੀ ਪਠਾਣਾ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਦੀ ਟੀਮ ਨੂੰ ਹਰਾਇਆ।ਸ ਮੌਕੇ ਸ਼੍ਰੀ ਰਾਹੁਲਦੀਪ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਜੀ ਨੇ ਆਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀ ਲਖਵੀਰ ਸਿੰਘ (ਅਥਲੈਟਿਕਸ ਕੋਚ), ਸ਼੍ਰੀ ਰਮਨੀਕ ਅਹੂਜਾ(ਬਾਕਿਟਬਾਲ ਕੋਚ), ਸ਼੍ਰੀ ਕੁਲਵਿੰਦਰ ਸਿੰਘ (ਹੈਂਡਬਾਲ ਕੋਚ), ਸ਼੍ਰੀ ਮਨੀਸ਼ ਕੁਮਾਰ(ਹਾਕੀ ਕੋਚ), ਸ਼੍ਰੀ ਸੁਖਦੀਪ ਸਿੰਘ(ਫੁੱਟਬਾਲ ਕੋਚ), ਸ਼੍ਰੀ ਮਨੋਜ ਕੁਮਾਰ (ਜਿਮਨਾਸਟਿਕ ਕੋਚ), ਸ਼੍ਰੀ ਮਨਜੀਤ ਸਿੰਘ (ਕੁਸ਼ਤੀ ਕੋਚ), ਸ਼੍ਰੀ ਯਾਦਵਿੰਦਰ ਸਿੰਘ (ਵਾਲੀਬਾਲ ਕੋਚ), ਮਿਸ ਭੁਪਿੰਦਰ ਕੌਰ (ਅਥਲੈਟਿਕਸ ਕੋਚ), ਸ਼੍ਰੀਮਤੀ ਵੀਰਾਂ ਦੇਵੀ (ਖੋਹ-ਖੋਹ ਕੋਚ) ,ਸ਼੍ਰੀ ਮਨਦੀਪ ਸਿੰਘ , ਸਿੱਖਿਆ ਵਿਭਾਗ ਦੇ ਆਫੀਸੀਅਲਜ਼ ਸਹਿਬਾਨ ਅਤੇ ਸਮੂਹ ਸਟਾਫ਼ ਹਾਜ਼ਰ ਸੀ।