ਅਧਿਆਪਕ ਹੀ ਸਾਡੇ ਸਮਾਜ ਨੂੰ ਸਹੀ ਸੇਧ ਦੇ ਸਕਦੇ ਹਨ, ਇਸ ਲਈ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਅਧਿਆਪਕਾਂ ਨੂੰ ਬਣਦਾ ਮਾਣ ਸਨਮਾਨ ਦੇਈਏ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਸਿੱਖਿਆ ਵਿਭਾਗ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਟੀਮ, ਸਟੇਟ ਐਵਾਰਡੀ ਅਧਿਆਪਕਾਂ ਅਤੇ ਜ਼ਿਲ੍ਹੇ ਦੇ ਹੋਰ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਕਹੇ।
ਉਨ੍ਹਾਂ ਕਿਹਾ ਕਿ ਉਹ ਅੱਜ ਵੀ ਗਾਹੇ-ਬਗਾਹੇ ਆਪਣੇ ਅਧਿਆਪਕਾਂ ਦੇ ਘਰ ਜਾ ਕੇ ਜ਼ਰੂਰ ਮਿਲਦੇ ਹਨ, ਜਿਨ੍ਹਾਂ ਦੀ ਬਦੌਲਤ ਉਹ ਇਸ ਅਹੁਦੇ ’ਤੇ ਪਹੁੰਚੇ ਹਨ। ਉਨ੍ਹਾਂ ਇਹ ਵੀ ਕਿਹਾ ਅਧਿਆਪਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਡਿਊਟੀ ਪ੍ਰਤੀ ਸੰਜੀਦਾ ਹੋ ਕੇ ਆਪਣੀ ਜ਼ਿੰਮੇਂਵਾਰੀ ਨਿਭਾਉਣ ਅਤੇ ਆਪਣੇ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਇਸ ਤਰ੍ਹਾਂ ਬਣਾਉਣ ਕਿ ਉਹ ਜਿਸ ਸਮਾਜ ਵਿੱਚ ਵੀ ਵਿਚਰਣ, ਲੋਕ ਉਨ੍ਹਾਂ ਦੇ ਸੰਸਕਾਰਾਂ ਨੂੰ ਦੇਖ ਕੇ, ਉਨ੍ਹਾਂ ਦੇ ਅਧਿਆਪਕਾਂ ਨੂੰ ਯਾਦ ਕਰਨ।
ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਵਰਿੰਦਰ ਸਿੰਘ ਬੰਗਾ ਡੀ.ਐਮ. ਕੋਆਰਡੀਨੇਟਰ, ਨਰੇਸ਼ ਕੁਮਾਰ ਭਿ੍ਰਗੂ ਡੀ.ਐਮ. ਸਾਇੰਸ, ਜਤਿੰਦਰ ਕੁਮਾਰ ਡੀ.ਐਮ. ਹਿਸਾਬ, ਅਜੇ ਕੁਮਾਰ ਡੀ.ਐਮ. ਪੰਜਾਬੀ, ਰਜਨੀ ਸਰਮਾ ਡੀ.ਐਮ. ਹਿੰਦੀ, ਜਸਬੀਰ ਸਿੰਘ ਡੀ.ਐਮ. ਖੇਡਾਂ, ਪਰਵਿੰਦਰ ਸਿੰਘ ਭੰਗਲ, ਪੂਜਾ ਸ਼ਰਮਾ, ਮੀਨਾਕਸ਼ੀ ਭੱਲਾ, ਕਵਿਤਾ ਸਭਰਵਾਲ, ਨੀਰਜ ਕੁਮਾਰੀ (ਸਾਰੇ ਸਟੇਟ ਅਵਾਰਡੀ), ਵਿਪਨ ਕੁਮਾਰ ਕੋਆਰਡੀਨੇਟਰ ਵੋਕੇਸ਼ਨਲ, ਬਲਦੀਸ਼ ਕੁਮਾਰ ਜ਼ਿਲ੍ਹਾ ਗਾਈਡੈਂਸ ਕੌਂਸਲਰ, ਸਮੂਹ ਜ਼ਿਲ੍ਹਾ ਰਿਸੋਰਸ ਪਰਸਨਜ਼, ਸਮੂਹ ਬੀ.ਐਮ. ਅਤੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਕੁਲਵਿੰਦਰ ਸਿੰਘ ਸਰਾਏ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਹਮੇਸ਼ਾ ਅਧਿਆਪਕਾਂ ਦਾ ਸਤਿਕਾਰ ਰਿਹਾ ਹੈ, ਇਸ ਲਈ ਉਨ੍ਹਾਂ ਆਪਣੀ ਦਿਲੀ ਇੱਛਾ ਅਨੁਸਾਰ ਅਧਿਆਪਕਾਂ ਨੂੰ ਸਨਮਾਨ ਕਰਨ ਦੀ ਪ੍ਰਥਾ ਜ਼ਿਲ੍ਹੇ ਵਿਚ ਸ਼ੁਰੂ ਕੀਤੀ ਹੈ ਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਭਵਿੱਖ ਵਿਚ ਜ਼ਿਲ੍ਹੇ ਵਿਚ ਵਧੀਆ ਕੰਮ ਕਰਨ ਵਾਲੇ ਹੋਰ ਵੀ ਅਧਿਆਪਕ ਆਪਣੀ ਕਾਰਗੁਜ਼ਾਰੀ ਸਦਕਾ ਇਸ ਮਾਣ-ਸਨਮਾਨ ਦਾ ਹਿੱਸਾ ਬਣਦੇ ਰਹਿਣਗੇ। ਉਨ੍ਹਾਂ ਜ਼ਿਲ੍ਹੇ ਦੀਆਂ ਪ੍ਰਾਪਤੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਸਭ ਇਨ੍ਹਾਂ ਡੀ.ਐਮ./ਬੀ.ਐਮ. ਅਤੇ ਅਧਿਆਪਕਾਂ ਦੀ ਮਿਹਨਤ ਦਾ ਹੀ ਨਤੀਜਾ ਹੈ।
ਇਸ ਮੌਕੇ ਹਰਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿ.), ਅਮਰੀਕ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.), ਪਿ੍ਰੰਸੀਪਲ ਡਾ. ਸੁਰਿੰਦਰ ਪਾਲ ਅਗਨੀਹੋਤਰੀ ਇੰਚਾਰਜ ਜ਼ਿਲ੍ਹਾ ਸਿਖਿਆ ਸੁਧਾਰ ਟੀਮ, ਸਤਨਾਮ ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ, ਵਿਨੇ ਕੁਮਾਰ ਸ਼ਰਮਾ ਮੈਂਬਰ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ, ਨਿਰਮਲ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਆਦਿ ਸਮੇਤ ਸਮੂਹ ਡੀ.ਐਮ. ਤੇ ਬੀ.ਐਮ ਅਤੇ ਸਨਮਾਨਿਤ ਹੋਣ ਵਾਲੇ ਅਧਿਆਪਕ ਹਾਜ਼ਰ ਸਨ।