ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਅੱਜ ਬਾਗਬਾਨੀ ਵਿਭਾਗ ਕਪੂਰਥਲਾ ਵਲੋਂ ਜਿਲ੍ਹੇ ਦੇ ਲਗਭਗ 700 ਸਰਕਾਰੀ ਸਕੂਲਾਂ ਦੇ ਵਿਹੜੇ ਅੰਦਰ 7000 ਫਲਦਾਰ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਪੌਦਾ ਲਗਾ ਕੇ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਬਾਗਬਾਨੀ ਵਿਭਾਗ ਤੇ ਸਕੂਲੀ ਸਿੱਖਿਆ ਵਿਭਾਗ ਨੂੰ ਸਾਂਝੀਆਂ ਟੀਮਾਂ ਦਾ ਗਠਨ ਕਰਕੇ ਪੌਦਿਆਂ ਨੂੰ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਨੂੰ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 50 ਦੇ ਕਰੀਬ ਸਰਕਾਰੀ ਸਕੂਲਾਂ ਵਿੱਚ ਲਾਈਵ ਸਟੀਰਿੰਮਗ ਰਾਹੀਂ ਇਸ ਸਬੰਧੀ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਅਤੇ ਲਗਭਗ 650 ਸਰਕਾਰੀ ਸਕੂਲਾਂ ਵਿੱਚ ਫਲਦਾਰ ਬੂਟਿਆਂ ਦੀ ਪਲਾਂਟੇਸ਼ਨ ਕੀਤੀ ਗਈ। ਉਨ੍ਹਾਂ ਕਿਹਾ ਕਿ ਸਕੂਲੀ ਬੱਚੇ ਪੌਦੇ ਨੂੰ ਲਗਾ ਕੇ ਉਸ ਨੂੰ ਅਪਣਾਉਣ ਅਤੇ ਉਸ ਬੂਟੇ ਦੇ ਪਾਲਨ ਪੋਸ਼ਨ ਦੀ ਜ਼ਿੰਮੇਵਾਰੀ ਲੈਣ,ਜਿਸ ਨਾਲ ਬੱਚਿਆਂ ਅੰਦਰ ਵਾਤਾਵਰਨ ਸੰਭਾਲ ਸਬੰਧੀ ਜਾਗਰੂਕਤਾ ਪੈਦਾ ਹੋਵੇਗੀ।
ਬਾਗਬਾਨੀ ਵਿਭਾਗ ਵੱਲੋਂ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ 1.25 ਲੱਖ ਫਲਦਾਰ ਪੌਦੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਤਹਿਤ ਕਪੂਰਥਲਾ ਦੇ ਕਰੀਬ 700 ਸਰਕਾਰੀ ਸਕੂਲਾਂ ਅੰਦਰ 7000 ਫਲਦਾਰ ਪੌਦੇ ਲਗਾਏ ਜਾਣਗੇ। ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਮੁਹਿੰਮ ਦਾ ਆਗਾਜ਼ ਕਰਕੇ ਬਲਾਕ ਸੁਲਤਾਨਪੁਰ ਲੋਧੀ ਦੇ ਸਰਕਾਰੀ ਹਾਈ ਸਕੂਲ, ਹੈਬਤਪੁਰ ਵਿਖੇ ਏ.ਡੀ.ਓ ਡਾ. ਜਸਪਾਲ ਸਿੰਘ ਧੰਜੂ ਅਤੇ ਨਾਇਬ ਤਹਿਸੀਲਦਾਰ ਸੁਲਤਾਨਪੁਰ ਲੋਧੀ, ਸ੍ਰੀਮਤੀ ਸਵਪਨਦੀਪ ਕੌਰ ਨੇ ਪੌਦਾ ਲਗਾਇਆ।
ਇਸ ਮੌਕ ਉਪ ਡਾਇਰੈਕਟਰ ਬਾਗਬਾਨੀ, ਕਪੂਰਥਲਾ ਸ਼੍ਰੀ ਗੁਰਿੰਦਰ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਕਪੂਰਥਲਾ ਸ਼੍ਰੀ ਬਿਕਰਮਜੀਤ ਸਿੰਘ ਥਿੰਦ, ਉਪ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਕਪੂਰਥਲਾ ਸ਼੍ਰੀਮਤੀ ਨੰਦਾ ਧਵਨ, ਜਿਲ੍ਹਾ ਕੁਆਰਡੀਨੇਟਰ ਐਕਟੀਵਿਟੀ ਸ਼੍ਰੀ ਸ਼ੁਨੀਲ ਬਜਾਜ, ਬਾਗਬਾਨੀ ਵਿਕਾਸ ਅਫਸਰ ਕਪੂਰਥਲਾ ਮਨਪ੍ਰੀਤ ਕੌਰ, ਸਕੂਲ ਪ੍ਰਿਸੀਪਲ ਡਾ. ਤਜਿੰਦਰ ਪਾਲ ਤੇ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।